IPL 2019 : ਦਿੱਲੀ ਕੈਪੀਟਲਸ ਦਾ ਕਪਤਾਨ ਸ਼੍ਰੇਅਸ ਅਈਅਰ ਹੋਇਆ ਜ਼ਖਮੀ
Wednesday, Apr 17, 2019 - 10:19 PM (IST)

ਨਵੀਂ ਦਿੱਲੀ— ਮੁੰਬਈ ਇੰਡੀਅਨਜ਼ ਵਿਰੁੱਧ ਮੈਚ ਤੋਂ ਪਹਿਲਾਂ ਅਭਿਆਸ ਦੌਰਾਨ ਦਿੱਲੀ ਕੈਪੀਟਲਸ ਦੇ ਕਪਤਾਨ ਸ਼੍ਰੇਅਸ ਅਈਅਰ ਜ਼ਖਮੀ ਹੋ ਗਏ ਹਨ। ਉਨ੍ਹਾਂ ਦੇ ਸੱਜੇ ਹੱਥ 'ਤੇ ਸੱਟ ਲੱਗੀ ਹੈ। ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਕਿ ਉਨ੍ਹਾਂ ਦੀ ਸੱਟ ਕਿੰਨੀ ਗੰਭੀਰ ਹੈ ਤੇ ਉਹ ਮੁੰਬਈ ਵਿਰੁੱਧ ਮੈਚ 'ਚ ਖੇਡਣਗੇ ਜਾਂ ਨਹੀਂ। ਲੈਅ 'ਚ ਚੱਲ ਰਹੇ ਅਈਅਰ ਇਸ ਸੈਸ਼ਨ 'ਚ ਹੁਣ ਤਕ 33.25 ਦੀ ਔਸਤ ਨਾਲ ਦਿੱਲੀ ਵਲੋਂ ਸਭ ਤੋਂ ਜ਼ਿਆਦਾ 266 ਦੌੜਾਂ ਬਣਾ ਚੁੱਕੇ ਹਨ। ਇਸ ਦੌਰਾਨ ਰਿਸ਼ਭ ਪੰਤ ਵੀ ਨੈੱਟ ਅਭਿਆਸ ਕਰਦੇ ਦਿਖੇ, ਜਿਸ ਨੂੰ ਭਾਰਤ ਦੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਨਹੀਂ ਮਿਲ ਸਕੀ ਹੈ। ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਟੀਮ ਦੇ ਸਲਾਹਕਾਰ ਸੌਰਵ ਗਾਂਗੁਲੀ ਨਾਲ ਲੰਮੀ ਗੱਲਬਾਤ ਕਰਦੇ ਦਿਖੇ।