IPL 2021 : ਜਾਣੋ ਅਪਡੇਟਿਡ ਪੁਆਇੰਟ ਟੇਬਲ, ਆਰੇਂਜ ਤੇ ਪਰਪਲ ਕੈਪ ਲਿਸਟ ਬਾਰੇ
Wednesday, Oct 06, 2021 - 01:46 PM (IST)
ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਖ਼ਿਲਾਫ਼ ਮੰਗਲਵਾਰ ਨੂੰ ਕਰੋ ਜਾਂ ਮਰੋ ਦੇ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ 8 ਵਿਕਟਾਂ ਨਾਲ ਜਿੱਤ ਦਰਜ ਕਰਦੇ ਹੋਏ ਪਲੇਅ ਆਫ਼ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਇਸੇ ਦੇ ਨਾਲ ਹੀ ਮੁੰਬਈ ਦੀ ਸਥਿਤੀ ਵੀ ਮਜ਼ਬੂਤ ਹੋ ਗਈ ਹੈ। ਮੁੰਬਈ ਦੇ 13 ਮੈਚਾਂ 'ਚ 6 ਜਿੱਤ ਦੇ ਨਾਲ 12 ਅੰਕ ਹੋ ਗਏ ਹਨ ਤੇ ਉਹ ਦੋ ਸਥਾਨ ਉੱਪਰ ਪੰਜਵੇਂ 'ਤੇ ਆ ਗਈ ਹੈ।
ਕੋਲਾਕਾਤਾ ਨਾਈਟ ਰਾਈਡਰਜ਼ ਦੇ ਵੀ 13 ਮੈਚਾਂ 'ਚ 6 ਜਿੱਤ ਦੇ ਨਾਲ 12 ਅੰਕ ਹਨ ਤੇ ਉਹ ਟਾਪ 4 'ਚ ਬਣੀ ਹੋਈ ਹੈ। ਹੁਣ ਜੇਕਰ ਮੁੰਬਈ ਪਲੇਅ ਆਫ ਦੇ ਲਈ ਕੁਆਲੀਫ਼ਾਈ ਕਰਨਾ ਹੈ ਤਾਂ ਉਸ ਨੂੰ ਅਗਲੀ ਜਿੱਤ ਦੇ ਨਾਲ ਕੇ. ਕੇ. ਆਰ. ਦੀ ਹਾਰ ਦੀ ਵੀ ਕਾਮਨਾ ਕਰਨੀ ਹੋਵੇਗੀ। ਰਾਜਸਥਾਨ ਰਾਇਲਜ਼ 13 ਮੈਚਾਂ 'ਚ 5 ਜਿੱਤ ਦੇ ਨਾਲ 10 ਅੰਕ ਲੈ ਕੇ ਸਤਵੇਂ ਸਥਾਨ 'ਤੇ ਹੈ ਜਦਕਿ ਪੰਜਾਬ ਇੰਨੇ ਹੀ ਅੰਕਾਂ ਦੇ ਨਾਲ ਛੇਵੇਂ ਸਥਾਨ 'ਤੇ ਹੈ। ਆਖ਼ਰੀ ਸਥਾਨ 'ਤੇ ਸਨਰਾਈਜ਼ਰਜ਼ ਹੈਦਰਾਬਾਦ ਹੈ ਜਿਸ ਦੇ 12 ਮੈਚਾਂ 'ਚ 2 ਜਿੱਤ ਦੇ ਨਾਲ 4 ਅੰਕ ਹਨ।
ਚੋਟੀ ਦੇ ਤਿੰਨ 'ਚ ਦਿੱਲੀ ਕੈਪੀਟਲਸ (20 ਅੰਕ), ਚੇਨਈ ਸੁਪਰਕਿੰਗਜ਼ (18 ਅੰਕ) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (16 ਅੰਕ) ਹਨ ਤੇ ਇਹ ਤਿੰਨੇ ਟੀਮਾਂ ਪਹਿਲਾਂ ਹੀ ਪਲੇਅ ਆਫ਼ 'ਚ ਆਪਣੀ ਜਗ੍ਹਾ ਬਣਾ ਚੁੱਕੀਆਂ ਹਨ।
ਆਰੇਂਜ ਕੈਪ
ਆਰੇਂਜ ਕੈਪ ਲਿਸਟ 'ਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਹੈ। ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ 528 ਦੌੜਾਂ ਦੇ ਨਾਲ ਆਰੇਂਜ ਕੈਪ ਹੋਲਡ ਕੀਤੇ ਹੋਏ ਹਨ। ਰਿਤੂਰਾਜ ਗਾਇਕਵਾੜ 521 ਦੌੜਾਂ ਦੇ ਨਾਲ ਦੂਜੇ ਤੇ ਸ਼ਿਖਰ ਧਵਨ 501 ਦੌੜਾਂ ਦੇ ਨਾਲ ਤੀਜੇ ਸਥਾਨ 'ਤੇ ਹਨ। ਸੰਜੂ ਸੈਮਸਨ 483 ਦੌੜਾਂ ਦੇ ਨਾਲ ਚੌਥੇ ਤੇ ਫਾਫ ਡੁਪਲੇਸਿਸ 470 ਦੌੜਾਂ ਦੇ ਨਾਲ ਪੰਜਵੇਂ ਸਥਾਨ 'ਤੇ ਹਨ।
ਪਰਪਲ ਕੈਪ
ਜਸਪ੍ਰੀਤ ਬੁਮਰਾਹ ਨੇ ਰਾਜਸਥਾਨ ਖ਼ਿਲਾਫ਼ ਦੋ ਵਿਕਟਾਂ ਹਾਸਲ ਕੀਤੀਆਂ ਤੇ 19 ਵਿਕਟਾਂ ਦੇ ਨਾਲ ਤੀਜੇ ਸਥਾਨ 'ਤੇ ਆ ਗਏ ਹਨ ਪਰ ਪਰਪਲ ਕੈਪ ਅਜੇ ਵੀ ਆਰ. ਸੀ. ਬੀ. ਦੇ ਹਰਸ਼ਲ ਪਟੇਲ ਦੇ ਕੋਲ ਹੈ ਜਿਨ੍ਹਾਂ ਦੀਆਂ ਇਸ ਸੀਜ਼ਨ 'ਚ ਅਜੇ ਤਕ 26 ਵਿਕਟਾਂ ਹਨ। ਦੂਜੇ ਸਥਾਨ 'ਤੇ ਦਿੱਲੀ ਦੇ ਅਵੇਸ਼ ਖ਼ਾਨ (22), ਚੌਥੇ 'ਤੇ ਪੰਜਾਬ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ (18 ਵਿਕਟਾਂ) ਤੇ ਪੰਜਵੇਂ ਸਥਾਨ 'ਤੇ ਅਰਸ਼ਦੀਪ ਸਿੰਘ (16) ਹਨ।