IPL 2020 : ਅੱਜ ਮੁੰਬਈ ਦੀ ਹੈਦਰਾਬਾਦ ਅਤੇ ਪੰਜਾਬ ਦੀ ਚੇਨਈ ਨਾਲ ਹੋਵੇਗੀ ਟੱਕਰ
Sunday, Oct 04, 2020 - 11:09 AM (IST)

ਦੁਬਈ : ਇੰਡੀਅਨ ਪ੍ਰੀਮੀਅਰ ਲੀਗ 2020 ਵਿਚ ਐਤਵਾਰ ਯਾਨੀ ਅੱਜ ਨੂੰ ਡਬਲ ਹੈਡਰ ਮੁਕਾਬਲੇ ਖੇਡੇ ਜਾਣਗੇ। ਆਈ.ਪੀ.ਐਲ. ਦੇ 13ਵੇਂ ਸੀਜ਼ਨ ਦੇ 17ਵੇਂ ਮੈਚ ਵਿਚ ਐਤਵਾਰ ਯਾਨੀ ਅੱਜ ਦੁਪਹਿਰ ਨੂੰ ਸ਼ਾਰਜਾਹ ਵਿਚ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਭਿੜਨਗੀਆਂ। ਉਥੇ ਹੀ ਦੂਜਾ ਮੁਕਾਬਲਾ ਸ਼ਾਮ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ।
ਤੇਜ਼ੀ ਨਾਲ ਦੋੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਕਿੰਗਜ਼ ਇਲੈਵਨ ਪੰਜਾਬ ਦਾ ਕਪਤਾਨ ਲੋਕੇਸ਼ ਰਾਹੁਲ ਪਿਛਲੀ ਹਾਰ ਨੂੰ ਭੁੱਲ ਕੇ ਐਤਵਾਰ ਯਾਨੀ ਅੱਜ ਹੋਣ ਵਾਲੇ ਮੁਕਾਬਲੇ ਵਿਚ ਜਿੱਤ ਹਾਸਲ ਕਰਨ ਦੇ ਮਜ਼ਬੂਤ ਟੀਚੇ ਨਾਲ ਉਤਰਨਗੇ। ਪੰਜਾਬ ਅਤੇ ਚੇਨਈ ਇਸ ਸਮੇਂ ਆਈ.ਪੀ.ਐਲ. ਅੰਕ ਸੂਚੀ ਵਿਚ ਹੇਠਲੇ ਸਥਾਨਾਂ ਦੀਆਂ ਦੋ ਟੀਮਾਂ ਹਨ। ਪੰਜਾਬ 4 ਮੈਚਾਂ ਵਿਚੋਂ ਇਕ ਜਿੱਤ ਅਤੇ 3 ਹਾਰਾਂ ਨਾਲ 7ਵੇਂ ਸਥਾਨ 'ਤੇ ਹੈ ਜਦੋਂਕਿ 3 ਵਾਰ ਦੀ ਚੈਂਪੀਅਨ ਅਤੇ ਸਾਬਕਾ ਉਪ ਜੇਤੂ ਚੇਨਈ ਹੈਰਾਨੀਜਨਕ ਢੰਗ ਨਾਲ 4 ਮੈਚਾਂ ਵਿਚੋਂ ਇਕ ਜਿੱਤ ਅਤੇ 3 ਹਾਰਾਂ ਨਾਲ 8ਵੇਂ ਸਥਾਨ 'ਤੇ ਹੈ।