INDvsAFG 3rd T20i : ਦੂਜੇ ਸੁਪਰ ਓਵਰ 'ਚ ਚਮਕਿਆ ਬਿਸ਼ਨੋਈ, ਡਬਲ ਸੁਪਰ ਓਵਰ 'ਚ ਜਿੱਤਿਆ ਭਾਰਤ

Thursday, Jan 18, 2024 - 12:17 AM (IST)

ਸਪੋਰਟਸ ਡੈਸਕ- ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਟੀ-20 ਲੜੀ ਦਾ ਤੀਜਾ ਮੈਚ ਬੈਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ 'ਚ ਖੇਡਿਆ ਗਿਆ। ਇਹ ਮੈਚ ਬੇਹੱਦ ਰੋਮਾਂਚਕ ਰਿਹਾ ਤੇ ਦੋ ਵਾਰੀ ਸੁਪਰ ਓਵਰ 'ਚ ਪਹੁੰਚਿਆ, ਜਿੱਥੇ ਭਾਰਤ ਨੇ ਆਖ਼ਿਰਕਾਰ ਜਿੱਤ ਹਾਸਲ ਕਰ ਲਈ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਦੇ ਸਕੋਰ ਬਰਾਬਰ ਹੋਣ ਕਾਰਨ ਮੈਚ ਸੁਪਰ ਓਵਰ 'ਚ ਪਹੁੰਚ ਗਿਆ ਸੀ।

ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਰੋਹਿਤ ਸ਼ਰਮਾ ਅਤੇ ਰਿੰਕੂ ਸਿੰਘ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 212 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚਾਇਆ। ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਿਰਫ਼ 69 ਗੇਂਦਾਂ 'ਚ ਨਾਬਾਦ 121 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰਿੰਕੂ ਸਿੰਘ ਨੇ ਵੀ ਸਿਰਫ਼ 39 ਗੇਂਦਾਂ 'ਚ 69 ਦੌੜਾਂ ਬਣਾਈਆਂ। ਦੋਵਾਂ ਨੇ ਆਖ਼ਰੀ ਓਵਰਾਂ 'ਚ ਚੌਕਿਆਂ-ਛੱਕਿਆਂ ਦਾ ਮੀਂਹ ਵਰ੍ਹਾ ਦਿੱਤਾ। 

ਇਸ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਅਫ਼ਗਾਨਿਸਤਾਨ ਨੇ ਕਾਫੀ ਵਧੀਆ ਸ਼ੁਰੂਆਤ ਕੀਤੀ ਤੇ 11 ਓਵਰਾਂ ਤੱਕ ਬਿਨਾਂ ਕੋਈ 93 ਦੌੜਾਂ ਬਣਾ ਲਈਆਂ ਸਨ। ਪਰ ਇਸ ਤੋਂ ਬਾਅਦ ਇਬਰਾਹਿਮ ਜ਼ਾਦਰਾਨ ਅਤੇ ਰਹਿਮਾਨੁੱਲਾ ਗੁਰਬਾਜ਼ ਦੋਵੇਂ ਅਰਧ ਸੈਂਕੜੇ ਲਗਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਅਗਲੇ ਅਫ਼ਗਾਨੀ ਬੱਲੇਬਾਜ਼ਾਂ ਨੇ ਕੁਝ ਵਧੀਆ ਸ਼ਾਟ ਖੇਡੇ। ਮੁਹੰਮਦ ਨਬੀ ਨੇ ਸਿਰਫ਼ 16 ਗੇਂਦਾਂ 'ਚ 2 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ। ਇਸ ਤੋਂ ਬਾਅਦ ਆਏ ਗੁਲਬਦਿਨ ਨੇ ਸ਼ਾਨਦਾਰ ਜੁਝਾਰੂਪਨ ਦਿਖਾਉਂਦੇ ਹੋਏ 55 ਦੌੜਾਂ ਦੀ ਨਾਬਾਦ ਪਾਰੀ ਖੇਡੀ।

ਆਖ਼ਰੀ ਓਵਰ 'ਚ ਟੀਮ ਨੂੰ ਜਿੱਤਣ ਲਈ 19 ਦੌੜਾਂ ਦੀ ਲੋੜ ਸੀ ਤੇ ਗੇਂਦ ਮੁਕੇਸ਼ ਕੁਮਾਰ ਦੇ ਹੱਥ 'ਚ ਸੀ। ਗੁਲਬਦਿਨ ਨਾਇਬ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਆਖ਼ਰੀ ਗੇਂਦ 'ਤੇ ਅਫ਼ਗਾਨਿਸਤਾਨ ਨੂੰ 3 ਦੌੜਾਂ ਦੀ ਲੋੜ ਸੀ, ਪਰ ਉਹ ਸਿਰਫ਼ 2 ਦੌੜਾਂ ਹੀ ਬਣਾ ਸਕੇ ਤੇ ਮੈਚ ਸੁਪਰ ਓਵਰ ਤੱਕ ਪਹੁੰਚ ਗਿਆ। 

ਪਹਿਲੇ ਸੁਪਰ ਓਵਰ 'ਚ ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਗੇਂਦਾਂ 'ਚ 16 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਭਾਰਤ ਨੇ ਵੀ ਰੋਹਿਤ ਦੇ 2 ਛੱਕਿਆਂ ਦੀ ਮਦਦ ਨਾਲ 6 ਗੇਂਦਾਂ 'ਚ 16 ਦੌੜਾਂ ਬਣਾਈਆਂ। ਹੁਣ ਮੁਕਾਬਲੇ ਦਾ ਫ਼ੈਸਲਾ ਕਰਨ ਲਈ ਇਕ ਹੋਰ ਸੁਪਰ ਓਵਰ ਕਰਵਾਇਆ ਗਿਆ, ਜਿਸ 'ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 6 ਗੇਂਦਾਂ 'ਚ 11 ਦੌੜਾਂ ਬਣਾਈਆਂ। ਇਸ ਤਰ੍ਹਾਂ ਅਫ਼ਗਾਨਿਸਤਾਨ ਨੂੰ 6 ਗੇਂਦਾਂ 'ਚ 12 ਦੌੜਾਂ ਦਾ ਟੀਚਾ ਮਿਲਿਆ। ਪਰ ਇਸ ਵਾਰ ਗੇਂਦਬਾਜ਼ੀ ਕਰਨ ਆਏ ਰਵੀ ਬਿਸ਼ਨੋਈ ਨੇ ਅਫ਼ਗਾਨੀ ਬੱਲੇਬਾਜ਼ਾਂ ਨੂੰ ਬਿਲਕੁਲ ਮੌਕਾ ਨਾ ਦਿੱਤਾ ਅਤੇ ਪਹਿਲੀਆਂ 3 ਗੇਂਦਾਂ 'ਚ ਹੀ ਦੋਵਾਂ ਬੱਲੇਬਾਜ਼ਾਂ ਨੂੰ ਆਊਟ ਕਰ ਕੇ ਮੈਚ ਭਾਰਤ ਦੀ ਝੋਲੀ 'ਚ ਪਾ ਦਿੱਤਾ।

 


Harpreet SIngh

Content Editor

Related News