IPL 2019 : ਪੰਜਾਬ ਵਿਰੁੱਧ ਘਰ ''ਚ ਹਾਰ ਦਾ ਕ੍ਰਮ ਤੋੜਨ ਉਤਰੇਗੀ ਦਿੱਲੀ

04/20/2019 1:52:33 AM

ਨਵੀਂ ਦਿੱਲੀ— ਆਪਣੇ ਘਰ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਹਾਰ ਝੱਲ ਰਹੀ ਦਿੱਲੀ ਕੈਪੀਟਲਸ ਦੀ ਟੀਮ ਸ਼ਨੀਵਾਰ ਨੂੰ ਜਦੋਂ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਆਈ. ਪੀ. ਐੱਲ.-12 ਮੁਕਾਬਲੇ 'ਚ ਉਤਰੇਗੀ ਤਾਂ ਉਸ ਦਾ ਇਕਲੌਤਾ ਟੀਚਾ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਹਾਰ ਦਾ ਕ੍ਰਮ ਤੋੜਨਾ ਹੋਵੇਗਾ। ਦਿੱਲੀ ਤੇ ਪੰਜਾਬ ਦੋਵੇਂ ਟੀਮਾਂ ਟੂਰਨਾਮੈਂਟ 'ਚ ਇਸ ਸਮੇਂ ਅਜਿਹੇ ਮੁਕਾਮ 'ਤੇ ਹਨ, ਜਿਥੋਂ ਜਿੱਤ ਹਾਸਲ ਕਰਨ ਦੇ ਨਾਲ ਹੀ ਉਨ੍ਹਾਂ ਦੀਆਂ ਪਲੇਅ ਆਫ ਦੀਆਂ ਉਮੀਦਾਂ ਮਜ਼ਬੂਤ ਹੋਣਗੀਆਂ। ਦਿੱਲੀ ਤੇ ਪੰਜਾਬ ਦੋਵਾਂ ਦੇ 9-9 ਮੈਚਾਂ ਵਿਚੋਂ 5-5 ਜਿੱਤਾਂ ਦੇ ਨਾਲ 10 ਅੰਕ ਹਨ ਪਰ ਬਿਹਤਰ ਰਨ ਰੇਟ ਦੇ ਆਧਾਰ 'ਤੇ ਦਿੱਲੀ ਤੀਜੇ ਤੇ ਪੰਜਾਬ ਚੌਥੇ ਸਥਾਨ 'ਤੇ ਹੈ। ਸ਼ਨੀਵਾਰ ਦੇ ਮੁਕਾਬਲੇ ਵਿਚ ਜਿੱਤ ਦੋਵਾਂ ਟੀਮਾਂ ਦੀ ਸਥਿਤੀ ਨੂੰ ਮਜ਼ਬੂਤ ਕਰੇਗੀ।
ਦਿੱਲੀ ਨੂੰ ਵੀਰਵਾਰ ਆਪਣੇ ਮੈਦਾਨ ਵਿਚ ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਮੁੰਬਈ ਇੰਡੀਅਨਜ਼ ਹੱਥੋਂ 40 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦਿੱਲੀ ਨੇ ਮੁੰਬਈ ਨੂੰ 16 ਓਵਰਾਂ ਵਿਚ 110 ਦੌੜਾਂ ਤਕ ਰੋਕੀ ਰੱਖਿਆ ਸੀ ਪਰ ਆਖਰੀ ਚਾਰ ਓਵਰਾਂ ਵਿਚ ਪਈਆਂ 58 ਦੌੜਾਂ ਨੇ ਮੈਚ ਦਾ ਪਾਸਾ ਹੀ ਪਲਟ ਕੇ ਰੱਖ ਦਿੱਤਾ। ਮੁੰਬਈ ਨੇ 168 ਦੌੜਾਂ ਬਣਾਈਆਂ, ਜਦਕਿ ਦਿੱਲੀ ਦੀ ਟੀਮ 49 ਦੌੜਾਂ ਦੀ ਚੰਗੀ ਸ਼ੁਰੂਆਤ ਤੋਂ ਬਾਅਦ 128 ਦੌੜਾਂ ਤਕ ਹੀ ਪਹੁੰਚ ਸਕੀ। ਇਸ ਮੁਕਾਬਲੇ ਤੋਂ ਪਹਿਲਾਂ ਦਿੱਲੀ ਨੂੰ ਆਪਣੇ ਪਿਛਲੇ ਮੈਚ ਵਿਚ ਜਿਥੇ ਹਾਰ ਮਿਲੀ ਸੀ, ਉਥੇ ਹੀ ਪੰਜਾਬ ਦੀ ਟੀਮ ਆਪਣਾ ਪਿਛਲਾ ਮੁਕਾਬਲਾ  ਰਾਜਸਥਾਨ ਤੋਂ 12 ਦੌੜਾਂ ਨਾਲ ਜਿੱਤਣ ਤੋਂ ਬਾਅਦ ਦਿੱਲੀ ਨੂੰ ਉਸੇ ਦੇ ਘਰ ਵਿਚ ਚੁਣੌਤੀ ਦੇਵੇਗੀ। ਪੰਜਾਬ ਨੇ 182 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਕੇ ਜਿੱਤ ਆਪਣੇ ਨਾਂ ਕੀਤੀ ਸੀ। ਦਿੱਲੀ ਲਈ ਪੰਜਾਬ ਨੂੰ ਰੋਕਣਾ ਸਖਤ ਚੁਣੌਤੀ ਹੋਵੇਗੀ।
ਕੋਟਲਾ ਦੇ ਮੈਦਾਨ 'ਤੇ ਦਿੱਲੀ ਨੇ ਇਸ ਸੈਸ਼ਨ ਵਿਚ ਚਾਰ ਮੁਕਾਬਲਿਆਂ ਵਿਚੋਂ ਸਿਰਫ ਇਕ ਜਿੱਤਿਆ ਤੇ ਤਿੰਨ ਗੁਆਏ ਹਨ। ਦਿੱਲੀ ਨੇ ਕੋਟਲਾ ਵਿਚ ਆਪਣਾ ਪਹਿਲਾ ਮੈਚ ਚੇਨਈ ਤੋਂ 6 ਵਿਕਟਾਂ ਨਾਲ ਗੁਆਇਆ ਪਰ ਅਗਲੇ ਮੈਚ ਵਿਚ ਉਸ ਨੇ ਕੋਲਕਾਤਾ ਨੂੰ ਸੁਪਰ ਓਵਰ ਵਿਚ ਹਰਾ ਦਿੱਤਾ। ਦਿੱਲੀ ਇਸ ਤੋਂ ਬਾਅਦ ਹੈਦਰਾਬਾਦ ਤੋਂ 5 ਵਿਕਟਾਂ ਨਾਲ ਤੇ ਮੁੰਬਈ ਹੱਥੋਂ 40 ਦੌੜਾਂ ਨਾਲ ਹਾਰ ਗਈ। ਦਿੱਲੀ ਨੂੰ ਹਾਰ ਦਾ ਅੜਿੱਕਾ ਤੋੜਨਾ ਪਵੇਗਾ ਤਦ ਉਸ ਦੇ ਲਈ ਪਲੇਅ ਆਫ ਦੀਆਂ ਉਮੀਦਾਂ ਬਰਕਰਾਰ ਰਹਿ ਸਕਣਗੀਆਂ।


Gurdeep Singh

Content Editor

Related News