IPL 2021: ਪਿਛਲੇ ਸਾਲ ਦੀ ਅਸਫਲਤਾ ਨੂੰ ਭੁਲਾ ਕੇ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗੀ ਚੇਨਈ ਸੁਪਰ ਕਿੰਗਜ਼

Friday, Apr 02, 2021 - 10:49 AM (IST)

IPL 2021: ਪਿਛਲੇ ਸਾਲ ਦੀ ਅਸਫਲਤਾ ਨੂੰ ਭੁਲਾ ਕੇ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗੀ ਚੇਨਈ ਸੁਪਰ ਕਿੰਗਜ਼

ਚੇਨਈ (ਭਾਸ਼ਾ) – ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਪਿਛਲੇ ਸਾਲ ਦੀ ਅਸਫਲਤਾ ਨੂੰ ਭੁਲਾ ਕੇ ਇਸ ਵਾਰ ਦਮਦਾਰ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਸੰਯੁਕਤ ਅਰਬ ਅਮੀਰਾਤ ਵਿਚ ਖੇਡੇ ਗਏ 2020 ਦੇ ਟੂਰਨਾਮੈਂਟ ਵਿਚ 3 ਵਾਰ ਦੀ ਚੈਂਪੀਅਨ ਸੀ. ਐੱਸ. ਕੇ. ਪਲੇਅ ਆਫ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੀ ਸੀ। ਇਹ ਟੂਰਨਾਮੈਂਟ ਦੇ ਇਤਿਹਾਸ ਵਿਚ ਪਹਿਲਾ ਮੌਕਾ ਸੀ ਜਦਕਿ ਧੋਨੀ ਦੀ ਟੀਮ ਪਲੇਅ ਆਫ ਵਿਚ ਜਗ੍ਹਾ ਨਹੀਂ ਬਣਾ ਸਕੀ ਸੀ। ਟੀਮ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. ਵਿਚ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਲਈ ਉਤਰੇਗੀ। ਉਸਦਾ ਪਹਿਲਾ ਮੈਚ 10 ਅਪ੍ਰੈਲ ਨੂੰ ਮੁੰਬਈ ਵਿਚ ਦਿੱਲੀ ਕੈਪੀਟਲਸ ਨਾਲ ਹੋਵੇਗਾ।

ਸੀ. ਐੱਸ. ਕੇ. ਦਾ ਮਜ਼ਬੂਤ ਪੱਖ ਉਸਦੇ ਕੋਲ ਤਜਰਬੇਕਾਰ ਖਿਡਾਰੀਆਂ ਦਾ ਹੋਣਾ ਹੈ ਜਿਹੜੇ ਮੁਸ਼ਕਿਲ ਹਾਲਾਤ ਵਿਚ ਟੀਮ ਦੀ ਕਿਸ਼ਤੀ ਪਾਰ ਲਗਾਉਂਦੇ ਰਹੇ ਹਨ। ਧੋਨੀ ਦੀ ਪ੍ਰੇਰਣਾਇਕ ਅਗਵਾਈ ਟੀਮ ਦਾ ਇਕ ਹੋਰ ਹਾਂ-ਪੱਖੀ ਪਹਿਲੂ ਹੈ। ਸੁਰੇਸ਼ ਰੈਨਾ ਦੀ ਵਾਪਸੀ ਨਾਲ ਉਸਦੀ ਬੱਲੇਬਾਜ਼ੀ ਮਜ਼ਬੂਤ ਹੋਈ ਹੈ। ਪਿਛਲੇ ਸਾਲ ਉਸਦੇ ਬੱਲੇਬਾਜ਼ ਨਹੀਂ ਚੱਲ ਸਕੇ ਸਨ। ਰੈਨਾ ਤੋਂ ਇਲਾਵਾ ਫਾਫ ਡੂ ਪਲੇਸਿਸ, ਧੋਨੀ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਸੈਮ ਕਿਊਰੇਨ, ਮੋਇਨ ਅਲੀ ਤੇ ਰਿਤੂਰਾਜ ਗਾਇਕਵਾੜ ਵਰਗੇ ਖਿਡਾਰੀਆਂ ਦੀ ਮੌਜੂਦਗੀ ਵਿਚ ਸੀ. ਐੱਸ. ਕੇ. ਦੀ ਬੱਲੇਬਾਜ਼ੀ ਮਜ਼ਬੂਤ ਨਜ਼ਰ ਆਉਂਦੀ ਹੈ। ਉਸਦਾ ਗੇਂਦਬਾਜ਼ੀ ਹਮਲਾ ਵੀ ਚੰਗਾ ਹੈ, ਜਿਸ ਵਿਚ ਲੂੰਗੀ ਇਨਗਿਡੀ, ਸ਼ਾਰਦੁਲ ਠਾਕੁਰ, ਸੈਮ ਕਿਊਰੇਨ, ਇਮਰਾਨ ਤਾਹਿਰ, ਜਡੇਜਾ ਤੇ ਦੀਪਕ ਚਾਹਰ ਵਰਗੇ ਗੇਂਦਬਾਜ਼ ਹਨ।

ਸੀ. ਐੱਸ. ਕੇ. ਦੀ ਟੀਮ ਵਿਚ ਉਮਰਦ੍ਰਾਜ਼ ਖਿਡਾਰੀ ਹਨ ਤੇ ਕ੍ਰਿਕਟ ਦੇ ਤੇਜਤਰਾਰ ਸਵਰੂਪ ਟੀ-20 ਵਿਚ ਇਹ ਉਸਦੀ ਕਮਜ਼ੋਰੀ ਸਾਬਤ ਹੋ ਸਕਦੀ ਹੈ। ਧੋਨੀ, ਰੈਨਾ, ਰਾਇਡੂ ਤੇ ਤਾਹਿਰ ਵਰਗੇ ਉਸਦੇ ਖਿਡਾਰੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਤੇ ਘਰੇਲੂ ਕ੍ਰਿਕਟ ਵਿਚ ਵੀ ਨਹੀਂ ਖੇਡਦੇ। ਅਜਿਹੇ ਵਿਚ ਮੈਚ ਅਭਿਆਸ ਦੀ ਕਮੀ ਟੀਮ ਨੂੰ ਭਾਰੀ ਪੈ ਸਕਦੀ ਹੈ। ਇਸ ਤੋਂ ਇਲਾਵਾ ਧੋਨੀ ਦੇ ਫਿਨਿਸ਼ਰ ਦੇ ਰੂਪ ਵਿਚ ਪਹਿਲਾਂ ਵਰਗੀ ਭੂਮਿਕਾ ਨਾ ਨਿਭਾ ਸਕਣ ਨਾਲ ਵੀ ਟੀਮ ਨੂੰ ਨੁਕਸਾਨ ਹੋਇਆ ਹੈ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਧੋਨੀ ਜੋਸ਼ ਹੇਜ਼ਲਵੁਡ ਦਾ ਆਈ. ਪੀ. ਐੱਲ. ਤੋਂ ਹਟਣ ਦਾ ਫੈਸਲਾ ਵੀ ਸੀ. ਐੱਸ. ਕੇ. ਲਈ ਕਰਾਰਾ ਝਟਕਾ ਹੈ। ਇਸ ਤੋਂ ਇਲਾਵਾ ਜਡੇਜਾ ਵੀ ਸੱਟ ਦੇ ਕਾਰਣ ਲੰਬੀ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਿਹਾ ਹੈ ਤੇ ਦੇਖਣਾ ਹੋਵੇਗਾ ਕਿ ਉਹ ਕਿੰਨੀ ਜਲਦੀ ਲੈਅ ਹਾਸਲ ਕਰਦਾ ਹੈ। ਵੈਸਟਇੰਡੀਜ਼ ਦੇ ਤਜਰਬੇਕਾਰ ਆਲਰਾਊਂਡਰ ਡਵੇਨ ਬ੍ਰਾਵੋ ਦਾ ਵਾਪਸੀ ’ਤੇ ਚੰਗਾ ਪ੍ਰਦਰਸ਼ਨ ਨਾ ਕਰ ਸਕਣਾ ਤੇ ਉਸਦੀ ਸੱਟ ਵੀ ਸੀ. ਐੱਸ. ਕੇ. ਲਈ ਚਿੰਤਾ ਦਾ ਵਿਸ਼ਾ ਹੋਵੇਗਾ।

ਇਸ ਵਾਰ ਆਈ. ਪੀ. ਐੱਲ. ਮੈਚ ਬਦਲਵੇਂ ਸਥਾਨਾਂ ’ਤੇ ਖੇਡੇ ਜਾਣਗੇ। ਸੀ. ਐੱਸ. ਕੇ. ਆਪਣੇ ਸਪਿਨ ਵਿਭਾਗ ’ਤੇ ਕਾਫੀ ਨਿਰਭਰ ਰਿਹਾ ਹੈ ਤੇ ਅਜਿਹੇ ਵਿਚ ਉਸ ਨੂੰ ਆਪਣੀ ਰਣਨੀਤੀ ਬਦਲਣੀ ਪਵੇਗੀ। ਵਿਸ਼ੇਸ਼ ਤੌਰ ’ਤੇ ਮੁੰਬਈ ਦੀਆਂ ਵਿਕਟਾਂ ’ਤੇ ਜਿੱਥੇ ਤੇਜ਼ ਗੇਂਦਬਾਜ਼ਾਂ ਨੂੰ ਵੀ ਮਦਦ ਮਿਲਦੀ ਹੈ। ਜਲਦ ਤੋਂ ਜਲਦ ਚੰਗਾ ਟੀਮ ਸੰਯੋਜਨ ਤਿਆਰ ਕਰਨਾ ਵੀ ਉਸਦੇ ਲਈ ਮਹੱਤਵਪੂਰਣ ਹੋਵੇਗਾ। ਸੀ. ਐੱਸ. ਕੇ. ਨੂੰ ਪਿਛਲੇ ਸਾਲ ਆਪਣੀ ਕਮਜ਼ੋਰ ਬੱਲੇਬਾਜ਼ੀ ਦੇ ਕਾਰਣ ਨੁਕਸਾਨ ਚੁੱਕਣਾ ਪਿਆ ਸੀ। ਜੇਕਰ ਇਸ ਵਿਭਾਗ ਵਿਚ ਉਸ ਨੇ ਸੁਧਾਰ ਨਾ ਕੀਤਾ ਤਾਂ ਫਿਰ ਉਸਦੀ ਵਾਪਸੀ ਦੀ ਸੰਭਾਵਨਾ ਘੱਟ ਹੋ ਜਾਵੇਗੀ। ਇਹ ਹੀ ਨਹੀਂ, ਟੀਮ ਨੂੰ ਜਿੱਤ ਦਿਵਾਉਣ ਲਈ ਉਸਦੇ ਤੇਜ਼ ਗੇਂਦਬਾਜ਼ਾਂ ਨੂੰ ਵੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਪਵੇਗੀ।

ਚੇਨਈ ਸੁਪਰ ਕਿੰਗਜ਼ ਦੀ ਟੀਮ ਇਸ ਤਰ੍ਹਾਂ ਹੈ : ਮਹਿੰਦਰ ਸਿੰਘ ਧੋਨੀ (ਕਪਤਾਨ), ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਕੇ. ਐੱਮ. ਆਸਿਫ, ਦੀਪਕ ਚਾਹਰ, ਡਵੇਨ ਬ੍ਰਾਵੋ, ਫਾਫ ਡੂ ਪਲੇਸਿਸ, ਇਮਰਾਨ ਤਾਹਿਰ, ਐੱਨ. ਜਗਦੀਸ਼ਨ, ਕਰਣ ਸ਼ਰਮਾ, ਲੂੰਗੀ ਇਨਗਿਡੀ, ਮਿਸ਼ੇਲ ਸੈਂਟਨਰ, ਰਵਿੰਦਰ ਜਡੇਜਾ, ਰਿਤੂਰਾਜ ਗਾਇਕਵਾੜ, ਸ਼ਾਰਦੁਲ ਠਾਕੁਰ, ਸੈਮ ਕਿਊਰੇਨ, ਆਰ. ਸਾਈ ਕਿਸ਼ੋਰ, ਮੋਇਨ ਅਲੀ, ਕੇ. ਗੌਤਮ, ਚੇਤੇਸ਼ਵਰ ਪੁਜਾਰਾ, ਹਰਿਸ਼ੰਕਰ ਰੈੱਡੀ, ਭਗਤ ਵਰਮਾ, ਸੀ. ਹਰੀ. ਨਿਸ਼ਾਂਤ।


author

cherry

Content Editor

Related News