IPL 2020: ਜਿੱਤ ਦੀ ਲੈਅ ''ਤੇ ਪਰਤਣ ਉਤਰਣਗੇ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ

Thursday, Oct 01, 2020 - 11:11 AM (IST)

IPL 2020: ਜਿੱਤ ਦੀ ਲੈਅ ''ਤੇ ਪਰਤਣ ਉਤਰਣਗੇ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ

ਅਬੂਧਾਬੀ (ਵਾਰਤਾ) : ਕਪਤਾਨ ਰੋਹਿਤ ਸ਼ਰਮਾ ਦੀ ਮੁੰਬਈ ਇੰਡੀਅਨਜ਼ ਅਤੇ ਲੋਕੇਸ਼ ਰਾਹੁਲ ਦੀ ਅਗਵਾਈ ਵਾਲੀ ਕਿੰਗਜ਼ ਇਲੈਵਨ ਪੰਜਾਬ ਦੀਆਂ ਟੀਮਾਂ ਪਿੱਛਲੀ ਹਾਰ ਨੂੰ ਭੁਲਾ ਕੇ ਵੀਰਵਾਰ ਨੂੰ ਹੋਣ ਵਾਲੇ ਆਈ.ਪੀ.ਐਲ. ਮੁਕਾਬਲੇ ਵਿਚ ਜਿੱਤ ਦੀ ਲੈਅ 'ਤੇ ਪਰਤਣ ਉਤਰਣਗੇ। ਦੋਵਾਂ ਹੀ ਟੀਮਾਂ ਨੂੰ ਆਪਣੇ-ਆਪਣੇ ਪਿਛਲੇ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਣਾ ਪਿਆ ਸੀ। ਮੁੰਬਈ ਨੂੰ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਹੱਥੋਂ ਸੁਪਰ ਓਵਰ ਵਿਚ, ਜਦੋਂ ਕਿ ਪੰਜਾਬ ਨੂੰ ਰਾਜਸਥਾਨ ਰਾਇਲਸ ਖ਼ਿਲਾਫ ਵੱਡੇ ਸਕੋਰ ਵਾਲੇ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਣਾ ਪਿਆ ਸੀ। ਮੁੰਬਈ ਦੀ ਤਿੰਨ ਮੈਚਾਂ ਵਿਚ ਇਹ ਦੂਜੀ ਹਾਰ ਸੀ ਅਤੇ ਉਹ 2 ਅੰਕਾਂ ਨਾਲ ਪੰਜਵੇਂ ਸਥਾਨ ਹੈ। ਪੰਜਾਬ ਦੀ ਟੀਮ ਤਿੰਨ ਮੈਚਾਂ ਵਿਚ ਇਕ ਜਿੱਤ, 2 ਹਾਰ ਨਾਲ 2 ਅੰਕ ਲੈ ਕੇ ਚੌਥੇ ਸਥਾਨ 'ਤੇ ਮੌਜੂਦ ਹੈ। ਦੋਵਾਂ ਟੀਮਾਂ ਦੀ ਕੋਸ਼ਿਸ਼ ਪਿਛਲੀ ਹਾਰ ਨੂੰ ਭੁਲਾ ਕੇ ਅਤੇ ਗਲਤੀਆਂ ਤੋਂ ਸਿੱਖਦੇ ਹੋਏ ਜਿੱਤ ਦੀ ਰਾਹ 'ਤੇ ਪਰਤਣ ਦੀ ਹੋਵੇਗੀ।

ਇਹ ਵੀ ਪੜ੍ਹੋ: ਸੋਨੇ ਦੀ ਕੀਮਤ 'ਚ ਗਿਰਾਵਟ ਨਿਵੇਸ਼ਕਾਂ ਲਈ ਚੰਗਾ ਮੌਕਾ

ਪੰਜਾਬ ਲਈ ਕਪਤਾਨ ਰਾਹੁਲ ਦਾ ਫ਼ਾਰਮ ਵਿਚ ਰਹਿਣਾ ਰਾਹਤ ਦੀ ਗੱਲ ਹੈ। ਉਨ੍ਹਾਂ ਨੇ ਰਾਜਸਥਾਨ ਖ਼ਿਲਾਫ਼ ਸਲਾਮੀ ਬੱਲੇਬਾਜ ਮਯੰਕ ਅਗਰਵਾਲ ਨਾਲ ਮਿਲ ਕੇ ਜਿਸ ਤਰ੍ਹਾਂ ਪਹਿਲੇ ਵਿਕਟ ਲਈ 183 ਦੌੜਾਂ ਦੀ ਰਿਕਾਡਰ ਸਾਂਝੇਦਾਰੀ ਕੀਤੀ ਸੀ ਉਹ ਅਵਿਸ਼ਵਸਯੋਗ ਸੀ। ਪੰਜਾਬ ਨੇ ਰਾਜਸਥਾਨ ਦੇ ਗੇਂਦਬਾਜ਼ਾਂ ਦੀ ਜੰਮ ਕੇ ਧੁਲਾਈ ਕੀਤੀ ਸੀ ਅਤੇ 223 ਦੌੜਾਂ ਦਾ ਮਜਬੂਤ ਸਕੋਰ ਖੜ੍ਹਾ ਕੀਤਾ ਸੀ। ਹਾਲਾਂਕਿ ਪੰਜਾਬ ਦੇ ਗੇਂਦਬਾਜ਼ ਇਸ ਵਿਸ਼ਾਲ ਸਕੋਰ ਦਾ ਬਚਾਅ ਨਹੀਂ ਕਰ ਸਕੇ ਸਨ ਅਤੇ ਰਾਜਸਥਾਨ ਨੇ ਤਿੰਨ ਗੇਂਦ ਬਾਕੀ ਰਹਿੰਦੇ ਹੀ ਮੈਚ ਖ਼ਤਮ ਕਰ ਦਿੱਤਾ ਸੀ। ਇਸ ਮੁਕਾਬਲੇ ਵਿਚ ਰਾਹੁਲ ਤੇਵਤੀਆ ਦੇ ਇਕ ਓਵਰ ਵਿਚ ਮਾਰੇ ਗਏ 4 ਛੱਕਿਆਂ ਨੇ ਉਨ੍ਹਾਂ ਨੂੰ ਰਾਤੋ-ਰਾਤ ਨਵਾਂ ਸਟਾਰ ਬਣਾ ਦਿੱਤਾ ਸੀ। ਪਿਛਲੇ ਮੁਕਾਬਲੇ ਵਿਚ ਪੰਜਾਬ ਦੀ ਬੱਲੇਬਾਜੀ ਵਿਚ ਇਕ ਗਜਬ ਸੰਤੁਲਨ ਨਜ਼ਰ ਆਇਆ ਸੀ। ਮੱਧਕਰਮ ਵਿਚ ਗਲੇਨ ਮੈਕਸਵੇਲ ਅਤੇ ਨਿਕੋਲਸ ਪੂਰਨ ਨੇ ਮਜਬੂਤ ਸ਼ੁਰੂਆਤ ਦਾ ਅੰਤ ਜੋਰਦਾਰ ਤਰੀਕੇ ਨਾਲ ਕੀਤਾ ਸੀ। ਹਾਲਾਂਕਿ ਮੈਕਸਵੇਲ ਅਜੇ ਤੱਕ ਵੱਡੀ ਪਾਰੀ ਨਹੀਂ ਖੇਡ ਸਕੇ ਹਨ ਪਰ ਪੂਰਨ ਨੇ ਆਪਣੀ ਜ਼ਿੰਮੇਦਾਰੀ ਬਾਖ਼ੂਬੀ ਨਿਭਾਈ ਸੀ।

ਮੁੰਬਈ ਨੂੰ ਜੇਕਰ ਜਿੱਤ ਦੀ ਰਾਹ 'ਤੇ ਪਰਤਣਾ ਹੈ ਤਾਂ ਉਸ ਨੂੰ ਰਾਹੁਲ ਅਤੇ ਮਯੰਕ ਨੂੰ ਵੱਡੀ ਸਾਂਝੇਦਾਰੀ ਕਰਣ ਤੋਂ ਰੋਕਣਾ ਹੋਵੇਗਾ ਅਤੇ ਪੰਜਾਬ ਦੇ ਬੱਲੇਬਾਜਾਂ ਨੂੰ ਘੱਟ ਤੋਂ ਘੱਟ ਸਕੋਰ 'ਤੇ ਰੋਕਣਾ ਹੋਵੇਗਾ। ਪੰਜਾਬ ਲਈ ਹਾਲਾਂਕਿ ਉਸ ਦੀ ਗੇਂਦਬਾਜੀ ਚਿੰਤਾ ਦਾ ਸਬੱਬ ਹੈ ਜੋ 223 ਦੌੜਾਂ ਦੇ ਵੱਡੇ ਟੀਚੇ ਦਾ ਬਚਾਅ ਕਰਣ ਵਿਚ ਅਸਫ਼ਲ ਰਹੀ ਸੀ। ਮੁੰਬਈ ਦਾ ਬੱਲੇਬਾਜੀ ਕ੍ਰਮ ਬੇਹੱਦ ਮਜਬੂਤ ਹੈ ਅਜਿਹੇ ਵਿਚ ਪੰਜਾਬ ਨੂੰ ਗੇਂਦਬਾਜੀ ਵਿਭਾਗ ਵਿਚ ਸੁਧਾਰ ਕਰਣਾ ਹੋਵੇਗਾ ਨਹੀਂ ਤਾਂ ਕੋਈ ਵੀ ਸਕੋਰ ਉਸ ਦੇ ਲਈ ਘੱਟ ਹੀ ਸਾਬਤ ਹੋਵੇਗਾ। ਪੰਜਾਬ ਵੱਲੋਂ ਸ਼ੈਲਡਨ ਕਾਟਰੇਲ ਪਿਛਲੇ ਮੁਕਾਬਲੇ ਵਿਚ ਕਾਫ਼ੀ ਮਹਿੰਗੇ ਸਾਬਤ ਹੋਏ ਸਨ ਅਤੇ ਉਨ੍ਹਾਂ ਨੇ 3 ਓਵਰਾਂ ਵਿਚ 52 ਦੌੜਾਂ ਲੁਟਾ ਕੇ ਇਕ ਵਿਕਟ ਲਿਆ ਸੀ। ਮੁੰਬਈ ਨੇ ਪਿਛਲੇ ਮੁਕਾਬਲੇ ਵਿਚ ਜਿਸ ਤਰ੍ਹਾਂ 202 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ੁਰੂਆਤ ਵਿਚ ਲੜਖੜਾਉਣ ਦੇ ਬਾਅਦ ਵਾਪਸੀ ਕੀਤੀ ਸੀ ਉਹ ਕਾਬਿਲ-ਏ-ਤਾਰੀਫ਼ ਹੈ। ਹਾਲਾਂਕਿ ਉਸ ਦਾ ਸਿਖਰ ਕ੍ਰਮ ਬੈਂਗਲੁਰੂ ਖ਼ਿਲਾਫ਼ ਪੂਰੀ ਤਰ੍ਹਾਂ ਫਲਾਪ ਰਿਹਾ ਸੀ ਪਰ ਮੱਧਕਰਮ ਵਿਚ ਈਸ਼ਾਨ ਕਿਸ਼ਨ (99) ਅਤੇ ਕੀਰੋਨ ਪੋਲਾਡਰ (ਨਾਬਾਦ 60) ਨੇ ਮੈਚ ਦਾ ਪਾਸਾ ਪਲਟ ਦਿੱਤਾ ਸੀ।

ਇਹ ਵੀ ਪੜ੍ਹੋ: ਨੌਕਰੀਪੇਸ਼ਾ ਵਾਲਿਆਂ ਲਈ ਸਰਕਾਰ ਵਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ, ਨਾ ਮੰਨਣ 'ਤੇ ਹੋ ਸਕਦੈ ਨੁਕਸਾਨ

ਇਕ ਸਮਾਂ ਇਕ ਪਾਸੜ ਜਿੱਤ ਹਾਸਲ ਕਰਣ ਦੀ ਕਗਾਰ 'ਤੇ ਪਹੁੰਚ ਚੁੱਕੀ ਬੈਂਗਲੁਰੂ ਦੀ ਟੀਮ ਅੰਤ ਦੇ ਓਵਰਾਂ ਵਿਚ ਮੈਚ ਗਵਾਉਣ ਦੀ ਸਥਿਤੀ 'ਤੇ ਪਹੁੰਚ ਗਈ ਸੀ ਪਰ 20ਵੇਂ ਓਵਰ ਦੀ ਪੰਜਵੀਂ ਗੇਂਦ 'ਤੇ ਕਿਸ਼ਨ ਦੇ ਆਊਟ ਹੋਣ ਨਾਲ ਉਸ ਨੇ ਰਾਹਤ ਦਾ ਸਾਹ ਲਿਆ ਅਤੇ ਮੁਕਾਬਲੇ ਦਾ ਫ਼ੈਸਲਾ ਸੁਪਰ ਓਵਰ ਵਿਚ ਜਾ ਕੇ ਹੋਇਆ, ਜਿੱਥੇ ਮੁੰਬਈ ਨੂੰ ਹਾਰ ਦਾ ਸਾਹਮਣਾ ਕਰਣਾ ਪਿਆ। ਮੁੰਬਈ ਲਈ ਆਲਰਾਊਂਡਰ ਹਾਰਦਿਕ ਪੰਡਯਾ ਦੀ ਖ਼ਰਾਬ ਫ਼ਾਰਮ ਚਿੰਤਾ ਦੀ ਗੱਲ ਬਣਦੀ ਜਾ ਰਹੀ ਹੈ ਜੋ ਤਿੰਨਾਂ ਮੁਕਾਬਲੇ ਵਿਚ ਵੱਡੀ ਪਾਰੀ ਖੇਡਣ ਵਿਚ ਨਾਕਾਮ ਰਹੇ ਹਨ। ਪੰਡਯਾ ਨੇ ਅਬੂਧਾਬੀ ਵਿਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ 14 ਅਤੇ ਕੋਲਕਾਤਾ ਨਾਈਟ ਰਾਈਡਰਸ ਖ਼ਿਲਾਫ਼ 18 ਦੌੜਾਂ ਬਣਾਈਆਂ ਸਨ, ਜਦੋਂ ਕਿ ਦੁਬਈ ਵਿਚ ਸੋਮਵਾਰ ਨੂੰ ਰਾਇਲ ਚੈਲੇਂਜਰਸ ਬੈਂਗਲੁਰੂ ਖ਼ਿਲਾਫ਼ ਉਹ 15 ਦੌੜਾਂ ਹੀ ਬਣਾ ਸਕੇ ਸਨ। ਪੰਡਯਾ ਨੂੰ ਬੈਂਗਲੁਰੂ ਖ਼ਿਲਾਫ਼ ਸਕੋਰ ਟਾਈ ਹੋ ਜਾਣ ਦੇ ਬਾਅਦ ਸੁਪਰ ਓਵਰ ਵਿਚ ਕੀਰੋਨ ਪੋਲਾਡਰ ਨਾਲ ਭੇਜਿਆ ਗਿਆ ਸੀ ਪਰ 2 ਧਾਕੜ ਬੱਲੇਬਾਜ ਮਿਲ ਕੇ 7 ਦੋੜਾਂ ਹੀ ਬਣਾ ਸਕੇ ਸਨ। ਮੁੰਬਈ ਹਾਲਾਂਕਿ ਪਿੱਠ ਵਿਚ ਸਰਜਰੀ ਕਾਰਨ ਪੰਡਯਾ ਤੋਂ ਗੇਂਦਬਾਜੀ ਨਹੀਂ ਕਰਾ ਰਹੀ ਹੈ ਅਜਿਹੇ ਵਿਚ ਉਨ੍ਹਾਂ ਨੂੰ ਜਲਦ ਵਾਪਸੀ ਕਰਣੀ ਹੋਵੇਗੀ, ਜਿਸ ਨਾਲ ਸਿਖ਼ਰ ਕ੍ਰਮ ਦੇ ਲੜਖੜਾਉਣ 'ਤੇ ਉਹ ਟੀਮ ਨੂੰ ਸੰਭਾਲ ਸਕਣ। ਮੁੰਬਈ ਦੇ ਗੇਂਦਬਾਜ ਵੀ ਪਿਛਲੇ ਮੁਕਾਬਲੇ ਵਿਚ ਅਸਫ਼ਲ ਰਹੇ ਸਨ ਅਤੇ ਰੋਹਿਤ ਨੂੰ ਜਲਦ ਤੋਂ ਜਲਦ ਆਪਣੀ ਇਨ੍ਹਾਂ ਕਮੀਆਂ ਵਿਚ ਸੁਧਾਰ ਲਿਆਉਣਾ ਹੋਵੇਗਾ। ਦੋਨਾਂ ਟੀਮਾਂ ਦੀ ਸਥਿਤੀ ਫ਼ਿਲਹਾਲ ਇਕ ਵਰਗੀ ਹੈ ਅਤੇ ਮੁਕਾਬਲਾ ਬਰਾਬਰੀ ਦਾ ਹੈ ਪਰ ਪੰਜਾਬ ਨੂੰ ਪਿਛਲੇ ਚੈਂਪੀਅਨ ਮੁੰਬਈ ਖ਼ਿਲਾਫ਼ ਕਿਸੇ ਵੀ ਗਲਤੀ ਤੋਂ ਬਚਣਾ ਹੋਵੇਗਾ ਅਤੇ ਬੱਲੇਬਾਜੀ ਦੇ ਨਾਲ-ਨਾਲ ਗੇਂਦਬਾਜੀ ਵਿਚ ਵੀ ਬਿਹਤਰ ਕਰਣਾ ਹੋਵੇਗਾ।


author

cherry

Content Editor

Related News