IPL 2021 : MI v CSK : ਕੈਪਟਨ ਕੂਲ ਤੇ ਹਿੱਟਮੈਨ ਵਿਚਾਲੇ ਹੋਵੇਗੀ ਜ਼ਬਰਦਸਤ ਟੱਕਰ
Saturday, May 01, 2021 - 02:10 PM (IST)
ਸਪੋਰਟਸ ਡੈਸਕ : ਆਪਣੀ ਮੁਹਿੰਮ ਨੂੰ ਪੱਟੜੀ ’ਤੇ ਚੜ੍ਹਾਉਣ ਲਈ ਬੇਤਾਬ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਸ਼ਨੀਵਾਰ ਨੂੰ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 27ਵੇਂ ਮੈਚ ’ਚ ਚੇਨਈ ਸੁਪਰ ਕਿੰਗਜ਼ ਦੀ ਜੇਤੂ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ। ਯੂ. ਏ. ਈ. ਵਿਚ ਪਿਛਲੇ ਸਾਲ ਖੇਡੇ ਗਏ ਟੂਰਨਾਮੇਂਟ ’ਚ ਪਲੇਅਆਫ ’ਚ ਜਗ੍ਹਾ ਬਣਾਉਣ ’ਚ ਨਾਕਾਮ ਰਹੀ ਚੇਨਈ ਇਸ ਵਾਰ ਬਦਲੇ ਇਰਾਦਿਆਂ ਨਾਲ ਮੈਦਾਨ ’ਚ ਉਤਰੀ ਹੈ ਤੇ ਪਹਿਲਾ ਮੈਚ ਗੁਆਉਣ ਤੋਂ ਬਾਅਦ ਉਸ ਨੇ ਲਗਾਤਾਰ ਪੰਜ ਮੈਚਾਂ ’ਚ ਜਿੱਤ ਹਾਸਲ ਕੀਤੀ ਹੈ। ਇਸ ਨਾਲ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਪੁਆਇੰਟਸ ਟੇਬਲ ’ਚ 10 ਅੰਕ ਲੈ ਕੇ ਟਾਪ ’ਤੇ ਹੈ।
ਮੁੰਬਈ ਇੰਡੀਅਨਜ਼ ਦਾ ਪ੍ਰਦਰਸ਼ਨ ਹੁਣ ਤਕ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ। ਉਸ ਨੇ ਛੇ ਮੈਚਾਂ ’ਚੋਂ ਸਿਰਫ ਤਿੰਨ ’ਚ ਜਿੱਤ ਹਾਸਲ ਕੀਤੀ ਹੈ ਪਰ ਫ਼ਿਰੋਜ਼ਸ਼ਾਹ ਕੋਟਲਾ ’ਚ ਹੀ ਖੇਡੇ ਗਏ ਪਿਛਲੇ ਮੈਚ ’ਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਸੱਤ ਵਿਕਟਾਂ ਦੀ ਜਿੱਤ ਨਾਲ ਟੀਮ ਦਾ ਮਨੋਬਲ ਵਧਿਆ ਹੋਵੇਗਾ ਪਰ ਉਸ ਦਾ ਸਾਹਮਣਾ ਹੁਣ ਹਰ ਖੇਤਰ ’ਚ ਚੰਗਾ ਪ੍ਰਦਰਸ਼ਨ ਕਰ ਰਹੀ ਚੇਨਈ ਨਾਲ ਹੈ। ਧੋਨੀ ਦੀ ਟੀਮ ਨੇ ਵੀ ਮੁੰਬਈ ਵਾਂਗ ਦਿੱਲੀ ਪੜਾਅ ਦੀ ਚੰਗੀ ਸ਼ੁਰੂਆਤ ਕਰ ਕੇ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਮੈਚ ਦਾ ਨਤੀਜਾ ਕਾਫ਼ੀ ਹੱਦ ਤਕ ਦੋਵਾਂ ਟੀਮਾਂ ਦੇ ਟਾਪ ਆਰਡਰ ਦੇ ਪ੍ਰਦਰਸ਼ਨ ’ਤੇ ਨਿਰਭਰ ਕਰੇਗਾ।
ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਚੰਗੀ ਸ਼ੁਰੂਆਤ ਕੀਤੀ ਪਰ ਵੱਡੇ ਸਕੋਰ ਬਣਾਉਣ ’ਚ ਮਾਹਿਰ ‘ਹਿੱਟਮੈਨ’ ਮੌਜੂਦਾ ਆਈ. ਪੀ. ਐੱਲ. ’ਚ ਹੁਣ ਤਕ ਆਪਣਾ ਜਲਵਾ ਦਿਖਾ ਨਹੀਂ ਸਕਿਆ ਹੈ।ਮੁੰਬਈ ਨੇ ਜੇ ਚੇਨਈ ਦੀ ਜੇਤੂ ਮੁਹਿੰਮ ਰੋਕਣੀ ਹੈ ਤਾਂ ਉਸ ਨੂੰ ਦੀਪਕ ਚਾਹਰ, ਸੈਮ ਕਰਨ ਤੇ ਰਵਿੰਦਰ ਜਡੇਜਾ ਵਰਗੇ ਗੇਂਦਬਾਜ਼ਾਂ ਦੀ ਅਨੁਸ਼ਾਸਿਤ ਗੇਂਦਬਾਜ਼ੀ ਸਾਹਮਣੇ ਆਪਣਾ ਸਰਵਸ੍ਰੇਸ਼ਠ ਹੁਨਰ ਦਿਖਾਉਣਾ ਹੋਵੇਗਾ। ਚੇਨਈ ਦੇ ਮਿਡਲ ਆਰਡਰ ਦੀ ਹੁਣ ਤਕ ਖਾਸ ਪ੍ਰੀਖਿਆ ਨਹੀਂ ਹੋਈ ਹੈ ਕਿਉਂਕਿ ਫਾਫ ਡੂ ਪਲੇਸਿਸ ਤੇ ਰੂਤੁਰਾਜ ਗਾਇਕਵਾੜ ਨੇ ਪਿਛਲੇ ਕੁਝ ਮੈਚਾਂ ’ਚ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾ ਕੇ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਹੈ।
ਇਨ੍ਹਾਂ ਦੋਵਾਂ ਲਈ ਟੇ੍ਰਂਟ ਬੋਲਟ ਤੇ ਜਸਪ੍ਰੀਤ ਬੁਮਰਾਹ ਸਾਹਮਣੇ ਆਪਣੀ ਵਧੀਆ ਫਾਰਮ ਬਣਾਈ ਰੱਖਣਾ ਚੁਣੌਤੀ ਹੋਵੇਗੀ। ਬੋਲਟ ਤੇ ਬੁਮਰਾਹ ਡੈੱਥ ਓਵਰਾਂ ’ਚ ਵੀ ਵਧੀਆ ਸਾਬਿਤ ਹੋਏ ਹਨ।
ਚੇਨਈ ਸੁਪਰ ਕਿੰਗਜ਼ ਦੀ ਸੰਭਾਵਿਤ ਪਲੇਇੰਗ ਇਲੈਵਨ-
ਫਾਫ ਡੂ ਪਲੇਸਿਸ, ਰੂਤੁਰਾਜ ਗਾਇਕਵਾੜ, ਮੋਇਨ ਅਲੀ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਐੱਮ. ਐੱਸ. ਧੋਨੀ (ਕਪਤਾਨ), ਸੈਮ ਕਰਨ, ਸ਼ਾਰਦੁਲ ਠਾਕੁਰ, ਦੀਪਕ ਚਾਹਰ ਤੇ ਲੁੰਗੀ ਐਂਗਿਡੀ/ਇਮਰਾਨ ਤਾਹਿਰ।
ਮੁੰਬਈ ਇੰਡੀਅਨਜ਼ ਦੀ ਸੰਭਾਵਿਤ ਪਲੇਇੰਗ ਇਲੈਵਨ-
ਕਵਿੰਟਨ ਡੀਕਾਕ, ਰੋਹਿਤ ਸ਼ਰਮਾ (ਕਪਤਾਨ), ਸੂਰਯਕੁਮਾਰ ਯਾਦਵ, ਕੀਰੋਨ ਪੋਲਾਰਡ, ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਜਯੰਤ ਯਾਦਵ, ਨਾਥਨ ਕੂਲਟਰ ਨਾਇਲ, ਰਾਹੁਲ ਚਾਹਰ, ਜਸਪ੍ਰੀਤ ਬੁਮਰਾਹ ਤੇ ਟੇ੍ਰਂਟ ਬੋਲਟ।