CSK vs LSG : ਲਖਨਊ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ
Friday, Apr 01, 2022 - 12:20 AM (IST)
ਮੁੰਬਈ (ਏਜੰਸੀਆਂ)–ਇਵਨ ਲੂਈਸ ਤੇ ਕਵਿੰਟਨ ਡੀ ਕੌਕ ਦੇ ਅਰਧ ਸੈਂਕੜਿਆਂ ਨਾਲ ਲਖਨਊ ਸੁਪਰ ਜਾਇੰਟਸ ਨੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਵੀਰਵਾਰ ਨੂੰ ਇੱਥੇ ਸਾਬਕਾ ਚੈਂਪੀਅਨ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਇਸ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਸੁਪਰ ਕਿੰਗਜ਼ ਵਲੋਂ ਦਿੱਤੇ 211 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸੁਪਰ ਜਾਇੰਟਸ ਨੇ ਲੂਈਸ (ਅਜੇਤੂ 55) ਤੇ ਡੀ ਕੌਕ (61) ਦੇ ਅਰਧ ਸੈਂਕੜਿਆਂ ਨਾਲ 3 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ ’ਤੇ 211 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਡੀ ਕੌਕ ਨੇ ਕਪਤਾਨ ਲੋਕੇਸ਼ ਰਾਹੁਲ (40) ਨਾਲ ਪਹਿਲੀ ਵਿਕਟ ਲਈ 99 ਦੌੜਾਂ ਜੋੜ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ, ਜਿਸ ਤੋਂ ਬਾਅਦ ਲੂਈਸ ਨੇ ਆਯੁਸ਼ ਬਾਦੋਨੀ (9 ਗੇਂਦਾਂ ’ਤੇ ਅਜੇਤੂ 19) ਦੇ ਨਾਲ 5 ਵਿਕਟਾਂ ਲਈ ਸਿਰਫ 2.1 ਓਵਰਾਂ ਵਿਚ 40 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਟੀਮ ਨੂੰ ਟੀਚੇ ਤਕ ਪਹੁੰਚਾਇਆ। ਡਵੇਨ ਪ੍ਰਿਟੋਰੀਅਸ ਨੇ 31 ਦੌੜਾਂ ਦੇ ਕੇ 2 ਵਿਕਟਾਂ ਲਈਆਂ ਪਰ ਸੁਪਰ ਕਿੰਗਜ਼ ਨੂੰ ਲਗਾਤਾਰ ਦੂਜੀ ਹਾਰ ਤੋਂ ਨਹੀਂ ਬਚਾ ਸਕਿਆ। ਇਸ ਦੌਰਾਨ ਬ੍ਰਾਵੋ ਪ੍ਰਿਟੋਰੀਅਸ ਦੀ ਵਿਕਟ ਲੈ ਕੇ ਆਈ. ਪੀ.ਐੱਲ. ਦਾ ਸਭ ਤੋਂ ਸਫਲ ਗੇਂਦਬਾਜ਼ ਵੀ ਬਣ ਗਿਆ। ਇਹ ਆਈ. ਪੀ. ਐੱਲ. ਵਿਚ ਉਸਦੀ 171 ਵਿਕਟ ਸੀ। ਇਸ ਤੋਂ ਪਹਿਲਾਂ ਇਹ ਰਿਕਾਰਡ ਲਸਿਥ ਮਲਿੰਗਾ ਦੇ ਨਾਂ (170 ਵਿਕਟਾਂ) ਦਰਜ ਸੀ।
ਇਹ ਵੀ ਪੜ੍ਹੋ : ਕੂੜ ਪ੍ਰਚਾਰ ਨੂੰ ਲੈ ਕੇ ਬ੍ਰਿਟੇਨ ਨੇ ਰੂਸੀ ਮੀਡੀਆ 'ਤੇ ਲਾਈਆਂ ਪਾਬੰਦੀਆਂ
ਸੁਪਰ ਜਾਇੰਟਸ ਨੂੰ ਆਖਰੀ ਦੋ ਓਵਰਾਂ ਵਿਚ 34 ਦੌੜਾਂ ਦੀ ਲੋੜ ਸੀ। ਗੇਂਦਬਾਜ਼ੀ ਲਈ ਦੂਬੇ ਉਤਰਿਆਤੇ ਬਦੋਨੀ ਨੇ ਪਹਿਲੀ ਹੀ ਗੇਂਦ ’ਤੇ ਛੱਕਾ ਲਾ ਦਿੱਤਾ। ਲੂਈਸ ਨੇ ਵੀ ਓਵਰ ਦੀਆਂ ਆਖਰੀ ਤਿੰਨ ਗੇਂਦਾਂ ’ਤੇ 2 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 23 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਇਸ ਓਵਰ ਵਿਚ 25 ਦੌੜਾਂ ਬਣੀਆਂ। ਆਖਰੀ ਓਵਰ ਵਿਚ ਸੁਪਰ ਜਾਇੰਟਸ ਨੂੰ ਸਿਰਫ 9 ਦੌੜਾਂ ਦੀ ਲੋੜ ਸੀ। ਬਦੋਨੀ ਨੇ ਚੌਧਰੀ ’ਤੇ ਛੱਕਾ ਤੇ ਫਿਰ ਇਕ ਦੌੜ ਦੇ ਨਾਲ ਟੀਮ ਨੂੰ ਜਿੱਤ ਦਿਵਾ ਦਿੱਤੀ। ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਦੇ ਦਮ ’ਤੇ ਵੱਡਾ ਸਕੋਰ ਖੜ੍ਹਾ ਕੀਤਾ। ਉਥੱਪਾ ਨੇ ਤਾਬੜਤੋੜ ਅੰਦਾਜ਼ ਵਿਚ ਖੇਡਦੇ ਹੋਏ ਪਹਿਲੀ ਗੇਂਦ ਤੋਂ ਹੀ ਲਖਨਊ ਦੇ ਗੇਂਦਬਾਜ਼ਾਂ ਨੂੰ ਲੰਮੇ ਹੱਥੀਂ ਲਿਆ। ਰਿਤੂਰਾਜ ਗਾਇਕਵਾੜ ਹਾਲਾਂਕਿ ਇਕ ਦੌੜ ਬਣਾ ਕੇ ਰਨ ਆਊਟ ਹੋ ਗਿਆ। 28 ਦੇ ਸਕੋਰ ’ਤੇ ਗਾਇਕਵਾੜ ਦੀ ਵਿਕਟ ਡਿੱਗਣ ਤੋਂ ਬਾਅਦ ਉਥੱਪਾ ਨੇ ਮੋਇਨ ਅਲੀ ਦੇ ਨਾਲ ਮਿਲ ਕੇ ਪਾਰੀ ਨੂੰ ਉਸੇ ਲੈਅ ਵਿਚ ਇਕੱਠੇ ਅੱਗੇ ਵਧਾਇਆ। ਦੋਵਾਂ ਬੱਲੇਬਾਜ਼ਾਂ ਨੇ ਧਮਾਕੇਦਾਰ ਅੰਦਾਜ਼ ਵਿਚ ਬੱਲੇਬਾਜ਼ੀ ਕਰਦਿਆਂ ਦੂਜੀ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕੀਤੀ।
ਉਥੱਪਾ ਹਾਲਾਂਕਿ 8ਵੇਂ ਓਵਰ ਵਿਚ ਰਵੀ ਬਿਸ਼ਨੋਈ ਦੀ ਗੇਂਦ ’ਤੇ ਵੱਡੀ ਸ਼ਾਟ ਲਾਉਣ ਦੇ ਚੱਕਰ ਵਿਚ ਐੱਲ. ਬੀ. ਡਬਲਯੂ. ਆਊਟ ਹੋ ਗਿਆ। 84 ਦੇ ਸਕੋਰ ’ਤੇ ਦੂਜੀ ਵਿਕਟ ਡਿੱਗਣ ਤੋਂ ਬਾਅਦ ਮੋਇਨ ਨੇ ਜ਼ਿੰਮੇਵਾਰੀ ਸੰਭਾਲੀ। ਉੱਥੇ ਹੀ ਦੂਜੇ ਪਾਸੇ ਸ਼ਿਵਮ ਦੂਬੇ ਨੇ ਵੀ ਹਮਲਾਵਰ ਰੁਖ ਅਪਣਾਇਆ ਤੇ ਤੇਜ਼ੀ ਨਲਾ ਦੌੜਾਂ ਬਣਾਈਆਂ। 106 ਦੇ ਸਕੋਰ ’ਤੇ ਮੋਇਨ ਦੇ ਰੂਪ ਵਿਚ ਚੇਨਈ ਦੀ ਤੀਜੀ ਵਿਕਟ ਡਿੱਗੀ। ਇਸ ਤੋਂ ਬਾਅਦ ਦੂਬੇ ਨੇ ਅੰਬਾਤੀ ਰਾਇਡੂ ਦੇ ਨਾਲ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ ਚੌਥੀ ਵਿਕਟ ਲਈ 60 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। 166 ਦੇ ਸਕੋਰ ’ਤੇ ਰਾਇਡੂ ਦੇ ਆਊਟ ਹੋਣ ਤੋਂ ਬਾਅਦ 189 ਦੇ ਸਕੋਰ ’ਤੇ ਦੂਬੇ ਨੇ ਵੀ ਆਪਣੀ ਵਿਕਟ ਗੁਆ ਦਿੱਤੀ। ਉਹ ਹਾਲਾਂਕਿ ਇਕ ਦੌੜ ਨਾਲ ਅਰਧ ਸੈਂਕੜੇ ਤੋਂ ਖੁੰਝ ਗਿਆ। ਫਿਰ ਅੰਤ ਵਿਚ ਕਪਤਾਨ ਰਵਿੰਦਰ ਜਡੇਜਾ ਤੇ ਧੋਨੀ ਨੇ ਛੋਟੀਆਂ ਪਰ ਤੂਫਾਨ ਪਾਰੀਆਂ ਦੇ ਦਮ ’ਤੇ ਟੀਮ ਨੂੰ 210 ਦੇ ਸਕੋਰ ’ਤੇ ਪਹੁੰਚਾਇਆ। ਲਖਨਊ ਵਲੋਂ ਰਵੀ ਬਿਸ਼ਨੋਈ, ਆਵੇਸ਼ ਖਾਨ ਤੇ ਐਂਡ੍ਰਿਊ ਟਾਏ ਨੇ 2-2 ਵਿਕਟਾਂ ਲਈਆਂ।
ਪਲੇਇੰਗ ਇਲੈਵਨ
ਲਖਨਊ ਸੁਪਰ ਜਾਇੰਟਸ : ਕੇ.ਐੱਲ. ਰਾਹੁਲ (ਕਪਤਾਨ), ਕਵਿੰਟਨ ਡੀ ਕਾਕ (ਵਿਕੇਟਕੀਪਰ), ਐਵਿਨ ਲੁਈਸ, ਮਨੀਸ਼ ਪਾਂਡੇ, ਕੁਣਾਲ ਪੰਡਯਾ, ਦੀਪਕ ਹੁੱਡਾ, ਆਯੁਸ਼ ਬਡੋਨੀ, ਅਵੇਸ਼ ਖਾਨ, ਮੋਹਸਿਨ ਖਾਨ, ਰਵੀ ਬਿਸ਼ਨੋਈ, ਦੁਸ਼ਮੰਥਾ ਚਮੀਰਾ।
ਚੇਨਈ ਸੁਪਰ ਕਿੰਗਰਸ : ਰੁਤੁਰਾਜ ਗਾਇਕਵਾੜ, ਡੇਵੋਨ ਕਾਨਵੇ, ਰਾਬਿਨ ਉੱਥਪਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ (ਕਪਤਾਨ), ਐੱਮ.ਐੱਸ. ਧੋਨੀ (ਵਿਕੇਟਕੀਪਰ), ਸ਼ਿਵਮ ਦੁਬੇ, ਮੋਈਨ ਅਲੀ, ਡਵੇਨ ਬ੍ਰਾਵੋ, ਐਡਮ ਮਿਲਨੇ, ਤੁਸ਼ਾਰ ਦੇਸ਼ਪਾਂਡੇ।
ਇਹ ਵੀ ਪੜ੍ਹੋ : ਹਾਂਗਕਾਂਗ ਦੀ ਅਦਾਲਤ ਤੋਂ ਬ੍ਰਿਟੇਨ ਦੇ ਜੱਜਾਂ ਨੇ ਦਿੱਤਾ ਅਸਤੀਫ਼ਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ