ਭਾਰਤੀ ਮਹਿਲਾ ਟੀਮ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਸਕੀਟ 'ਚ ਜਿੱਤਿਆ ਗੋਲਡ, ਪੁਰਸ਼ ਟੀਮ ਨੂੰ ਕਾਂਸੀ
Saturday, Oct 02, 2021 - 01:04 PM (IST)
ਲੀਮਾ- ਭਾਰਤੀ ਨਿਸ਼ਾਨੇਬਾਜ਼ਾਂ ਨੇ ਇੱਥੇ ਆਈ. ਐੱਸ. ਐੱਸ. ਐੱਫ. ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਸਕੀਟ ਮੁਕਾਬਲੇ 'ਚ ਸੋਨ ਜਦਕਿ ਪੁਰਸ਼ ਟੀਮ ਨੇ ਮੁਕਾਬਲੇ 'ਚ ਕਾਂਸੀ ਤਮਗ਼ਾ ਜਿੱਤਿਆ। ਅਰੀਬਾ ਖ਼ਾਨ, ਰੇਜਾ ਢਿੱਲੋਂ ਤੇ ਗਨੀਮਤ ਸੇਖੋਂ ਦੀ ਤਿਕੜੀ ਨੇ 6-0 ਦੇ ਸਕੋਰ ਦੇ ਨਾਲ ਮਹਿਲਾ ਸਕੀਟ ਟੀਮ 'ਚ ਚੋਟੀ ਦਾ ਸਥਾਨ ਹਾਸਲ ਕੀਤਾ।
ਸ਼ੁੱਕਰਵਾਰ ਨੂੰ ਸੋਨ ਤਮਗ਼ੇ ਦੇ ਮੁਕਾਬਲੇ 'ਚ ਭਾਰਤੀ ਟੀਮ ਡੇਮੀਆਨਾ ਪਾਓਲੇਸੀ, ਸਾਰਾ ਬੋਨਗਿਨੀ ਤੇ ਗੀਆਡਾ ਲੋਂਘੀ ਦੀ ਇਟਲੀ ਦੀ ਟੀਮ ਦੇ ਸਾਹਮਣੇ ਸੀ। ਪੁਰਸ਼ ਵਰਗ 'ਚ ਰਾਜਵੀਰ ਗਿੱਲ, ਆਯੁਸ਼ ਰੂਦਰਰਾਜ ਤੇ ਅਭੇ ਸਿੰਘ ਸੇਖੋਂ ਦੀ ਟੀਮ ਨੇ ਤੁਰਕੀ ਦੇ ਅਲੀ ਕੇਨ, ਅਬ੍ਰਾਸੀ, ਅਹਿਮਦ ਬਾਰਾਨ ਤੇ ਮੁਹੰਮਦ ਸੇਹੁਨ ਨੂੰ 6-0 ਨਾਲ ਹਰਾ ਕੇ ਕਾਂਸੀ ਤਮਗ਼ਾ ਜਿੱਤਿਆ। ਇਕ ਦਿਨ ਪਹਿਲਾਂ ਉਭਰਦੀ ਹੋਈ ਭਾਰਤੀ ਮਹਿਲਾ ਸਕੀਟ ਨਿਸ਼ਾਨੇਬਾਜ਼ ਗਨੀਮਤ ਨੇ ਨਿੱਜੀ ਸਕੀਟ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ।
ਪੁਰਸ਼ ਨਿੱਜੀ ਸਕੀਟ 'ਚ ਭਾਰਤ ਦੇ ਤਿੰਨ ਨਿਸ਼ਾਨੇਬਾਜ਼ਾਂ 'ਚੋਂ ਕੋਈ ਵੀ 6 ਨਿਸ਼ਾਨੇਬਾਜ਼ ਦੇ ਫ਼ਾਈਨਲ 'ਚ ਜਗ੍ਹਾਂ ਨਹੀਂ ਬਣਾ ਸਕਿਆ ਪਰ ਤਿੰਨਾਂ ਨੇ ਟੀਮ ਮੁਕਾਬਲੇ 'ਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਤਮਗ਼ਾ ਜਿੱਤਿਆ। ਭਾਰਤ ਅਜੇ ਦੋ ਸੋਨ, ਤਿੰਨ ਚਾਂਦੀ ਤੇ ਦੋ ਕਾਂਸੀ ਤਮਗ਼ੇ ਨਾਲ ਕੁਲ 7 ਤਮਗੇ ਦੇ ਨਾਲ ਦੂਜੇ ਸਥਾਨ 'ਤੇ ਚਲ ਰਿਹਾ ਹੈ। ਅਮਰੀਕਾ ਤਿੰਨ ਸੋਨ ਸਮੇਤ 7 ਤਮਗੇ ਦੇ ਨਾਲ ਚੋਟੀ 'ਤੇ ਹੈ। ਟੂਰਨਾਮੈਂਟ 'ਚ 32 ਦੇਸ਼ਾਂ ਦੇ ਲਗਭਗ 370 ਖਿਡਾਰੀ ਹਿੱਸਾ ਲੈ ਰਹੇ ਹਨ।