ਸੀ. ਐੱਸ. ਕੇ. ਨਾਲ ਜੁੜਿਆ ਜਡੇਜਾ, ਬਣ ਸਕਦੈ ਉਪ-ਕਪਤਾਨ

Sunday, Mar 28, 2021 - 12:32 PM (IST)

ਮੁੰਬਈ (ਵਾਰਤਾ)– ਆਸਟਰੇਲੀਆ ਦੌਰੇ ’ਤੇ ਜ਼ਖ਼ਮੀ ਹੋਇਆ ਭਾਰਤ ਦਾ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਆਪਣੀ ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਕੈਂਪ ਵਿਚ ਸ਼ਾਮਲ ਹੋ ਗਿਆ ਹੈ, ਜਿਹੜਾ ਮੌਜੂਦਾ ਸਮੇਂ ਵਿਚ ਮੁੰਬਈ ਵਿਚ ਚੱਲ ਰਿਹਾ ਹੈ। ਟੀਮ ਅਗਲੇ ਮਹੀਨੇ ਸ਼ੁਰੂ ਹੋ ਰਹੇ ਆਈ. ਪੀ. ਐੱਲ. 2021 ਸੈਸ਼ਨ ਲਈ ਟ੍ਰੇਨਿੰਗ ਤੇ ਤਿਆਰੀਆਂ ਕਰ ਰਹੀ ਹੈ।

ਅੰਗੂਠੇ ਦੀ ਸੱਟ ਤੋਂ ਉਭਰਿਆ ਜਡੇਜਾ ਲੰਬੀ ਕ੍ਰਿਕਟ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਿਹਾ ਹੈ। ਭਾਰਤ ਦੇ ਇਸ ਆਲਰਾਊਂਡਰ ਖਿਡਾਰੀ ਨੂੰ ਜਨਵਰੀ 2021 ਵਿਚ ਆਸਟਰੇਲੀਆ ਵਿਰੁੱਧ ਸਿਡਨੀ ਟੈਸਟ ਵਿਚ ਖੱਬੇ ਹੱਥ ਦੇ ਅੰਗੂਠੇ ਵਿਚ ਗੰਭੀਰ ਫ੍ਰੈਕਚਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਤੋਂ ਬਾਅਦ ਤੋਂ ਉਹ ਕ੍ਰਿਕਟ ਨਹੀਂ ਖੇਡ ਸਕਿਆ ਸੀ। ਇਸ ਦੇ ਕਾਰਣ ਉਸ ਨੂੰ ਇੰਗਲੈਂਡ ਵਿਰੁੱਧ ਪੂਰੀ ਲੜੀ ਤੋਂ ਬਾਹਰ ਹੋਣਾ ਪਿਆ ਸੀ। ਇੱਥੋਂ ਤਕ ਕਿ ਆਈ. ਪੀ. ਐੱਲ. ਵਿਚ ਉਸ ਦੀ ਉਪਲੱਬਧਤਾ ’ਤੇ ਵੀ ਸ਼ੱਕ ਬਣ ਗਿਆ ਸੀ ਪਰ ਜਡੇਜਾ ਉਮੀਦ ਤੋਂ ਪਹਿਲਾਂ ਸੱਟ ਤੋਂ ਉੱਭਰ ਕੇ ਸੀ. ਐੱਸ. ਕੇ. ਦੇ ਨਾਲ ਜੁੜਨ ਲਈ ਮੁੰਬਈ ਪਹੁੰਚ ਗਿਆ ਹੈ।

ਸੀ. ਐੱਸ. ਕੇ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕਾਸ਼ੀ ਵਿਸ਼ਵਨਾਥਨ ਨੇ ਕਿਹਾ,‘‘ਜਡੇਜਾ ਚੰਗੀ ਸਥਿਤੀ ਵਿਚ ਲੱਗ ਰਿਹਾ ਹੈ ਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਉਹ ਪਹਿਲੇ ਮੁਕਾਬਲੇ ਵਿਚ ਉਪਲੱਬਧ ਹੋਵੇ।’’ ਵਿਸ਼ਵਨਾਥਨ ਨੇ ਟੀਮ ਦੇ ਉਪ ਕਪਤਾਨ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘‘ਅਸੀਂ ਟੂਰਨਾਮੈਂਟ ਦੇ ਇਕਦਮ ਨਜ਼ਦੀਕ ਆਉਣ ’ਤੇ ਉਪ ਕਪਤਾਨ ਚੁਣਾਂਗੇ। ਸੁਰੇਸ਼ ਰੈਨਾ ਨੂੰ ਅਜੇ ਤੱਕ ਦੁਬਾਰਾ ਉਪ-ਕਪਤਾਨ ਐਲਾਨ ਨਹੀਂ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਾਲ 2008 ਵਿਚ ਆਈ. ਪੀ. ਐੱਲ. ਦੇ ਪਹਿਲੇ ਸੈਸ਼ਨ ਤੋਂ ਹੀ ਰੈਨਾ ਸੀ. ਐੱਸ. ਕੇ. ਦੇ ਉਪ-ਕਪਤਾਨ ਦੀ ਭੂਮਿਕਾ ਨਿਭਾ ਰਿਹਾ ਹੈ ਪਰ ਇਸ ਵਾਰ ਜਡੇਜਾ ਨੂੰ ਟੀਮ ਦੇ ਉਪ ਕਪਤਾਨ ਦਾ ਸੰਭਾਵਿਤ ਉਮੀਦਵਾਰ ਮੰਨਿਆ ਜਾ ਰਿਹਾ ਹੈ। ਰੈਨਾ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ ਵਿਚ ਆਈ. ਪੀ. ਐੱਲ. ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿੱਜੀ ਕਾਰਣਾਂ ਦੇ ਕਾਰਣ ਵਾਪਸ ਵਤਨ ਆ ਗਿਆ ਸੀ।


cherry

Content Editor

Related News