IPL 2018 : ਚੇਨਈ ਨੇ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ

04/26/2018 12:51:00 AM

ਬੈਂਗਲੁਰੂ- 7 ਸਾਲ ਪਹਿਲਾਂ ਇਸੇ ਮਹੀਨੇ ਹੋਏ ਵਿਸ਼ਵ ਕੱਪ ਫਾਈਨਲ ਦੀਆਂ ਯਾਦਾਂ ਤਾਜ਼ਾ ਕਰਦਿਆਂ ਮਹਿੰਦਰ ਸਿੰਘ ਧੋਨੀ ਨੇ ਆਖਰੀ ਓਵਰ ਵਿਚ ਉਸੇ ਤਰ੍ਹਾਂ ਛੱਕਾ ਲਾਉਂਦਿਆਂ ਚੇਨਈ ਸੁਪਰ ਕਿੰਗਜ਼ ਨੂੰ ਬੁੱਧਵਾਰ ਨੂੰ ਆਈ. ਪੀ. ਐੱਲ. ਦੇ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ 'ਤੇ 5 ਵਿਕਟਾਂ ਨਾਲ ਰੋਮਾਂਚਕ ਜਿੱਤ ਦਿਵਾ ਦਿੱਤੀ। ਬੈਂਗਲੁਰੂ ਨੇ ਚਿੰਨਾਸਵਾਮੀ ਸਟੇਡੀਅਮ 'ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਏ. ਬੀ. ਡਿਵਿਲੀਅਰਸ ਤੇ ਕਵਿੰਟਨ ਡੀ ਕੌਕ ਦੇ ਹਮਲਾਵਰ ਅਰਧ ਸੈਂਕੜਿਆਂ ਦੀ ਮਦਦ ਨਾਲ 8 ਵਿਕਟਾਂ 'ਤੇ 205 ਦੌੜਾਂ ਬਣਾਈਆਂ।
ਜਵਾਬ ਵਿਚ ਮੈਨ ਆਫ ਦਿ ਮੈਚ ਧੋਨੀ (ਅਜੇਤੂ 70) ਤੇ ਅੰਬਾਤੀ ਰਾਇਡੂ (82) ਨੇ ਚੇਨਈ ਨੂੰ ਮੁਸ਼ਕਿਲ ਲੱਗ ਰਹੀ ਜਿੱਤ ਤਕ ਪਹੁੰਚਾਇਆ। ਦੋਵਾਂ ਨੇ 5ਵੀਂ ਵਿਕਟਾਂ ਲਈ 101 ਦੌੜਾਂ ਦੀ ਸਾਂਝੇਦਾਰੀ ਕੀਤੀ ਜਦਕਿ ਚੇਨਈ ਦੀਆਂ 4 ਵਿਕਟਾਂ 9 ਓਵਰਾਂ ਵਿਚ 74 ਦੌੜਾਂ 'ਤੇ ਡਿੱਗ ਚੁੱਕੀਆਂ ਸਨ। ਰਾਇਡੂ ਨੇ 53 ਗੇਂਦਾਂ 'ਤੇ 3 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ 82 ਦੌੜਾਂ ਬਣਾਈਆਂ ਪਰ ਉਹ 18ਵੇਂ ਓਵਰ ਵਿਚ ਰਨ ਆਊਟ ਹੋ ਗਿਆ। ਚੇਨਈ ਨੂੰ ਆਖਰੀ ਦੋ ਓਵਰਾਂ ਵਿਚ ਜਿੱਤ ਲਈ 30 ਦੌੜਾਂ ਦੀ ਲੋੜ ਸੀ। 
ਮੁਹੰਮਦ ਸਿਰਾਜ ਦੇ ਅਗਲੇ ਓਵਰ ਵਿਚ ਧੋਨੀ ਦੇ ਛੱਕੇ ਸਮੇਤ 14 ਦੌੜਾਂ ਬਣੀਆਂ ਤੇ ਆਖਰੀ ਓਵਰ ਵਿਚ 16 ਦੌੜਾਂ ਦੀ ਲੋੜ ਸੀ। ਡਵੇਨ ਬ੍ਰਾਵੋ ਨੇ ਐਡਰਸਨ ਦੀ ਪਹਿਲੀ ਗੇਂਦ 'ਤੇ ਚੌਕਾ ਤੇ ਦੂਜੀ 'ਤੇ ਛੱਕਾ ਲਾਉਣ ਤੋਂ ਬਾਅਦ ਇਕ ਦੌੜ ਲਈ। ਧੋਨੀ ਨੇ ਚੌਥੀ ਗੇਂਦ 'ਤੇ ਲਾਂਗ ਆਨ 'ਤੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ ਤੇ ਸਾਬਤ ਕਰ ਦਿੱਤਾ ਕਿ ਉਸ ਨੂੰ ਵਿਸ਼ਵ ਕੱਪ  ਦੇ ਬਿਹਤਰੀਨ ਫਿਨਿਸ਼ਰਾਂ ਵਿਚ ਕਿਉਂ ਸ਼ਾਮਲ ਕੀਤਾ ਜਾਂਦਾ ਹੈ।
ਧੋਨੀ 34 ਗੇਂਦਾਂ 'ਤੇ 1 ਚੌਕੇ ਤੇ 7 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾ ਕੇ ਅਜੇਤੂ ਰਿਹਾ।  ਇਸ ਜਿੱਤ ਦੇ ਨਾਲ ਚੇਨਈ 6 ਮੈਚਾਂ ਵਿਚੋਂ 10 ਅੰਕ ਲੈ ਕੇ ਚੋਟੀ 'ਤੇ ਪਹੁੰਚ ਗਈ, ਜਦਕਿ ਆਰ. ਸੀ. ਬੀ. ਚਾਰ ਅੰਕਾਂ ਨਾਲ ਛੇਵੇਂ ਸਥਾਨ 'ਤੇ ਹੈ।


Related News