IOA ਨੇ ਕੁਸ਼ਤੀ ਐਡਹਾਕ ਕਮੇਟੀ ਨੂੰ ਕੀਤਾ ਭੰਗ, WFI ਨੇ ਜ਼ਿੰਮੇਵਾਰੀ ਸੰਭਾਲੀ

Tuesday, Mar 19, 2024 - 10:57 AM (IST)

IOA ਨੇ ਕੁਸ਼ਤੀ ਐਡਹਾਕ ਕਮੇਟੀ ਨੂੰ ਕੀਤਾ ਭੰਗ, WFI ਨੇ ਜ਼ਿੰਮੇਵਾਰੀ ਸੰਭਾਲੀ

ਨਵੀਂ ਦਿੱਲੀ- ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੀ ਮੁਅੱਤਲੀ ਹਟਾਉਣ ਤੇ ਉਸ ਨੂੰ ਪੂਰਣ ਪ੍ਰਸ਼ਾਸਨਿਕ ਕੰਟਰੋਲ ਮਿਲਣ ਤੋਂ ਬਾਅਦ ਕੁਸ਼ਤੀ ਦੀ ਐਡਹਾਕ ਕਮੇਟੀ ਨੂੰ ਭੰਗ ਕਰ ਦਿੱਤਾ। ਆਈ. ਓ. ਏ. ਨੇ ਕਿਹਾ ਕਿ ਰਾਸ਼ਟਰੀ ਸੰਘ ਦੀ ਮੁਅੱਤਲੀ ਰੱਦ ਹੋਣ ਤੋਂ ਬਾਅਦ ਖੇਡ ਦੇ ਸੰਚਾਲਨ ਲਈ ਐਡਹਾਕ ਕਮੇਟੀ ਦੀ ‘ਕੋਈ ਲੋੜ ਨਹੀਂ’ ਹੈ।
ਆਈ. ਓ. ਏ. ਨੇ ਕਿਹਾ ਕਿ ਐਡਹਾਕ ਕਮੇਟੀ ਨੇ ਡਬਲਯੂ. ਐੱਫ. ਆਈ. ਦੇ ਸਹਿਯੋਗ ਨਾਲ ਅਗਲੇ ਮਹੀਨੇ ਦੇ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਲਈ ਚੋਣ ਟ੍ਰਾਇਲ ਦਾ ਸਫਲ ਆਯੋਜਨ ਕਰ ਲਿਆ ਹੈ। ਖੇਡ ਮੰਤਰਾਲਾ ਨੇ ਦਸੰਬਰ ’ਚ ਡਬਲਯੂ. ਐੱਫ. ਆਈ. ਨੂੰ ਮੁਅੱਤਲ ਕਰ ਕੇ ਐਡਹਾਕ ਕਮੇਟੀ ਦਾ ਗਠਨ ਕੀਤਾ ਸੀ। ਉਸਦਾ ਇਹ ਦਾਅਵਾ ਹਾਲਾਂਕਿ ਉਸ ਸਮੇਂ ਉਲਟਾ ਪੈ ਗਿਆ ਜਦੋਂ ਇਸ ਖੇਡ ਦੀ ਵਿਸ਼ਵ ਪੱਧਰੀ ਸੰਸਥਾ ਯੂ. ਡਬਲਯੂ. ਡਬਲਯੂ. (ਯੂਨਾਈਟਿਡ ਵਰਲਡ ਰੈਸਲਿੰਗ) ਨੇ ਫਰਵਰੀ ’ਚ ਡਬਲਯੂ. ਐੱਫ. ਆਈ. ਤੋਂ ਮੁਅੱਤਲੀ ਹਟਾ ਦਿੱਤੀ।
ਆਈ. ਓ. ਏ. ਨੇ 10 ਮਾਰਚ ਨੂੰ ਜਾਰੀ ਹੁਕਮਾਂ ਵਿਚ ਕਿਹਾ,‘‘ਮਾਣਯੋਗ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਐਡਹਾਕ ਕਮੇਟੀ ਨੂੰ ਭੰਗ ਕਰਨ ਦਾ ਫੈਸਲਾ ਡਬਲਯੂ. ਡਬਲਯੂ. ਵੱਲੋਂ ਭਾਰਤੀ ਕੁਸ਼ਤੀ ਸੰਘ ’ਤੇ ਲੱਗੀ ਪਾਬੰਦੀ ਨੂੰ ਹਟਾਉਣ ਤੇ ਆਈ. ਓ. ਏ. ਵੱਲੋਂ ਨਿਯੁਕਤ ਕਮੇਟੀ ਵੱਲੋਂ ਚੋਣ ਟ੍ਰਾਇਲ ਦੀ ਸਫਲ ਸਮਾਪਤੀ ਨੂੰ ਦੇਖਦੇ ਹੋਏ ਲਿਆ ਗਿਆ ਹੈ।’’
ਸੰਜੇ ਸਿੰਘ ਦੀ ਅਗਵਾਈ ਵਾਲੀ ਨਵੀਂ ਚੁਣੀ ਗਈ ਡਬਲਯੂ. ਐੱਫ.ਆਈ. ਵੱਲੋਂ ਕਥਿਤ ਤੌਰ ’ਤੇ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਾਅਦ 23 ਦਸੰਬਰ ਨੂੰ ਭੁਪਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਐਡਹਾਕ ਕਮੇਟੀ ਬਣਾਈ ਗਈ ਸੀ। ਐਡਹਾਕ ਕਮੇਟੀ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਅਪ੍ਰੈਲ ’ਚ ਕਿਰਗਿਸਤਾਨ ਵਿਚ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ ਤੇ ਏਸ਼ੀਆਈ ਓਲੰਪਿਕ ਕੁਆਲੀਫਾਇਰ ਲਈ ਟੀਮਾਂ ਦੀ ਚੋਣ ਕਰਨ ਲਈ ਟ੍ਰਾਇਲ ਦਾ ਆਯੋਜਨ ਕੀਤਾ ਸੀ। ਇਸ ਟ੍ਰਾਇਲ ’ਚ ਵਿਨੇਸ਼ ਫੋਗਟ ਤੇ ਬਜਰੰਗ ਪੂਨੀਆ ਨੇ ਵੀ ਹਿੱਸਾ ਲਿਆ ਸੀ। ਵਿਨੇਸ਼ ਫੋਗਟ ਨੇ 50 ਕਿ. ਗ੍ਰਾ. ਭਾਰ ਵਰਗ ’ਚ ਓਲੰਪਿਕ ਕੁਆਲੀਫਾਇਰ ’ਚ ਜਿੱਤ ਦਰਜ ਕਰਨ ’ਚ ਸਫਲਤਾ ਹਾਸਲ ਕੀਤੀ ਸੀ ਪਰ ਬਜਰੰਗ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟ੍ਰਾਇਲਾਂ ਦੀ ਸਫਲ ਸਮਾਪਤੀ ਤੋਂ ਬਾਅਦ ਖੇਡ ਦੀ ਬਾਗਡੋਰ ਡਬਲਯੂ. ਐੱਫ. ਆਈ. ਨੂੰ ਸੌਂਪ ਦਿੱਤੀ ਗਈ ਹੈ। ਆਈ. ਓ. ਏ. ਨੇ ਡਬਲਯੂ. ਐੱਫ. ਆਈ. ਨੂੰ ਜਿਣਸੀ ਸੋਸ਼ਣ ਤੇ ਨਿਯਮਾਂ ਦੀ ਪਾਲਣਾ ਵਰਗੇ ਹੋਰਨਾਂ ਮੁੱਦਿਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇਕ ‘ਸੁਰੱਖਿਆ ਕਮੇਟੀ ਅਧਿਕਾਰੀ’ ਨਿਯੁਕਤ ਕਰਨ ਦਾ ਨਿਰਦੇਸ਼ ਦਿੱਤਾ।
ਆਈ. ਓ. ਏ. ਦੇ ਪੱਤਰ ’ਚ ਕਿਹਾ ਗਿਆ, ‘‘ਯੂ. ਡਬਲਯੂ. ਡਬਲਯੂ. ਦੇ ਨਿਰਦੇਸ਼ਾਂ ਮੁਤਾਬਕ ਇਹ ਜ਼ਰੂਰੀ ਹੈ ਕਿ ਡਬਲਯੂ. ਐੱਫ. ਆਈ. ਖਰਾਬ ਰਵੱਈਏ ਤੇ ਜਿਣਸ਼ੀ ਸ਼ੋਸ਼ਣ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਤੇ ਨਿਯਮਾਂ ਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤੈਅ ਕਰਨ ਲਈ ਜਲਦ ਤੋਂ ਜਲਦ ਸੁਰੱਖਿਆ ਕਮੇਟੀ ਅਧਿਕਾਰੀ ਨਿਯੁਕਤ ਕਰੇ।’’


author

Aarti dhillon

Content Editor

Related News