IPL 2020 : ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਅੱਜ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਨਾਲ

09/21/2020 12:43:35 AM

ਦੁਬਈ– ਭਾਰਤੀ ਕਪਤਾਨ ਵਿਰਾਟ ਕੋਹਲੀ ਦੁਨੀਆ ਦੇ ਬਿਹਤਰੀਨ ਕਪਤਾਨਾਂ ਵਿਚੋਂ ਇਕ ਮੰਨਿਆ ਜਾਂਦਾ ਹੈ ਪਰ ਉਹ ਅਜੇ ਤਕ ਆਈ. ਪੀ. ਐੱਲ. ਵਿਚ ਆਪਣੀ ਕਪਤਾਨੀ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਇਕ ਵਾਰ ਵੀ ਚੈਂਪੀਅਨ ਨਹੀਂ ਬਣਾ ਸਕਿਆ ਹੈ।
'ਰਨ ਮਸ਼ੀਨ' ਵਿਰਾਟ ਆਈ. ਪੀ. ਐੱਲ. ਦਾ ਸਭ ਤੋਂ ਸਫਲ ਬੱਲੇਬਾਜ਼ ਹੈ ਤੇ ਉਸਦੇ ਨਾਂ ਇਸ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ ਪਰ ਉਸਦੇ ਨਾਂ ਇਕ ਵੀ ਆਈ. ਪੀ. ਐੱਲ. ਟਰਾਫੀ ਨਹੀਂ ਹੈ। ਵਿਰਾਟ ਦੀ ਬੈਂਗਲੁਰੂ ਟੀਮ ਵਿਦੇਸ਼ੀ ਧਰਤੀ 'ਤੇ ਹੋ ਰਹੇ ਆਈ. ਪੀ. ਐੱਲ.-13 ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਸੋਮਵਾਰ ਨੂੰ ਹੋਣ ਵਾਲੇ ਮੁਕਾਬਲੇ ਨਾਲ ਕਰੇਗੀ।
ਵਿਰਾਟ ਦਾ ਬੈਂਗਲੁਰੂ ਦੇ ਕਪਤਾਨ ਦੇ ਰੂਪ ਵਿਚ ਇਹ 8ਵਾਂ ਸੈਸ਼ਨ ਹੈ। ਵਿਰਾਟ ਨੇ ਆਈ. ਪੀ. ਐੱਲ. ਵਿਚ 177 ਮੈਚਾਂ ਵਿਚ 37.84 ਦੀ ਔਸਤ ਤੇ 131.61 ਦੀ ਸਟ੍ਰਾਈਕ ਰੇਟ ਨਾਲ 5412 ਦੌੜਾਂ ਬਣਾਈਆਂ ਹਨ, ਜਿਹੜੀਆਂ ਆਈ. ਪੀ. ਐੱਲ. ਵਿਚ ਸਭ ਤੋਂ ਵੱਧ ਹਨ ਜਦਕਿ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਆਸਟਰੇਲੀਆ ਦੇ ਡੇਵਿਡ ਵਾਰਨਰ ਨੇ 126 ਮੈਚਾਂ ਵਿਚ 4706 ਦੌੜਾਂ ਬਣਾਈਆਂ ਹਨ। ਦੋਵੇਂ ਹੀ ਚੋਟੀ ਕ੍ਰਮ ਦੇ ਬਿਹਤਰੀਨ ਬੱਲੇਬਾਜ਼ ਹਨ ਤੇ ਉਨ੍ਹਾਂ ਦਾ ਪ੍ਰਦਰਸ਼ਨ ਹੀ ਹਾਰ-ਜਿੱਤ ਦਾ ਫੈਸਲਾ ਕਰੇਗਾ।
ਪਿਛਲੇ 3 ਸੈਸ਼ਨਾਂ ਵਿਚ ਬੈਂਗਲੁਰੂ ਦੀ ਟੀਮ 8ਵੇਂ, 6ਵੇਂ ਤੇ 8ਵੇਂ ਸਥਾਨ 'ਤੇ ਰਹੀ ਹੈ ਪਰ ਵਿਰਾਟ ਇਸ ਸੈਸ਼ਨ ਵਿਚ ਜੇਤੂ ਸ਼ੁਰੂਆਤ ਕਰਨਾ ਚਾਹੇਗਾ ਤਾਂ ਕਿ ਟੀਮ ਦਾ ਮਨੋਬਲ ਸ਼ੁਰੂਆਤ ਤੋਂ ਹੀ ਉੱਚਾ ਰਹੇ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਆਈ. ਪੀ. ਐੱਲ. ਵਿਚ ਵਿਰਾਟ ਦੀ ਕਪਤਾਨੀ 'ਤੇ ਸਵਾਲ ਉਠਾ ਚੁੱਕਾ ਹੈ ਤੇ ਉਸਦਾ ਕਹਿਣਾ ਹੈ ਕਿ ਜੇਕਰ ਵਿਰਾਟ ਦੀ ਜਗ੍ਹਾ ਕੋਈ ਦੂਜਾ ਕਪਤਾਨ ਹੁੰਦਾ ਹੈ ਤਾਂ ਉਸ ਨੂੰ ਕਦੋਂ ਦਾ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੁੰਦਾ। ਵਿਰਾਟ ਕੋਰੋਨਾ ਦੇ ਕਾਰਣ ਲੰਬੀ ਬ੍ਰੇਕ ਤੋਂ ਬਾਅਦ ਆਈ. ਪੀ. ਐੱਲ. ਵਿਚ ਉਤਰ ਰਿਹਾ ਹੈ ਤੇ ਉਸ 'ਤੇ ਲਗਾਤਾਰ ਕੌਮਾਂਤਰੀ ਕ੍ਰਿਕਟ ਖੇਡਣ ਦਾ ਦਬਾਅ ਵੀ ਨਹੀਂ ਹੈ ਪਰ ਉਸ ਨੂੰ ਆਪਣੀ ਟੀਮ ਦਾ ਸੰਤੁਲਨ ਬਣਾਉਣਾ ਪਵੇਗਾ, ਜਿਸ ਨਾਲ ਟੀਮ ਜੇਤੂ ਲੀਹ 'ਤੇ ਅੱਗੇ ਵਧ ਸਕੇ।
ਵਿਰਾਟ ਦੀਆਂ ਖਿਤਾਬ ਦੀਆਂ ਉਮੀਦਾਂ ਨੂੰ ਸਿਰੇ ਚੜ੍ਹਾਉਣ ਵਿਚ ਦੱਖਣੀ ਅਫਰੀਕਾ ਦੇ ਸਾਬਕਾ ਖਿਡਾਰੀ ਏ. ਬੀ. ਡਿਵਿਲੀਅਰਸ ਦੀ ਮਹੱਤਵਪੂਰਨ ਭੂਮਿਕਾ ਰਹੇਗੀ। ਡਿਵਿਲੀਅਰਸ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕਾ ਹੈ ਤੇ ਪਿਛਲੇ ਸਾਲ ਵਿਸ਼ਵ ਕੱਪ ਤੋਂ ਪਹਿਲਾਂ ਉਸ ਨੇ ਵਾਪਸੀ ਦੀ ਇੱਛਾ ਵੀ ਜਤਾਈ ਸੀ।
ਆਈ. ਪੀ. ਐੱਲ. ਉਸ ਨੂੰ ਆਪਣੀ ਟੀਮ ਵਿਚ ਪਰਤਣ ਦਾ ਇਕ ਮੌਕਾ ਪ੍ਰਦਾਨ ਕਰ ਸਕਦਾ ਹੈ ਕਿਉਂਕਿ ਅਗਲੇ ਸਾਲ ਭਾਰਤੀ ਜ਼ਮੀਨ 'ਤੇ ਟੀ-20 ਵਿਸ਼ਵ ਕੱਪ ਹੋਣਾ ਹੈ। ਡਿਵਿਲੀਅਰਸ ਨੂੰ ਆਪਣੀ ਧਮਾਕੇਦਾਰ ਬੱਲੇਬਾਜ਼ੀ ਦਾ ਲਗਾਤਾਰ ਪ੍ਰਦਰਸ਼ਨ ਕਰਨਾ ਪਵੇਗਾ, ਜਿਸ ਨਾਲ ਟੀਮ ਜਿੱਤ ਦੀ ਲੈਅ ਨੂੰ ਲਗਾਤਾਰ ਕਾਇਮ ਰੱਖ ਸਕੇ।
ਬੈਂਗਲੁਰੂ ਕੋਲ ਵਿਰਾਟ ਤੇ ਡਿਵਿਲੀਅਰਸ ਤੋਂ ਇਲਾਵਾ ਆਸਟਰੇਲੀਆਈ ਕਪਤਾਨ ਆਰੋਨ ਫਿੰਚ, ਮੋਇਨ ਅਲੀ, ਯੁਜਵੇਂਦਰ ਚਾਹਲ, ਕ੍ਰਿਸ ਮੌਰਿਸ, ਉਮੇਸ਼ ਯਾਦਵ, ਨਵਦੀਪ ਸੈਣੀ ਦੇ ਰੂਪ ਵਿਚ ਵੀ ਕਈ ਚੰਗੇ ਖਿਡਾਰੀ ਹਨ, ਜਿਹੜੇ ਟੀਮ ਦੀ ਸਫਲਤਾ ਵਿਚ ਯੋਗਦਾਨ ਦੇ ਸਕਦੇ ਹਨ। ਫਿੰਚ ਤਾਂ ਇੰਗਲੈਂਡ ਤੋਂ ਵਨ ਡੇ ਸੀਰੀਜ਼ ਜਿੱਤ ਕੇ ਆਈ. ਪੀ. ਐੱਲ. ਵਿਚ ਉਤਰ ਰਿਹਾ ਹੈ।
ਦੂਜੇ ਪਾਸੇ ਵਾਰਨਰ ਦਾ ਇੰਗਲੈਂਡ ਵਿਚ ਪ੍ਰਦਰਸ਼ਨ ਉਮੀਦਾਂ ਦੇ ਅਨੁਸਾਰ ਨਹੀਂ ਰਿਹਾ ਸੀ ਪਰ ਆਈ. ਪੀ. ਐੱਲ. ਉਸ ਨੂੰ ਹਮੇਸ਼ਾ ਰਾਸ ਆਉਂਦਾ ਹੈ, ਜਿੱਥੇ ਉਹ ਢੇਰ ਸਾਰੀਆਂ ਦੌੜਾਂ ਬਣਾਉਂਦਾ ਹੈ। ਹੈਦਰਾਬਾਦ ਦੀ ਬੱਲੇਬਾਜ਼ੀ ਵਾਰਨਰ ਤੋਂ ਇਲਾਵਾ ਇੰਗਲੈਂਡ ਦੇ ਜਾਨੀ ਬੇਅਰਸਟੋ ਤੇ ਮਨੀਸ਼ ਪਾਂਡੇ 'ਤੇ ਵੀ ਕਾਫੀ ਨਿਰਭਰ ਰਹੇਗੀ। ਬੇਅਰਸਟੋ ਵੀ ਆਸਟਰੇਲੀਆ ਵਿਰੁੱਧ ਸੀਰੀਜ਼ ਖੇਡ ਕੇ ਆਈ. ਪੀ. ਐੱਲ. ਵਿਚ ਉਤਰ ਰਿਹਾ ਹੈ।
ਟੀਮਾਂ ਇਸ ਤਰ੍ਹਾਂ ਹੈ-
ਸਨਰਾਈਜ਼ਰਜ਼ ਹੈਦਰਾਬਾਦ-
ਡੇਵਿਡ ਵਾਰਨਰ (ਕਪਤਾਨ), ਜਾਨੀ ਬੇਅਰਸਟੋ, ਕੇਨ ਵਿਲੀਅਮਸਨ, ਮਨੀਸ਼ ਪਾਂਡੇ, ਸ਼੍ਰੀਵਤਸ ਗੋਸਵਾਮੀ, ਵਿਰਾਟ ਸਿੰਘ, ਪ੍ਰਿਯਮ ਗਰਗ, ਰਿਧੀਮਾਨ ਸਾਹਾ, ਅਬਦੁਲ ਸਮਦ, ਵਿਜੇ ਸ਼ੰਕਰ, ਮੁਹੰਮਦ ਨਬੀ, ਰਾਸ਼ਿਦ ਖਾਨ, ਮਿਸ਼ੇਲ ਮਾਰਸ਼, ਅਭਿਸ਼ੇਕ ਵਰਮਾ, ਬੀ. ਸੰਦੀਪ, ਸੰਜੇ ਯਾਦਵ, ਫੇਬੀਅਨ ਐਲਨ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸੰਦੀਪ ਸ਼ਰਮਾ, ਸ਼ਾਹਬਾਜ ਨਦੀਮ, ਸਿਧਾਰਥ ਕੌਲ, ਬਿਲੀ ਸਟਾਨਲੇਕ, ਟੀ. ਨਟਰਾਜਨ, ਬਾਸਿਲ ਥਾਂਪੀ।
ਆਰ. ਸੀ. ਬੀ.- ਆਰੋਨ ਫਿੰਚ, ਦੇਵਦਤ ਪਡੀਕਲ, ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਏ. ਬੀ. ਡਿਵਲੀਅਰਸ, ਗੁਰਕੀਰਤ ਸਿੰਘ ਮਾਨ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ ਅਹਿਮਦ, ਨਵਦੀਪ ਸੈਣੀ, ਡੇਲ ਸਟੇਨ, ਯੁਜਵੇਂਦਰ ਚਾਹਲ, ਐਡਮ ਜਾਂਪਾ, ਇਸੁਰੂ ਉਡਾਨਾ, ਮੋਇਨ ਅਲੀ, ਜੋਸ਼ ਫਿਲਿਪ, ਪਵਨ ਨੇਗੀ, ਪਵਨ ਦੇਸ਼ਪਾਂਡੇ, ਮੁਹੰਮਦ ਸਿਰਾਜ, ਉਮੇਸ਼ ਯਾਦਵ।


Gurdeep Singh

Content Editor

Related News