IPL 2023 : ਬੇਨ ਸਟੋਕਸ ਨੇ ਦਿੱਤਾ CSK ਨੂੰ ਝਟਕਾ, ਖ਼ਿਤਾਬ ਜਿੱਤਣਾ ਹੋ ਸਕਦੈ ਮੁਸ਼ਕਲ
Tuesday, Mar 28, 2023 - 06:10 PM (IST)
ਚੇਨਈ— ਹਰਫਨਮੌਲਾ ਬੇਨ ਸਟੋਕਸ ਨੇ ਆਈ.ਪੀ.ਐੱਲ.2023 ਦੀ ਸ਼ੁਰੂਆਤ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੂੰ ਵੱਡਾ ਝਟਕਾ ਦਿੱਤਾ ਹੈ। ਦਰਅਸਲ ਉਹ ਖੱਬੇ ਗੋਡੇ ਦੀ ਸੱਟ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਸ਼ੁਰੂਆਤੀ ਹਿੱਸੇ 'ਚ ਸਿਰਫ ਬੱਲੇਬਾਜ਼ ਦੇ ਤੌਰ 'ਤੇ ਹੀ ਖੇਡ ਸਕਦਾ ਹੈ। ਸਟੋਕਸ ਆਪਣੀ ਗੇਂਦਬਾਜ਼ੀ ਦੇ ਲਈ ਵੀ ਮਾਹਿਰ ਹੈ। ਉਸ ਦਾ ਗੇਂਦਬਾਜ਼ੀ ਨਾ ਕਰਨਾ ਹੁਣ ਸੀਐਸਕੇ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ ਕਿਉਂਕਿ ਸਟੋਕਸ ਦੀ ਦੋਹਰੀ ਭੂਮਿਕਾ ਟੀਮ ਲਈ ਮਹੱਤਵਪੂਰਨ ਸਾਬਤ ਹੋਣ ਵਾਲੀ ਸੀ। ਇਸ ਕਾਰਨ ਫ੍ਰੈਂਚਾਈਜ਼ੀ ਨੇ ਉਸ 'ਤੇ ਕਾਫੀ ਪੈਸਾ ਵੀ ਖਰਚ ਕੀਤਾ। ਈਐਸਪੀਐਨ ਕ੍ਰਿਕਇੰਫੋ ਦੀ ਇੱਕ ਰਿਪੋਰਟ ਦੇ ਅਨੁਸਾਰ, ਸਟੋਕਸ ਦੇ ਗੋਡੇ ਦੀ ਪੁਰਾਣੀ ਸੱਟ ਪਿਛਲੇ ਮਹੀਨੇ ਇੰਗਲੈਂਡ ਦੇ ਨਿਊਜ਼ੀਲੈਂਡ ਦੌਰੇ ਦੌਰਾਨ ਉਭਰ ਗਈ ਸੀ, ਜਿਸ ਕਾਰਨ ਉਸ ਨੇ ਦੋ ਟੈਸਟਾਂ ਵਿੱਚ ਸਿਰਫ਼ ਨੌਂ ਓਵਰ ਸੁੱਟੇ ਸਨ।
ਸਟੋਕਸ ਨੇ ਵੀ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਮੰਨਿਆ ਕਿ ਉਸ ਨੂੰ ਗੋਡੇ ਦੀ ਸੱਟ ਤੋਂ ਪਰੇਸ਼ਾਨੀ ਹੋ ਰਹੀ ਸੀ। ਈਐਸਪੀਐਨ ਕ੍ਰਿਕਇੰਫੋ ਮੁਤਾਬਕ ਸਟੋਕਸ ਦੇ ਗੋਡੇ ਦੀ ਰਿਪੋਰਟ ਆਮ ਵਾਂਗ ਹੈ ਪਰ ਉਸ ਨੇ ਇਸ ਸਮੱਸਿਆ ਲਈ 'ਕੋਰਟਿਸੋਨ ਇੰਜੈਕਸ਼ਨ' ਲਿਆ ਹੈ ਜਿਸ ਦੀ ਵਰਤੋਂ ਸੋਜ ਨੂੰ ਘੱਟ ਕਰਨ ਲਈ ਕੀਤੀ ਜਾਂਦੀ ਹੈ। ਈਐਸਪੀਐਨ ਕ੍ਰਿਕਇੰਫੋ ਨੇ ਸੁਪਰ ਕਿੰਗਜ਼ ਦੇ ਬੱਲੇਬਾਜ਼ੀ ਕੋਚ ਮਾਈਕਲ ਹਸੀ ਦੇ ਹਵਾਲੇ ਨਾਲ ਕਿਹਾ, "ਮੈਨੂੰ ਲੱਗਦਾ ਹੈ ਕਿ ਉਹ ਇੱਕ ਬੱਲੇਬਾਜ਼ ਵਜੋਂ ਖੇਡਣ ਲਈ ਤਿਆਰ ਹੈ।" ਸਾਨੂੰ ਗੇਂਦਬਾਜ਼ੀ ਦਾ ਇੰਤਜ਼ਾਰ ਕਰਨਾ ਹੋਵੇਗਾ। ਉਸ ਨੇ ਟੀਕਾ ਲੱਗਣ ਤੋਂ ਬਾਅਦ ਐਤਵਾਰ ਨੂੰ ਹਲਕੀ ਗੇਂਦਬਾਜ਼ੀ ਕੀਤੀ। ਉਨ੍ਹਾਂ ਕਿਹਾ, 'ਚੇਨਈ ਅਤੇ ਈਸੀਬੀ (ਇੰਗਲੈਂਡ ਕ੍ਰਿਕਟ ਬੋਰਡ) ਦੇ ਡਾਕਟਰ ਮਿਲ ਕੇ ਕੰਮ ਕਰ ਰਹੇ ਹਨ। ਉਹ ਸ਼ੁਰੂਆਤੀ ਮੈਚਾਂ 'ਚ ਜ਼ਿਆਦਾ ਗੇਂਦਬਾਜ਼ੀ ਨਹੀਂ ਕਰੇਗਾ। ਉਮੀਦ ਹੈ ਕਿ ਅਸੀਂ ਟੂਰਨਾਮੈਂਟ ਦੇ ਕੁਝ ਹਿੱਸੇ 'ਚ ਉਸ ਨੂੰ ਗੇਂਦਬਾਜ਼ੀ ਕਰਾ ਸਕਾਂਗੇ।
ਜ਼ਿਕਰਯੋਗ ਹੈ ਕਿ ਸੁਪਰ ਕਿੰਗਜ਼ ਨੇ ਦਸੰਬਰ 2022 'ਚ ਹੋਈ ਨਿਲਾਮੀ 'ਚ ਸਟੋਕਸ ਨੂੰ 16.25 ਕਰੋੜ ਰੁਪਏ ਦੀ ਕੀਮਤ 'ਤੇ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਇੰਗਲੈਂਡ ਦੇ ਟੈਸਟ ਕਪਤਾਨ ਸਟੋਕਸ ਪਿਛਲੇ ਹਫਤੇ ਭਾਰਤ ਆਉਣ ਤੋਂ ਬਾਅਦ ਆਪਣੀ ਨਵੀਂ ਟੀਮ ਨਾਲ ਅਭਿਆਸ ਕਰ ਰਹੇ ਹਨ। ਸਟੋਕਸ ਨੇ ਦੱਸਿਆ ਹੈ ਕਿ ਉਹ 1 ਜੂਨ ਤੋਂ ਆਇਰਲੈਂਡ ਦੇ ਖਿਲਾਫ ਸ਼ੁਰੂ ਹੋਣ ਵਾਲੇ ਟੈਸਟ ਅਤੇ 16 ਜੂਨ ਤੋਂ ਆਸਟ੍ਰੇਲੀਆ ਦੇ ਖਿਲਾਫ ਸ਼ੁਰੂ ਹੋਣ ਵਾਲੀ ਏਸ਼ੇਜ਼ ਟੈਸਟ ਸੀਰੀਜ਼ ਲਈ ਆਈਪੀਐਲ ਫਾਈਨਲ ਤੋਂ ਪਹਿਲਾਂ ਘਰ ਲਈ ਰਵਾਨਾ ਹੋਣਗੇ।
ਇਹ ਵੀ ਪੜ੍ਹੋ : IPL 2023 : ਨਿਤੀਸ਼ ਰਾਣਾ ਬਣੇ KKR ਦੇ ਕਪਤਾਨ, ਪਾਓ ਇਕ ਝਾਤ ਉਨ੍ਹਾਂ ਦੇ ਆਈਪੀਐੱਲ ਕਰੀਅਰ 'ਤੇ
ਸਾਬਕਾ ਆਸਟਰੇਲੀਆਈ ਬੱਲੇਬਾਜ਼ ਹਸੀ ਨੇ ਸਟੋਕਸ ਦੇ ਏਸ਼ੇਜ਼ 'ਚ ਭਾਗ ਲੈਣ 'ਤੇ ਕਿਹਾ, 'ਮੈਂ ਚਾਹੁੰਦਾ ਹਾਂ ਕਿ ਬੇਨ ਸਟੋਕਸ ਪੂਰੀ ਤਰ੍ਹਾਂ ਫਿੱਟ ਰਹੇ ਅਤੇ ਏਸ਼ੇਜ਼ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰੇ। ਫਰੈਂਚਾਇਜ਼ੀ ਬਹੁਤ ਹੀ ਪੇਸ਼ੇਵਰ ਹੈ ਅਤੇ ਸਾਰੇ ਰਾਸ਼ਟਰੀ ਬੋਰਡਾਂ ਨਾਲ ਮਿਲ ਕੇ ਕੰਮ ਕਰਦੀ ਹੈ। ਮੈਂ ਜਾਣਦਾ ਹਾਂ ਕਿ ਸਾਡੇ ਫਿਜ਼ੀਓ ECB ਦੇ ਫਿਜ਼ੀਓ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਦੋਵੇਂ ਟੀਮਾਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਅਤੇ ਇਕ-ਦੂਜੇ ਨੂੰ ਸਖ਼ਤ ਟੱਕਰ ਦੇਣ। ਆਈਪੀਐਲ ਦੀ ਸ਼ੁਰੂਆਤ 31 ਮਾਰਚ ਨੂੰ ਸੁਪਰ ਕਿੰਗਜ਼ ਅਤੇ ਗੁਜਰਾਤ ਜਾਇੰਟਸ ਵਿਚਾਲੇ ਮੈਚ ਨਾਲ ਹੋਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।