ਭਾਰਤ-ਪਾਕਿਸਤਾਨ ਵਿਸ਼ਵ ਕੱਪ ਮੈਚ ਨੇ ਬਣਾਇਆ ਨਵਾਂ ਰਿਕਾਰਡ, ਬਣਿਆ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮੈਚ
Tuesday, Nov 09, 2021 - 05:24 PM (IST)
ਮੁੰਬਈ (ਭਾਸ਼ਾ)- ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦਾ ਟੀ-20 ਵਿਸ਼ਵ ਕੱਪ ਖੇਡੇ ਗਏ ਮੈਚ ਨੂੰ ਰਿਕਾਰਡ 16 ਕਰੋੜ 70 ਲੱਖ ਦਰਸ਼ਕਾਂ ਨੇ ਦੇਖਿਆ, ਜਿਸ ਨਾਲ ਇਹ ਹੁਣ ਤੱਕ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਬਣ ਗਿਆ ਹੈ। ਇਹ ਦਾਅਵਾ ਮੁਕਾਬਲੇ ਦੇ ਅਧਿਕਾਰਤ ਪ੍ਰਸਾਰਕ ਨੇ ਕੀਤਾ ਹੈ। ਸਟਾਰ ਇੰਡੀਆ ਦੀ ਰਿਲੀਜ਼ ਦੇ ਅਨੁਸਾਰ ਪਿਛਲੇ ਹਫ਼ਤੇ ਤੱਕ ਯਾਨੀ ਕੁਆਲੀਫਾਇਰ ਅਤੇ ਸੁਪਰ 12 ਪੜਾਅ ਦੇ ਸ਼ੁਰੂਆਤੀ 12 ਮੈਚਾਂ ਵਿਚ ਟੀ-20 ਵਿਸ਼ਵ ਕੱਪ ਦੀ ਕੁੱਲ ਪਹੁੰਚ 23 ਕਰੋੜ 80 ਲੱਖ ਦਰਸ਼ਕਾਂ ਤੱਕ ਸੀ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਗਿਆ 2016 ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਟੀ-20 ਮੈਚ ਸੀ, ਜਿਸ ਨੂੰ 13 ਕਰੋੜ 60 ਲੱਖ ਦਰਸ਼ਕਾਂ ਨੇ ਦੇਖਿਆ ਸੀ।
ਇਹ ਵੀ ਪੜ੍ਹੋ : ਭਾਰਤੀ ਨਿਸ਼ਾਨੇਬਾਜ਼ ਰਾਹੀ ਨੇ ਪਿਸਟਲ 'ਚ ਖ਼ਰਾਬੀ ਦੇ ਬਾਵਜੂਦ ਜਿੱਤਿਆ ਚਾਂਦੀ ਦਾ ਤਗ਼ਮਾ
ਰੀਲੀਜ਼ ਅਨੁਸਾਰ, '16 ਕਰੋੜ 70 ਲੱਖ ਦਰਸ਼ਕਾਂ ਨਾਲ 24 ਅਕਤੂਬਰ ਨੂੰ ਹੋਇਆ ਭਾਰਤ-ਪਾਕਿਸਤਾਨ ਮੈਚ ਹੁਣ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟੀ-20 ਅੰਤਰਰਾਸ਼ਟਰੀ ਮੈਚ ਹੈ। ਇਸ ਨੇ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ 2016 ਦੇ ਆਈ.ਸੀ.ਸੀ. ਵਿਸ਼ਵ ਟੀ-20 ਸੈਮੀਫਾਈਨਲ ਦੇ ਰਿਕਾਰਡ ਨੂੰ ਤੋੜ ਦਿੱਤਾ। ਭਾਰਤ ਅਤੇ ਪਾਕਿਸਤਾਨ ਦੀਆਂ ਵਿਰੋਧੀ ਟੀਮਾਂ ਆਈ.ਸੀ.ਸੀ. ਟੂਰਨਾਮੈਂਟ ਵਿਚ ਦੋ ਸਾਲ ਬਾਅਦ ਆਹਮੋ-ਸਾਹਮਣੇ ਸਨ।' ਭਾਰਤ ਅਤੇ ਪਾਕਿਸਤਾਨ ਨੇ 24 ਅਕਤੂਬਰ ਨੂੰ ਇਕ ਦੂਜੇ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਬਾਬਰ ਆਜ਼ਮ ਦੀ ਟੀਮ ਨੇ ਵਿਰਾਟ ਕੋਹਲੀ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਪਾਕਿਸਤਾਨ ਨੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਥਾਂ ਬਣਾ ਲਈ ਹੈ, ਜਦਕਿ ਭਾਰਤ ਗਰੁੱਪ ਪੜਾਅ 'ਚੋਂ ਹੀ ਬਾਹਰ ਹੋ ਗਿਆ ਹੈ।
ਇਹ ਵੀ ਪੜ੍ਹੋ : ਫਿਟਨੈੱਸ ਦੇ ਪ੍ਰਤੀ ਜਨੂੰਨ ਨਾਲ ਲੰਬੇ ਸਮੇਂ ਤੋਂ ਕ੍ਰਿਕਟ ਵਿਚ ਬਣਿਆ ਹੋਇਆ ਹਾਂ : ਸ਼ੋਏਬ ਮਲਿਕ