IPL 2023: ਗੇਂਦਬਾਜ਼ਾਂ ਦੇ ਦਮ 'ਤੇ ਜਿੱਤੀ RCB, LSG ਨੂੰ 18 ਦੌੜਾਂ ਨਾਲ ਹਰਾਇਆ
Monday, May 01, 2023 - 11:42 PM (IST)
ਸਪੋਰਟਸ ਡੈਸਕ: ਆਈ. ਪੀ. ਐੱਲ. ਵਿਚ ਅੱਜ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਲਖਨਊ ਸੁਪਰ ਜਾਇੰਟਸ ਦੀਆਂ ਟੀਮਾਂ ਆਹਮੋ ਸਾਹਮਣੇ ਸਨ। ਇਸ ਲੋਅ ਸਕੋਰਿੰਗ ਮੁਕਾਬਲੇ ਵਿਚ ਬੈਂਗਲੁਰੂ ਨੇ ਲਖਨਊ ਨੂੰ 18 ਦੌੜਾਂ ਨਾਲ ਹਰਾਇਆ। ਬੈਂਗਲੁਰੂ ਵੱਲੋਂ ਨਿਰਧਾਰਿਤ 20 ਓਵਰਾਂ ਵਿਚ ਦਿੱਤੇ 127 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਲਖਨਊ ਮਹਿਜ਼ 108 ਦੌੜਾਂ 'ਤੇ ਹੀ ਸਿਮਟ ਗਈ।
ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਲਖਨਊ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੈਂਗਲੁਰੂ ਨੂੰ ਘੱਟ ਦੌੜਾਂ ਤਕ ਹੀ ਸੀਮਤ ਰੱਖਿਆ। ਨਵੀਨ ਉਲ ਹੱਕ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿਚ 30 ਦੌੜਾਂ ਦੇ ਕੇ 3 ਵਿਕਟਾਂ ਆਪਣੇ ਨਾਂ ਕੀਤੀਆਂ। ਉੱਥੇ ਹੀ ਰਵੀ ਬਿਸ਼ਨੋਈ ਤੇ ਅਮਿਤ ਮਿਸ਼ਰਾ ਨੇ 2-2 ਤੇ ਗੌਤਮ ਨੇ 1 ਵਿਕਟ ਆਪਣੇ ਨਾਂ ਕੀਤੀ। ਬੈਂਗਲੁਰੂ ਵੱਲੋਂ ਸਲਾਮੀ ਬੱਲੇਬਾਜ਼ਾਂ ਫਾਫ ਡੂ ਪਲੇਸੀ (44) ਤੇ ਵਿਰਾਟ ਕੋਹਲੀ (31) ਤੋਂ ਇਲਾਵਾ ਹੋਰ ਕੋਈ ਵੀ ਬੱਲੇਬਾਜ਼ ਨਹੀਂ ਚੱਲ ਸਕਿਆ। ਇਸ ਤਰ੍ਹਾਂ ਲਖਨਊ ਦੇ ਗੇਂਦਬਾਜ਼ਾਂ ਨੇ ਬੈਂਗਲੁਰੂ ਨੂੰ 20 ਓਵਰਾਂ ਵਿਚ 126 ਦੌੜਾਂ 'ਤੇ ਹੀ ਰੋਕ ਲਿਆ।
ਇਹ ਖ਼ਬਰ ਵੀ ਪੜ੍ਹੋ - CBSE 10ਵੀਂ ਤੇ 12ਵੀਂ ਦੇ ਨਤੀਜੇ ਦੀ ਉਡੀਕ 'ਚ ਬੈਠੇ ਵਿਦਿਆਰਥੀਆਂ ਲਈ ਆਈ ਅਹਿਮ ਖ਼ਬਰ
ਛੋਟੇ ਟੀਚੇ ਦਾ ਬਚਾਅ ਕਰਨ ਉਤਰੀ ਬੈਂਗਲੁਰੂ ਦੀ ਟੀਮ ਨੂੰ ਗੇਂਦਬਾਜ਼ਾਂ ਨੇ ਬਹੁਤ ਚੰਗੀ ਸ਼ੁਰੂਆਤ ਦੁਆਈ। ਮੁਹੰਮਦ ਸਿਰਾਜ ਨੇ ਪਹਿਲੇ ਹੀ ਓਵਰ ਵਿਚ ਕਾਇਲ ਮਾਇਰਸ ਨੂੰ 0 'ਤੇ ਆਊਟ ਕਰ ਦਿੱਤਾ। ਲਖਨਊ ਵੱਲੋਂ ਕੋਈ ਵੀ ਬੱਲੇਬਾਜ਼ ਮੈਚ ਜਿਤਾਊ ਪਾਰੀ ਨਹੀਂ ਖੇਡ ਸਕਿਆ ਤੇ ਸਾਰੇ ਹੀ ਬੜੇ ਸਸਤੇ 'ਚ ਆਪਣੀ ਵਿਕਟ ਗੁਆ ਬੈਠੇ। ਕੇ. ਗੌਤਮ ਨੇ ਸਭ ਤੋਂ ਵੱਧ 23 ਦੌੜਾਂ ਬਣਾਈਆਂ। ਅਮਿਤ ਮਿਸ਼ਰਾ ਨੇ ਵੀ 20 ਦੌੜਾਂ ਦੀ ਅਜੇਤੂ ਪਾਰੀ ਖੇਡੀ। ਲਖਨਊ ਦੀ ਟੀਮ 20 ਓਵਰ ਵੀ ਪੂਰੇ ਨਹੀਂ ਖੇਡ ਸਕੀ ਤੇ 19.5 ਗੇਂਦਾਂ ਵਿਚ 108 ਦੌੜਾਂ ਬਣਾ ਕੇ ਸਿਮਟ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।