9 ਜੂਨ ਨੂੰ ਹੋਵੇਗਾ ਭਾਰਤ-ਪਾਕਿ ਵਿਚਾਲੇ ਟੀ-20 ਵਿਸ਼ਵ ਕੱਪ ਮੁਕਾਬਲਾ, ਟਿਕਟ ਦੀ ਕੀਮਤ ਜਾਣ ਉੱਡ ਜਾਣਗੇ ਹੋਸ਼
Tuesday, Mar 05, 2024 - 12:39 AM (IST)
ਸਪੋਰਟਸ ਡੈਸਕ- ਪੁਰਾਣੇ ਵਿਰੋਧੀ ਭਾਰਤ ਤੇ ਪਾਕਿਸਤਾਨ ਆਗਾਮੀ ਟੀ-20 ਵਿਸ਼ਵ ਕੱਪ ਵਿਚ 9 ਜੂਨ ਨੂੰ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ ਤੇ ਇਹ ਮੁਕਾਬਲਾ ਅਮਰੀਕਾ ਦੇ ਨਿਊਯਾਰਕ ਦੇ ਨਾਸਾਓ ਕਾਊਂਟੀ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਬਹੁ-ਚਰਚਿਤ ਮੁਕਾਬਲੇ ਲਈ ਟਿਕਟਾਂ ਦੀ ਵਿਕਰੀ ਦਾ ਪਹਿਲਾ ਰਾਊਂਡ 22 ਫਰਵਰੀ ਨੂੰ ਜਨਤਕ ਰੂਪ ਨਾਲ ਸ਼ੁਰੂ ਹੋਇਆ ਸੀ ਤੇ ਸੀਮਤ ਟਿਕਟਾਂ ਨੂੰ ‘ਪਹਿਲਾਂ ਆਓ ਤੇ ਪਹਿਲਾਂ ਪਾਓ’ ਦੇ ਆਧਾਰ ’ਤੇ ਵਿਕਰੀ ਲਈ ਉਪਲਬੱਧ ਕਰਵਾਇਆ ਗਿਆ ਸੀ। ਹੁਣ ਟਿਕਟਾਂ ਰੀਸੇਲ ਵਿਚ ਹਨ, ਜਿੱਥੇ ਭਾਰਤ ਬਨਾਮ ਪਾਕਿਸਤਾਨ ਮੈਚ ਦੀਆਂ ਟਿਕਟਾਂ ਦੀ ਕੀਮਤ ਐੱਨ.ਬੀ.ਏ. ਜਾਂ ਮੇਜਰ ਲੀਗ ਬੇਸਬਾਲ ਮੈਚ ਦੀਆਂ ਕੀਮਤਾਂ ਦੇ ਬਰਾਬਰ ਪਹੁੰਚ ਗਈ ਹੈ।
ਰਿਪੋਰਟਾਂ ਅਨੁਸਾਰ ਭਾਰਤ ਦੇ 2 ਮੈਚਾਂ ਦੀਆਂ ਟਿਕਟਾਂ ਜਿਹੜੇ ਕਿ ਕ੍ਰਮਵਾਰ 9 ਜੂਨ ਨੂੰ ਨਿਊਯਾਰਕ ਵਿਚ ਪਾਕਿਸਤਾਨ ਤੇ 15 ਜੂਨ ਨੂੰ ਫਲੋਰਿਡਾ ਵਿਚ ਕੈਨੇਡਾ ਵਿਰੁੱਧ ਹੋਣੇ ਹਨ, ਦੀਆਂ ਟਿਕਟਾਂ ਵਿਕ ਚੁੱਕੀਆਂ ਹਨ। ਹੁਣ ਇਹ ਟਿਕਟਾਂ ਵੈੱਬਸਾਈਟ ’ਤੇ ਮੂਲ ਕੀਮਤ ਤੋਂ ਕਈ ਗੁਣਾ ਵੱਧ ਕੀਮਤ ’ਤੇ ਵੇਚੀਆਂ ਜਾ ਰਹੀਆਂ ਹਨ। ਪਹਿਲੇ ਰਾਊਂਡ ਵਿਚ ਟਿਕਟਾਂ ਦੀ ਵਿਕਰੀ ਦੀ ਸਹੂਲਤ ਪ੍ਰਦਾਨ ਕਰਨ ਵਾਲੀ ਆਈ.ਸੀ.ਸੀ. ਵੈੱਬਸਾਈਟ ਲਿੰਕ ਅਨੁਸਾਰ ਇਕ ਟਿਕਟ ਦੀ ਘੱਟ ਤੋਂ ਘੱਟ ਕੀਮਤ 497 ਰੁਪਏ ਸੀ ਜਦਕਿ ਸਭ ਤੋਂ ਮਹਿੰਗੀ ਟਿਕਟ ਬਿਨਾਂ ਟੈਕਸ ਦੇ 33,148 ਰੁਪਏ ਦੀ ਸੀ।
ਇਸ ਸਮੇਂ ਰੀਸੇਲ ਲਈ ਕੁਝ ਵੈੱਬਸਾਈਟਾਂ ’ਤੇ ਵੀ.ਆਈ.ਪੀ. ਟਿਕਟਾਂ ਦੀ ਕੀਮਤ ਲੱਗਭਗ 33.15 ਲੱਖ ਰੁਪਏ ਹੈ। ਹੁਣ ਜੇਕਰ ਤੁਸੀਂ ਪਲੇਟਫਾਰਮ ਟੈਕਸ ਜੋੜਦੇ ਹੋ ਤਾਂ ਇਹ 41.44 ਲੱਖ ਰੁਪਏ ਹੋਵੇਗੀ। 'ਸਟਬਹਬ' ’ਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਦੀ ਸਭ ਤੋਂ ਸਸਤੀ ਟਿਕਟ 1.04 ਲੱਖ ਰੁਪਏ ਦੀ ਬਣਦੀ ਹੈ। ਇਸ ਵਿਚਾਲੇ 'ਸਟੀਗੀਕ' ’ਤੇ ਪੁਰਾਣੀਆਂ ਵਿਰੋਧੀ ਟੀਮਾਂ ਦੇ ਮੁਕਾਬਲੇ ਲਈ ਸਭ ਤੋਂ ਮਹਿੰਗੀ ਟਿਕਟ 1.86 ਕਰੋੜ ਰੁਪਏ ਦੀ ਹੈ, ਜਿਸ ਵਿਚ ਪਲੇਟਫਾਰਮ ਟੈਕਸ ਵੀ ਸ਼ਾਮਲ ਹੈ।
30 ਲੱਖ ਤੋਂ ਵੱਧ ਅਰਜ਼ੀਆਂ ਆਈਆਂ
ਆਈ.ਸੀ.ਸੀ. ਨੂੰ ਵਿਸ਼ਵ ਕੱਪ ਟਿਕਟਾਂ ਲਈ 30 ਲੱਖ ਤੋਂ ਵੱਧ ਅਰਜ਼ੀਆਂ ਹਾਸਲ ਹੋਈਆਂ ਹਨ, ਜੋ 160 ਤੋਂ ਵੀ ਵੱਧ ਦੇਸ਼ਾਂ ਤੋਂ ਆਈਆਂ ਹਨ। ਅਮਰੀਕਾ ਵਿਚ ਹੋਣ ਵਾਲੇ ਮੈਚਾਂ ਦੀਆਂ ਸਾਰੀਆਂ ਟਿਕਟਾਂ ਅਧਿਕਾਰਤ ਸਾਈਟ ’ਤੇ ਉਪਲਬੱਧ ਨਹੀਂ ਹਨ। ਆਈ.ਸੀ.ਸੀ. ਨੇ ਕਿਹਾ ਕਿ 9 ਜੂਨ ਨੂੰ ਨਿਊਯਾਰਕ ਵਿਚ ਭਾਰਤ ਬਨਾਮ ਪਾਕਿਸਤਾਨ ਮੈਚ ਨੂੰ 200 ਤੋਂ ਵੱਧ ਵਾਰ ਓਵਰ ਸਬਸਕ੍ਰਾਈਬ ਕੀਤਾ ਗਿਆ ਹੈ।
ਐੱਨ.ਬੀ.ਏ. ਤੇ ਸੁਪਰ ਬਾਊਲ ਨੂੰ ਪਿੱਛੇ ਛੱਡਿਆ
ਵਿਸ਼ਵ ਕੱਪ ਦੀਆਂ ਟਿਕਟਾਂ ਦੀ ਕੀਮਤ ਐੱਨ.ਬੀ.ਏ. ਫਾਈਨਲ ਤੇ ਸੁਪਰ ਬਾਊਲ ਦੀ ਹੱਦ ਨੂੰ ਪਾਰ ਕਰ ਗਈ ਹੈ। ਰਿਪੋਰਟਾਂ ਅਨੁਸਾਰ ਸੁਪਰ ਬਾਊਲ 58 ਲਈ ਔਸਤ ਟਿਕਟ ਦੀ ਕੀਮਤ 9,000 ਡਾਲਰ ਸੀ ਜਦਕਿ ਐੱਨ.ਬੀ.ਏ. ਫਾਈਨਲ ਲਈ ਕੋਰਟਸਾਈਡ ਸੀਟਾਂ ਦੀ ਕੀਮਤ 24,000 ਡਾਲਰ (ਤਕਰੀਬਨ 20 ਲੱਖ) ਤਕ ਪਹੁੰਚ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e