IPL 2023 : ਮਜ਼ਬੂਤ ਆਰਸੀਬੀ ਨੂੰ ਹਰਾਉਣ ਲਈ ਰਾਜਸਥਾਨ ਰਾਇਲਜ਼ ਦੇ ਮੱਧਕ੍ਰਮ ਨੂੰ ਕਰਨਾ ਪਵੇਗਾ ਚੰਗਾ ਪ੍ਰਦਰਸ਼ਨ

Sunday, Apr 23, 2023 - 10:11 AM (IST)

IPL 2023 : ਮਜ਼ਬੂਤ ਆਰਸੀਬੀ ਨੂੰ ਹਰਾਉਣ ਲਈ ਰਾਜਸਥਾਨ ਰਾਇਲਜ਼ ਦੇ ਮੱਧਕ੍ਰਮ ਨੂੰ ਕਰਨਾ ਪਵੇਗਾ ਚੰਗਾ ਪ੍ਰਦਰਸ਼ਨ

ਬੈਂਗਲੁਰੂ– ਆਈਪੀਐੱਲ 2023 ਦਾ 32ਵਾਂ ਮੈਚ ਅੱਜ ਰਾਜਸਥਾਨ ਰਾਇਲਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦਰਮਿਆਨ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਦੁਪਹਿਰ 3.30 ਵਜੇ ਖੇਡਿਆ ਜਾਵੇਗਾ। ਅੰਕ ਸੂਚੀ ਵਿਚ ਚੋਟੀ ’ਤੇ ਚੱਲ ਰਹੀ ਰਾਜਸਥਾਨ ਰਾਇਲਜ਼ ਦੀ ਟੀਮ ਨੂੰ ਜੇਕਰ ਆਈ. ਪੀ. ਐੱਲ. ਵਿਚ ਫਿਰ ਤੋਂ ਜਿੱਤ ਦੇ ਰਸਤੇ ’ਤੇ ਪਰਤਣਾ ਹੈ ਤਾਂ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੀ ਮਜ਼ਬੂਤ ਟੀਮ ਵਿਰੁੱਧ ਉਸਦੇ ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਰਾਜਸਥਾਨ ਰਾਇਲਜ਼ ਅਜੇ ਤਕ 4 ਜਿੱਤਾਂ ਤੇ 2 ਹਾਰ ਨਾਲ 8 ਅੰਕ ਲੈ ਕੇ ਅੰਕ ਸੂਚੀ ਵਿਚ ਚੋਟੀ ’ਤੇ ਬਣੀ ਹੋਈ ਹੈ ਜਦਕਿ ਆਰ. ਸੀ. ਬੀ. ਦੀ ਟੀਮ ਮਜ਼ਬੂਤ ਹੋਣ ਦੇ ਬਾਵਜੂਦ ਨਿਰੰਤਰ ਇਕੋ ਜਿਹਾ ਪ੍ਰਦਰਸ਼ਨ ਨਹੀਂ ਕਰ ਸਕੀ ਤੇ ਉਹ ਤਿੰਨ ਜਿੱਤਾਂ ਤੇ ਇੰਨੇ ਹੀ ਮੈਚਾਂ ਵਿਚੋਂ ਹਾਰ ਨਾਲ ਪੰਜਵੇਂ ਸਥਾਨ ’ਤੇ ਹੈ।

ਰਾਜਸਥਾਨ ਦੀ ਟੀਮ ਪਿਛਲੇ ਮੈਚ ਵਿਚ ਲਖਨਊ ਸੁਪਰ ਜਾਇੰਟਸ ਵਿਰੁੱਧ ਆਪਣੇ ਪ੍ਰਦਰਸ਼ਨ ’ਤੇ ਕਾਫੀ ਮੰਥਨ ਕਰ ਰਹੀ ਹੋਵੇਗੀ। ਉਸਦੇ ਸਾਹਮਣੇ 155 ਦੌੜਾਂ ਦਾ ਟੀਚਾ ਸੀ ਅਤੇ ਯਸ਼ਸਵੀ ਜਾਇਸਵਾਲ (44) ਤੇ ਜੋਸ ਬਟਲਰ (40) ਨੇ ਪਹਿਲੀ ਵਿਕਟ ਲਈ 87 ਦੌੜਾਂ ਜੋੜ ਕੇ ਉਸ ਨੂੰ ਚੰਗੀ ਸ਼ੁਰੂਆਤ ਦਿਵਾਈ ਸੀ ਪਰ ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਨਾ ਚੱਲ ਸਕਣ ਕਾਰਨ ਉਸ ਨੂੰ 10 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਾਇਸਵਾਲ ਤੇ ਬਟਲਰ ਦੇ ਰੂਪ ਵਿਚ ਰਾਜਸਥਾਨ ਕੋਲ ਬਿਹਤਰੀਨ ਸਲਾਮੀ ਜੋੜੀ ਹੈ ਤੇ ਇਹ ਦੋਵੇਂ ਆਪਣਾ ਯੋਗਦਾਨ ਵੀ ਦੇ ਰਹੇ ਹਨ ਪਰ ਰਾਜਸਥਾਨ ਲਈ ਮੱਧਕ੍ਰਮ ਦੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : IPL 2023: ਕਪਤਾਨ ਸੈਮ ਕਰਨ ਤੋਂ ਬਾਅਦ ਅਰਸ਼ਦੀਪ ਦਾ ਜ਼ਬਰਦਸਤ ਪ੍ਰਦਰਸ਼ਨ, ਪੰਜਾਬ ਨੇ ਮੁੰਬਈ ਨੂੰ ਹਰਾਇਆ

ਕਪਤਾਨ ਸੰਜੂ ਸੈਮਸਨ ਤੇ ਸ਼ਿਮਰੋਨ ਹੈੱਟਮਾਇਰ ਦੌੜਾਂ ਬਣਾ ਰਹੇ ਹਨ ਪਰ ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨ ਵਿਚ ਨਿਰੰਤਰਤਾ ਲਿਆਉਣ ਦੀ ਲੋੜ ਹੈ। ਦੇਵਦੱਤ ਪੱਡੀਕਲ ਤੇ ਰਿਆਨ ਪ੍ਰਾਗ ਉਮੀਦਾਂ ’ਤੇ ਖਰਾ ਨਹੀਂ ਉਤਰ ਪਾ ਰਹੇ ਹਨ, ਜਿਸ ਨਾਲ ਰਾਜਸਥਾਨ ਦੀ ਪ੍ਰੇਸ਼ਾਨੀ ਵਧ ਗਈ ਹੈ। ਤਜਰਬੇਕਾਰ ਟ੍ਰੇਂਟ ਬੋਲਟ ਤੇ ਸੰਦੀਪ ਸ਼ਰਮਾ ਦੇ ਰੂਪ ਵਿਚ ਰਾਜਸਥਾਨ ਕੋਲ ਤੇਜ਼ ਗੇਂਦਬਾਜ਼ੀ ਦੀ ਚੰਗੀ ਜੋੜੀ ਹੈ ਪਰ ਫਾਫ ਡੂ ਪਲੇਸਿਸ ਤੇ ਵਿਰਾਟ ਕੋਹਲੀ ਦੀ ਬਿਹਤਰੀਨ ਫਾਰਮ ’ਚ ਚੱਲ ਰਹੀ ਸਲਾਮੀ ਜੋੜੀ ਦੇ ਸਾਹਮਣੇ ਉਸਦੀ ਸਖਤ ਪ੍ਰੀਖਿਆ ਹੋਵੇਗੀ। ਸਪਿਨ ਵਿਭਾਗ ਵਿਚ ਆਰ. ਅਸ਼ਵਿਨ ਨੇ ਆਪਣੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਕੀਤਾ ਹੈ ਪਰ ਯੁਜਵੇਂਦਰ ਚਾਹਲ ਮਹਿੰਗਾ ਸਾਬਤ ਹੋਇਆ ਹੈ ਤੇ ਉਸ ਨੂੰ ਇਸ ’ਤੇ ਗੌਰ ਕਰਨੀ ਪਵੇਗੀ।

ਰਾਜਸਥਾਨ ਦੀ ਤਰ੍ਹਾਂ ਆਰ. ਸੀ. ਬੀ. ਕੋਲ ਡੂ ਪਲੇਸਿਸ ਤੇ ਕੋਹਲੀ ਦੇ ਰੂਪ ਵਿਚ ਬਿਹਤਰੀਨ ਸਲਾਮੀ ਜੋੜੀ ਹੈ, ਜਿਸ ਨੇ ਅਜੇ ਤਕ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਹੈ। ਇਹ ਦੋਵੇਂ ਅਜੇ ਤਕ ਦੋ ਸੈਂਕੜੇ ਵਾਲੀਆਂ ਸਾਂਝੇਦਾਰੀਆਂ ਨਿਭਾਅ ਚੁੱਕੇ ਹਨ ਤੇ ਫਿਰ ਤੋਂ ਵੱਡੀ ਸਾਂਝੇਦਾਰੀ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ। ਪਲੇਸਿਸ ਤੇ ਕੋਹਲੀ ਨੇ ਇਸ ਵਿਚਾਲੇ ਚਾਰ-ਚਾਰ ਅਰਧ ਸੈਂਕੜੇ ਲਾਏ ਹਨ। ਕੋਹਲੀ ਨੂੰ ਹਾਲਾਂਕਿ ਆਪਣੀ ਸਟ੍ਰਾਈਕ ਰੇਟ ਬਿਹਤਰ ਕਰਨ ਦੀ ਲੋੜ ਹੈ। ਗਲੇਨ ਮੈਕਸਵੈੱਲ ਨੇ ਲੰਬੀ ਸ਼ਾਟ ਖੇਡਣ ਦੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ ਪਰ ਉਸ ਵਿਚ ਨਿਰੰਤਰਤਾ ਦੀ ਘਾਟ ਹੈ।

ਇਹ ਵੀ ਪੜ੍ਹੋ : ਧੋਨੀ ਨੇ ਦਿੱਤਾ IPL ਤੋਂ ਸੰਨਿਆਸ ਦਾ ਸੰਕੇਤ, ਕਿਹਾ- ਕਰੀਅਰ ਦੇ ਆਖ਼ਰੀ ਪੜਾਅ 'ਚ ਹਰ ਚੀਜ਼ ਦਾ ਆਨੰਦ ਲੈਣਾ ਚਾਹੀਦੈ

ਆਰ. ਸੀ. ਬੀ. ਨੂੰ ਇਸਦੇ ਨਾਲ ਹੀ ਮੱਧਕ੍ਰਮ ਵਿਚ ਦਿਨੇਸ਼ ਕਾਰਤਿਕ, ਮਹਿਪਾਲ ਲੋਮਰੋਰ, ਸ਼ਾਹਬਾਜ਼ ਅਹਿਮਦ ਤੇ ਸੂਯਸ਼ ਪ੍ਰਭੂਦੇਸਾਈ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ। ਆਰ. ਸੀ. ਬੀ. ਦਾ ਗੇਂਦਬਾਜ਼ੀ ਹਮਲਾ ਮਜ਼ਬੂਤ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਬਿਹਤਰੀਨ ਫਾਰਮ ਵਿਚ ਚੱਲ ਰਿਹਾ ਹੈ। ਉਸ ਨੇ ਹੁਣ ਤਕ 6 ਮੈਚਾਂ ਵਿਚੋਂ 12 ਵਿਕਟਾਂ ਲਈਆਂ ਹਨ, ਜਿਨ੍ਹਾਂ ਵਿਚ ਪਿਛਲੇ ਮੈਚ ਵਿਚ 21 ਦੌੜਾਂ ਦੇ ਕੇ 4 ਵਿਕਟਾਂ ਵੀ ਸ਼ਾਮਲ ਹਨ। ਆਰ. ਸੀ. ਬੀ. ਦੇ ਸਪਿਨ ਵਿਭਾਗ ਦੀ ਜ਼ਿੰਮੇਵਾਰੀ ਸ਼੍ਰੀਲੰਕਾ ਦੇ ਵਾਨਿੰਦੂ ਹਸਰੰਗਾ ’ਤੇ ਹੈ ਜਿਸ ਨੇ ਅਜੇ ਤਕ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News