ਮੇਸੀ ਦੇ ਗੋਲ ਨਾਲ ਚੋਟੀ ਦਰਜਾ ਹਾਸਲ ਕਰਨ ਦੇ ਨੇੜੇ ਪਹੁੰਚਿਆ ਇੰਟਰ ਮਿਆਮੀ
Monday, Sep 30, 2024 - 11:44 AM (IST)

ਫੋਰਟ ਲਾਡਰਡੇਲ (ਅਮਰੀਕਾ), (ਏ. ਪੀ.)– ਲਿਓਨਿਲ ਮੇਸੀ ਨੇ ਆਪਣੇ ਅਕਸ ਅਨੁਸਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲ ਕੀਤਾ, ਜਿਸ ਨਾਲ ਇੰਟਰ ਮਿਆਮੀ ਮੇਜਰ ਲੀਗ ਸਾਕਰ (ਐੱਮ. ਐੱਲ. ਐੱਸ.) ਕੱਪ ਪਲੇਅ ਆਫ ਲਈ ਚੋਟੀ ਦਰਜਾ ਹਾਸਲ ਕਰਨ ਦੇ ਨੇੜੇ ਪਹੁੰਚ ਗਿਆ। ਮੈਸੀ ਨੇ 67ਵੇਂ ਮਿੰਟ ਵਿਚ ਗੋਲ ਕੀਤਾ, ਜਿਸ ਦੀ ਬਦੌਲਤ ਇੰਟਰ ਮਿਆਮੀ ਨੇ ਚਾਰਲੈੱਟ ਐੱਫ. ਸੀ. ਵਿਰੁੱਧ ਮੈਚ 1-1 ਨਾਲ ਡਰਾਅ ਖੇਡ ਕੇ ਮੇਜਰ ਲੀਗ ਸਾਕਰ ਵਿਚ ਆਪਣੀ ਅਜੇਤੂ ਮੁਹਿੰਮ ਨੂੰ 8 ਮੈਚਾਂ ਤੱਕ ਪਹੁੰਚਾ ਦਿੱਤਾ।
ਮੈਸੀ ਦਾ ਇਸ ਸੈਸ਼ਨ ਵਿਚ 16 ਲੀਗ ਮੈਚਾਂ ਵਿਚ ਇਹ 15ਵਾਂ ਗੋਲ ਸੀ। ਮੈਸੀ ਐੱਮ. ਐੱਲ. ਐੱਸ. ਇਤਿਹਾਸ ਵਿਚ ਇਕ ਸੈਸ਼ਨ ਵਿਚ ਘੱਟ ਤੋਂ ਘੱਟ 15 ਗੋਲ ਕਰਨ ਤੇ 15 ਗੋਲਾਂ ਵਿਚ ਮਦਦ ਕਰਨ ਵਾਲਾ ਛੇਵਾਂ ਖਿਡਾਰੀ ਬਣ ਗਿਆ। ਉਸਦੀ ਇਹ ਉਪਲੱਬਧੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਵਿਚਾਲੇ ਉਹ ਵੱਖ-ਵੱਖ ਕਾਰਨਾਂ ਤੋਂ ਲੀਗ ਦੇ 15 ਮੈਚਾਂ ਵਿਚ ਨਹੀਂ ਖੇਡ ਸਕਿਆ ਸੀ। ਇਸ ਮੈਚ ਵਿਚ ਡਰਾਅ ਨਾਲ ਇੰਟਰ ਮਿਆਮੀ ਪਲੇਅ ਆਫ ਲਈ ਚੋਟੀ ਦਰਜਾ ਹਾਸਲ ਕਰਨ ਦੇ ਨੇੜੇ ਪਹੁੰਚ ਗਿਆ ਹੈ। ਉਸਦੇ ਅਜੇ 65 ਅੰਕ ਹਨ ਜਦਕਿ ਉਸਦੇ ਕਰੀਬੀ ਕੋਲੰਬਸ ਦੇ 57 ਅੰਕ ਹਨ।