ਸ਼ੁਭਮਨ ਦੇ ਦੋਹਰੇ ਸੈਂਕੜੇ ਨਾਲ ਭਾਰਤ-ਏ ਨੇ ਕਰਵਾਇਆ ਡਰਾਅ

02/02/2020 7:35:21 PM

ਕ੍ਰਾਈਸਟਚਰਚ : ਸ਼ੁਭਮਨ ਗਿੱਲ (ਅਜੇਤੂ 204) ਦੇ ਦੋਹਰੇ ਸੈਂਕੜੇ ਤੇ ਪ੍ਰਿਯਾਂਕ ਪਾਂਚਾਲ (115) ਅਤੇ ਹਨੁਮਾ ਵਿਹਾਰੀ (ਅਜੇਤੂ 100) ਦੇ ਸੈਂਕੜਿਆਂ ਨਾਲ ਭਾਰਤੀ ਏ-ਟੀਮ ਅਤੇ ਨਿਊਜ਼ੀਲੈਂਡ-ਏ ਟੀਮ ਵਿਚਾਲੇ ਪਹਿਲਾ ਗੈਰ-ਅਧਿਕਾਰਤ ਟੈਸਟ ਮੁਕਾਬਲਾ ਡਰਾਅ 'ਤੇ ਖਤਮ ਹੋਇਆ। ਭਾਰਤੀ ਟੀਮ ਵਲੋਂ ਸ਼ੁਭਮਨ ਨੇ 279 ਗੇਂਦਾਂ ਵਿਚ 22 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 204 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ, ਜਿਸ ਦੀ ਬਦੌਲਤ ਟੀਮ ਮੁਕਾਬਲੇ ਦੇ ਚੌਥੇ ਤੇ ਆਖਰੀ ਦਿਨ 3 ਵਿਕਟਾਂ 'ਤੇ 448 ਦੌੜਾਂ ਬਣਾ ਸਕੀ ਤੇ ਮੁਕਾਬਲਾ ਡਰਾਅ ਹੋ ਗਿਆ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ ਡੇਨ ਕਿਲਵਰ ਦੀਆਂ 196 ਤੇ ਮਾਰਕ ਚਾਪਮੈਨ ਦੀਆਂ 114 ਦੌੜਾਂ ਦੇ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ 7 ਵਿਕਟਾਂ 'ਤੇ 562 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕਰ ਦਿੱਤੀ ਸੀ ਤੇ 346 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕਰ ਲਈ ਸੀ। ਦੂਜੀ ਪਾਰੀ 'ਚ ਭਾਰਤੀ ਸਲਾਮੀ ਜੋੜੀ ਬੇਦਮ ਰਹੀ ਤੇ ਮਯੰਕ ਅਗਰਵਾਲ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਪਰਤ ਗਿਆ।

PunjabKesari

ਮਯੰਕ ਦੇ ਆਊਟ ਹੋਣ ਤੋਂ ਬਾਅਦ ਪ੍ਰਿਯਾਂਕ ਨੇ ਅਭਿਮਨਿਊ ਈਸ਼ਵਰਨ ਨਾਲ ਪਾਰੀ ਨੂੰ ਅੱਗੇ ਵਧਾਇਆ ਤੇ ਦੋਵਾਂ ਵਿਚਾਲੇ ਦੂਜੀ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਹੋਈ। ਹਾਲਾਂਕਿ ਈਸ਼ਵਰਨ ਏਜ਼ਾਜ਼ ਪਟੇਲ ਦੀ ਗੇਂਦ 'ਤੇ ਹੇਮਿਸ਼ ਰੁਦਰਫੋਰਡ ਨੂੰ ਕੈਚ ਦੇ ਬੈਠਾ। ਈਸ਼ਵਰਨ ਨੇ 26 ਦੌੜਾਂ ਬਣਾਈਆਂ। ਪ੍ਰਿਯਾਂਕ ਨੇ ਇਸ ਤੋਂ ਬਾਅਦ ਸ਼ੁਭਮਨ ਦੇ ਨਾਲ ਭਾਰਤੀ ਪਾਰੀ ਨੂੰ ਸੰਭਾਲਿਆ ਅਤੇ ਦੋਵਾਂ ਵਿਚਾਲੇ ਤੀਜੀ ਵਿਕਟ ਲਈ 167 ਦੌੜਾਂ ਦੀ ਵੱਡੀ ਸਾਂਝੇਦਾਰੀ ਹੋਈ। ਪ੍ਰਿਯਾਂਕ ਨੇ 164 ਗੇਂਦਾਂ ਵਿਚ 7 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 115 ਦੌੜਾਂ ਬਣਾਈਆਂ। ਹਾਲਾਂਕਿ ਪ੍ਰਿਯਾਂਕ ਵੀ ਪਟੇਲ ਦੀ ਗੇਂਦ 'ਤੇ ਸਿਨ ਸੋਲੀਆ ਨੂੰ ਕੈਚ ਦੇ ਬੈਠਾ। ਉਸ ਦੀ ਵਿਕਟ 226 ਦੇ ਸਕੋਰ 'ਤੇ ਡਿਗੀ। ਪ੍ਰਿਯਾਂਕ ਤੇ ਸ਼ੁਭਮਨ ਵਿਚਾਲੇ ਹੋਈ ਵੱਡੀ ਸਾਂਝੇਦਾਰੀ ਤੋਂ ਬਾਅਦ ਹਨੁਮਾ ਨੇ ਵੀ ਸ਼ੁਭਮਨ ਦਾ ਬਾਖੂਬੀ ਸਾਥ ਦਿੱਤਾ। ਦੋਵਾਂ ਬੱਲੇਬਾਜ਼ਾਂ ਨੇ ਬਿਹਤਰੀਨ ਤਰੀਕੇ ਨਾਲ ਬੱਲੇਬਾਜ਼ੀ ਕੀਤੀ ਤੇ ਸ਼ੁਭਮਨ ਨੇ ਦੋਹਰਾ ਸੈਂਕੜਾ ਲਾਇਆ। ਹਨੁਮਾ ਨੇ ਵੀ 113 ਗੇਂਦਾਂ ਵਿਚ 11 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 100 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵਲੋਂ ਪਟੇਲ ਨੇ 36 ਓਵਰਾਂ 'ਚ 145 ਦੌੜਾਂ ਦੇ ਕੇ 2 ਵਿਕਟਾਂ ਤੇ ਮਾਈਕਲ ਰਾਏ ਨੇ 95 ਦੌੜਾਂ ਦੇ ਕੇ 1 ਵਿਕਟ ਲਈ।

PunjabKesari


Related News