IPL 2021 : ਕੈਚ ਖੁੰਝਣ ਦੇ ਬਾਅਦ ਡਵੇਨ ਬ੍ਰਾਵੋ ''ਤੇ ਭੜਕੇ ਧੋਨੀ, ਵੇਖੋ ਵੀਡੀਓ

Monday, Sep 20, 2021 - 06:11 PM (IST)

IPL 2021 : ਕੈਚ ਖੁੰਝਣ ਦੇ ਬਾਅਦ ਡਵੇਨ ਬ੍ਰਾਵੋ ''ਤੇ ਭੜਕੇ ਧੋਨੀ, ਵੇਖੋ ਵੀਡੀਓ

ਦੁਬਈ- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਖੇਡੇ ਜਾ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਦੂਜੇ ਪੜਾਅ 'ਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੇ ਜਿੱਤ ਨਾਲ ਸ਼ੁਰੂਆਤ ਕੀਤੀ। ਸੀ. ਐੱਸ. ਕੇ. ਨੇ ਓਪਨਰ ਬੱਲੇਬਾਜ਼ ਰਿਤੂਰਾਜ ਗਾਇਕਵਾੜ ਦੀ ਅਜੇਤੂ 88 ਦੌੜਾਂ ਦੀ ਪਾਰੀ ਦੀ ਬਦੌਲਤ ਮੁੰਬਈ ਇੰਡੀਅਨਜ਼ ਨੂੰ 20 ਦੌੜਾਂ ਨਾਲ ਹਰਾਇਆ ਤੇ ਪੁਆਇੰਟ ਟੇਬਲ 'ਚ ਪਹਿਲੇ ਨੰਬਰ 'ਤੇ ਜਗ੍ਹਾ ਬਣਾਈ। ਜਿੱਥੇ ਮੈਚ ਦੇ ਦੌਰਾਨ ਰਿਤੂਰਾਜ ਦੀ ਪਾਰੀ ਦੀ ਚਰਚਾ ਰਹੀ ਤਾਂ ਉੱਥੇ ਹੀ ਕਪਤਾਨ ਮਹਿੰਦਰ ਸਿੰਘ ਧੋਨੀ ਇਕ ਵਾਰ ਫਿਰ ਆਪਣਾ ਆਪਾ ਗੁਆਉਂਦੇ ਦਿਸੇ। ਧੋਨੀ ਨੂੰ ਡਵੇਨ ਬ੍ਰਾਵੋ 'ਤੇ ਭੜਕਦੇ ਹੋਏ ਦੇਖਿਆ ਗਿਆ।

ਕੈਪਟਨ ਕੂਲ ਦੇ ਨਾਂ ਨਾਲ ਜਾਣੇ ਜਾਂਦੇ ਧੋਨੀ ਉਸ ਸਮੇਂ ਬ੍ਰਾਵੋ 'ਤੇ ਭੜਕਦੇ ਹੋਏ ਨਜ਼ਰ ਆਏ ਜਦੋਂ ਬ੍ਰਾਵੋ ਕਾਰਨ ਧੋਨੀ ਦੁਚਿੱਤੀ 'ਚ ਪੈ ਗਏ ਤੇ ਕੈਚ ਖੁੰਝ ਗਿਆ। ਇਹ ਮਾਮਲਾ ਮੁੰਬਈ ਇੰਡੀਅਨਜ਼ ਦੀ ਪਾਰੀ ਦੇ ਦੌਰਾਨ 18ਵੇਂ ਓਵਰ ਦਾ ਸੀ। ਇਸ ਦੌਰਾਨ ਦੀਪਕ ਚਾਹਰ ਗੇਂਦਬਾਜ਼ੀ ਕਰ ਰਹੇ ਸਨ ਤੇ ਸਟ੍ਰਾਈਕ 'ਤੇ ਸੌਰਭ ਤਿਵਾਰੀ ਖੜ੍ਹੇ ਸਨ। ਜਦੋਂ ਚਾਹਰ ਨੇ 18ਵੇਂ ਓਵਰ ਦੀ ਚੌਥੀ ਗੇਂਦ ਪਾਈ ਤਾਂ ਤਿਵਾਰੀ ਨੇ ਵਿਕਟ ਦੇ ਪਿੱਛੋਂ ਸ਼ਾਟ ਖੇਡਿਆ। ਇਸ ਦੌਰਾਨ ਗੇਂਦ ਬੱਲੇ ਦੇ ਐਜ ਨਾਲ ਟਕਰਾ ਕੇ ਵਿਕਟ ਦੇ ਪਿੱਛੇ ਵੱਲ ਬਹੁਤ ਉੱਪਰ ਗਈ। ਇੰਨੇ 'ਚ ਧੋਨੀ ਦੌੜਦੇ ਹੋਏ ਆਏ ਪਰ ਬ੍ਰਾਵੋ ਕਾਰਨ ਦੁਚਿੱਤੀ 'ਚ ਪੈ ਗਏ ਤੇ ਕੈਚ ਛੁੱਟ ਗਿਆ।

ਕੈਚ ਛੁੱਟਣ ਦੇ ਬਾਅਦ ਧੋਨੀ ਬ੍ਰਾਵੋ 'ਤੇ ਗ਼ੁੱਸਾ ਕਰਦੇ ਹੋਏ ਨਜ਼ਰ ਆਏ। ਇਸ ਦੌਰਾਨ ਇਸ਼ਾਰੇ 'ਚ ਬ੍ਰਾਵੋ ਨੂੰ ਪੁੱਛਿਆ ਕਿ ਇਹ ਕੀ ਹੈ। ਹਾਲਾਂਕਿ ਉਨ੍ਹਾਂ ਨੇ ਬ੍ਰਾਵੋ ਨੂੰ ਜ਼ਿਆਦਾ ਕੁਝ ਨਹੀਂ ਕਿਹਾ ਪਰ ਧੋਨੀ ਦੇ ਚਿਹਰੇ 'ਤੇ ਗ਼ੁੱਸਾ ਸਾਫ਼ ਦਿਖਾਈ ਦੇ ਰਿਹਾ ਸੀ। ਜਦਕਿ ਦੂਜੇ ਪਾਸੇ ਬ੍ਰਾਵੋ ਧੋਨੀ ਦੇ ਗ਼ੁੱਸੇ ਤੋਂ ਬਚਦੇ ਨਜ਼ਰ ਆ ਰਹੇ ਸਨ ਤੇ ਇਸ ਤੋਂ ਬਾਅਦ ਬ੍ਰਾਵੋ ਧੋਨੀ ਤੋਂ ਨਜ਼ਰਾਂ ਬਚਾਉਂਦੇ ਹੋਏ ਦਿਖਾਈ ਦਿੱਤੇ।


author

Tarsem Singh

Content Editor

Related News