IPL 2019 : ਚੇਨਈ ਨੂੰ ਰੋਕਣ ਲਈ ਪੂਰਾ ਜ਼ੋਰ ਲਾਉਣਗੇ ਰਾਜਸਥਾਨ ਰਾਇਲਜ਼
Thursday, Apr 11, 2019 - 12:24 AM (IST)

ਜੈਪੁਰ- ਰਾਜਸਥਾਨ ਰਾਇਲਜ਼ ਨੂੰ ਆਈ. ਪੀ. ਐੱਲ. -12 ਵਿਚ ਚੋਟੀ 'ਤੇ ਚੱਲ ਰਹੀ ਪਿਛਲੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦਾ ਜੇਤੂ ਰੱਥ ਰੋਕਣ ਲਈ ਵੀਰਵਾਰ ਨੂੰ ਇੱਥੇ ਹੋਣ ਵਾਲੇ ਮੁਕਾਬਲੇ ਵਿਚ ਆਪਣਾ ਪੂਰਾ ਜ਼ੋਰ ਲਾਉਣਾ ਹੋਵੇਗਾ। ਰਾਜਸਥਾਨ ਨੇ ਆਪਣੇ ਪਹਿਲੇ 3 ਮੈਚ ਕਿੰਗਜ਼ ਇਲੈਵਨ ਪੰਜਾਬ ਤੋਂ 14 ਦੌੜਾਂ ਨਾਲ, ਸਨਰਾਈਜ਼ਰਜ਼ ਹੈਦਰਾਬਾਦ ਤੋਂ 5 ਵਿਕਟਾਂ ਅਤੇ ਚੇਨਈ ਤੋਂ 8 ਦੌੜਾਂ ਨਾਲ ਗੁਆਏ ਸਨ।
ਰਾਜਸਥਾਨ ਨੇ ਆਪਣੇ ਚੌਥੇ ਮੈਚ ਵਿਚ ਜਾ ਕੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ 1 ਗੇਂਦ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਸ ਨੇ ਫਿਰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਅਗਲਾ ਮੈਚ 37 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਗੁਆ ਦਿੱਤਾ। ਰਾਜਸਥਾਨ ਨੂੰ ਜੇਕਰ ਮੁਕਾਬਲੇ ਵਿਚ ਬਣੇ ਰਹਿਣਾ ਹੈ ਤਾਂ ਉਸ ਨੂੰ ਜਿੱਤ ਦੀ ਪਟੜੀ 'ਤੇ ਪਰਤਣਾ ਹੋਵੇਗਾ।
ਰਾਜਸਥਾਨ ਅਤੇ ਚੇਨਈ ਵਿਚਾਲੇ 31 ਮਾਰਚ ਨੂੰ ਚੇਨਈ ਵਿਚ ਜੋ ਮੁਕਾਬਲਾ ਹੋਇਆ ਸੀ, ਉਸ ਨੂੰ ਚੇਨਈ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੀਆਂ ਅਜੇਤੂ 75 ਦੌੜਾਂ ਦੀ ਜ਼ਬਰਦਸਤ ਪਾਰੀ ਨਾਲ ਜਿੱਤਿਆ ਸੀ। ਚੇਨਈ ਨੇ 8 ਵਿਕਟਾਂ 'ਤੇ 175 ਦੌੜਾਂ ਬਣਾਈਆਂ ਸਨ, ਜਦਕਿ ਰਾਜਸਥਾਨ ਦੀ ਟੀਮ ਸ਼ਲਾਘਾਯੋਗ ਸੰਘਰਸ਼ ਕਰਨ ਦੇ ਬਾਵਜੂਦ 8 ਵਿਕਟਾਂ 'ਤੇ 167 ਦੌੜਾਂ ਹੀ ਬਣਾ ਸਕੀ। ਰਾਜਸਥਾਨ ਆਪਣੇ ਪਿਛਲੇ ਮੈਚ ਵਿਚ ਕੋਲਕਾਤਾ ਖਿਲਾਫ 138 ਦੌੜਾਂ ਹੀ ਬਣਾ ਸਕਿਆ ਸੀ, ਜਿਸ ਨਾਲ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੇਨਈ ਨੇ ਆਪਣੇ ਪਿਛਲੇ ਮੁਕਾਬਲੇ ਵਿਚ ਕੋਲਕਾਤਾ ਨੂੰ ਸਿਰਫ 108 ਦੌੜਾਂ 'ਤੇ ਰੋਕ ਕੇ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਪਿਛਲੀ ਚੈਂਪੀਅਨ ਟੀਮ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੇ ਲਿਹਾਜ਼ ਨਾਲ ਜ਼ਬਰਦਸਤ ਫਾਰਮ ਵਿਚ ਹੈ। ਉਸ ਨੂੰ ਰੋਕਣਾ ਰਾਜਸਥਾਨ ਲਈ ਇਕ ਵੱਡੀ ਚੁਣੌਤੀ ਹੋਵੇਗੀ।