IPL 2022: ਮੋਈਨ ਅਲੀ ਨੂੰ ਮਿਲਿਆ ਭਾਰਤ ਦਾ ਵੀਜ਼ਾ, CSK ਦੇ ਦੂਜੇ ਮੈਚ ਲਈ ਰਹਿਣਗੇ ਉਪਲੱਬਧ

Thursday, Mar 24, 2022 - 01:28 PM (IST)

IPL 2022: ਮੋਈਨ ਅਲੀ ਨੂੰ ਮਿਲਿਆ ਭਾਰਤ ਦਾ ਵੀਜ਼ਾ, CSK ਦੇ ਦੂਜੇ ਮੈਚ ਲਈ ਰਹਿਣਗੇ ਉਪਲੱਬਧ

ਨਵੀਂ ਦਿਲੀ (ਭਾਸ਼ਾ)- ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ) ਦੇ ਸਟਾਰ ਆਲਰਾਊਂਡਰ ਮੋਈਨ ਅਲੀ ਨੂੰ ਭਾਰਤ ਦੀ ਵੀਜ਼ਾ ਮਿਲ ਗਿਆ ਹੈ ਅਤੇ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਆਪਣੀ ਟੀਮ ਦੇ ਦੂਜੇ ਮੈਚ ਵਿਚ ਚੋਣ ਲਈ ਉਪਲੱਬਧ ਰਹਿਣਗੇ। ਫਰੈਂਚਾਇਜ਼ੀ ਦੇ ਸੀ.ਈ.ਓ. ਕਾਸ਼ੀ ਵਿਸ਼ਵਨਾਥਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇੰਗਲੈਂਡ ਦਾ ਇਹ ਖਿਡਾਰੀ ਹਾਲਾਂਕਿ ਵੀਰਵਾਰ ਨੂੰ ਮੁੰਬਈ ਪਹੁੰਚ ਜਾਵੇਗਾ ਪਰ ਉਨ੍ਹਾਂ ਨੂੰ ਆਪਣੀ ਟੀਮ ਨਾਲ ਜੁੜਨ ਤੋਂ ਪਹਿਲਾਂ 3 ਦਿਨ ਤੱਕ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਅਤੇ ਇਸ ਕਾਰਨ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ) ਖ਼ਿਲਾਫ਼ ਸ਼ਨੀਵਾਰ ਨੂੰ ਹੋਣ ਵਾਲੇ ਪਹਿਲੇ ਮੈਚ ਵਿਚ ਨਹੀਂ ਖੇਡ ਸਕਣਗੇ। ਵਿਸ਼ਵਨਾਥਨ ਨੇ ਕਿਹਾ, 'ਮੋਈਨ ਨੂੰ ਵੀਜ਼ਾ ਮਿਲ ਗਿਆ ਹੈ ਅਤੇ ਉਹ ਅੱਜ ਮੁੰਬਈ ਪਹੁੰਚ ਜਾਣਗੇ। ਉਹ 3 ਦਿਨ ਦਾ ਇਕਾਂਵਾਸ ਪੂਰਾ ਕਰਨ ਤੋਂ ਬਾਅਦ ਦੂਜੇ ਮੈਚ ਲਈ ਉਪਲੱਬਧ ਰਹਿਣਗੇ।'

ਪਾਕਿਸਤਾਨੀ ਮੂਲ ਦੇ ਖਿਡਾਰੀਆਂ ਲਈ ਵੀਜ਼ਾ ਦੇ ਤੈਅ ਮਾਪਦੰਡਾਂ ਕਾਰਨ ਉਨ੍ਹਾਂ ਨੂੰ ਵੀਜ਼ਾ ਮਿਲਣ ਵਿਚ ਦੇਰੀ ਹੋਈ। ਮੋਈਨ ਦੇ ਦਾਦਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਇੰਗਲੈਂਡ ਚਲੇ ਗਏ ਸਨ ਪਰ ਮੋਈਨ ਦਾ ਜਨਮ ਇੰਗਲੈਂਡ ਵਿਚ ਹੋਇਆ ਹੈ ਅਤੇ ਉਹ ਅਕਸਰ ਹੀ ਭਾਰਤ ਆਉਂਦੇ ਰਹਿੰਦੇ ਹਨ। ਆਈ.ਪੀ.ਐੱਲ. ਦਾ ਪਹਿਲਾ ਮੈਚ ਸ਼ਨੀਵਾਰ ਨੂੰ ਵਾਨਖੇੜੇ ਸਟੇਡੀਅਮ ਵਿਚ 4 ਵਾਰ ਦੇ ਚੈਂਪੀਅਨ ਸੀ.ਐੱਸ.ਕੇ. ਅਤੇ ਪਿਛਲੇ ਸਾਲ ਦੇ ਉਪ-ਜੇਤੂ ਕੇ.ਕੇ.ਆਰ. ਵਿਚਾਲੇ ਖੇਡਿਆ ਜਾਵੇਗਾ। ਸੀ.ਐੱਸ.ਕੇ. ਨੂੰ ਆਪਣਾ ਦੂਜਾ ਮੈਚ 31 ਮਾਰਚ ਨੂੰ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ ਖੇਡਣਾ ਹੈ। 
 


author

cherry

Content Editor

Related News