ਭਾਰਤੀ ਮਹਿਲਾ ਹਾਕੀ ਖਿਡਾਰਨ ਕੋਵਿਡ ਪਾਜ਼ੇਟਿਵ, ਕੋਰੀਆ ਖਿਲਾਫ਼ ਮੈਚ ਰੱਦ

Wednesday, Dec 08, 2021 - 03:52 PM (IST)

ਡੋਂਗਹੇ/ਦੱਖਣੀ ਕੋਰੀਆ (ਭਾਸ਼ਾ)- ਏਸ਼ਿਆਈ ਚੈਂਪੀਅਨਜ਼ ਟਰਾਫੀ ਵਿਚ ਭਾਗ ਲੈ ਰਹੀ ਭਾਰਤੀ ਮਹਿਲਾ ਹਾਕੀ ਟੀਮ ਦੀ ਇਕ ਖਿਡਾਰਨ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ, ਜਿਸ ਕਾਰਨ ਮੇਜ਼ਬਾਨ ਅਤੇ ਮੌਜੂਦਾ ਚੈਂਪੀਅਨ ਕੋਰੀਆ ਖ਼ਿਲਾਫ਼ ਬੁੱਧਵਾਰ ਨੂੰ ਹੋਣ ਵਾਲਾ ਮੈਚ ਰੱਦ ਕਰ ਦਿੱਤਾ ਗਿਆ ਹੈ। ਹਾਕੀ ਇੰਡੀਆ ਦੇ ਇਕ ਸੂਤਰ ਨੇ ਪੁਸ਼ਟੀ ਕੀਤੀ ਕਿ ਇਕ ਖਿਡਾਰਨ ਦੇ ਟੈਸਟ ਦਾ ਨਤੀਜਾ ਪਾਜ਼ੇਟਿਵ ਆਇਆ ਹੈ, ਜਿਸ ਦੇ ਬਾਅਦ ਏਸ਼ੀਅਨ ਹਾਕੀ ਫੈਡਰੇਸ਼ਨ (ਏ.ਐੱਚ.ਐੱਫ.) ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਬਿਆਨ ਜਾਰੀ ਕੀਤਾ ਪਰ ਸਬੰਧਤ ਖਿਡਾਰੀ ਦੀ ਜਾਣਕਾਰੀ ਨਹੀਂ ਦਿੱਤੀ ਗਈ। AHF ਨੇ ਟਵੀਟ ਕੀਤਾ, 'ਏਸ਼ੀਅਨ ਹਾਕੀ ਫੈਡਰੇਸ਼ਨ ਨੂੰ ਸੂਚਿਤ ਕਰਦੇ ਹੋਏ ਅਫ਼ਸੋਸ ਹੈ ਕਿ ਟੀਮ ਇੰਡੀਆ ਦੇ ਰੁਟੀਨ ਕੋਵਿਡ ਟੈਸਟ ਦੌਰਾਨ ਕੱਲ੍ਹ ਇਕ ਨਤੀਜਾ ਪਾਜ਼ੇਟਿਵ ਆਇਆ ਹੈ।'

AHF ਨੇ ਕਿਹਾ, 'ਅੱਜ ਦੁਪਹਿਰ ਕੋਰੀਆ ਅਤੇ ਭਾਰਤ ਵਿਚਾਲੇ ਹੋਣ ਵਾਲਾ ਮੈਚ ਨਹੀਂ ਹੋਵੇਗਾ। ਹੋਰ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ।' ਪਾਜ਼ਟਿਵ ਨਤੀਜੇ ਤੋਂ ਬਾਅਦ ਹਾਲਾਂਕਿ ਟੂਰਨਾਮੈਂਟ ਵਿਚ ਭਾਰਤ ਦੇ ਬਾਕੀ ਬਚੇ ਮੈਚਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਭਾਰਤ ਨੂੰ ਆਪਣੇ ਅਗਲੇ ਮੈਚ ਵਿਚ ਵੀਰਵਾਰ ਨੂੰ ਚੀਨ ਨਾਲ ਭਿੜਨਾ ਹੈ। ਮਹਾਂਮਾਰੀ ਨੇ ਮੰਗਲਵਾਰ ਨੂੰ ਹੀ ਟੂਰਨਾਮੈਂਟ ਨੂੰ ਪ੍ਰਭਾਵਿਤ ਕਰ ਦਿੱਤਾ ਸੀ, ਜਦੋਂ ਭਾਰਤ ਦਾ ਮਲੇਸ਼ੀਆ ਵਿਰੁੱਧ ਦੂਜਾ ਮੈਚ ਕੋਵਿਡ ਨਾਲ ਸਬੰਧਤ ਮੁੱਦਿਆਂ ਕਾਰਨ ਰੱਦ ਕਰ ਦਿੱਤਾ ਗਿਆ ਸੀ। ਮਲੇਸ਼ੀਆ ਨੂੰ ਘੱਟੋ-ਘੱਟ ਪਹਿਲੇ ਦੋ ਦਿਨਾਂ ਤੱਕ ਮੁਕਾਬਲੇ ਤੋਂ ਬਾਹਰ ਰਹਿਣਾ ਪਿਆ, ਕਿਉਂਕਿ ਉਸ ਦੀ ਇਕ ਖਿਡਾਰਣ ਨੂਰੁਲ ਫੈਜ਼ਾਹ ਸ਼ਫੀਕਾਹ ਖਲੀਮ ਦਾ ਦੱਖਣੀ ਕੋਰੀਆ ਪਹੁੰਚਣ 'ਤੇ ਕੀਤਾ ਗਿਆ ਕੋਵਿਡ-19 ਟੈਸਟ ਪਾਜ਼ਟਿਵ ਆਇਆ ਸੀ।

ਸੂਤਰਾਂ ਮੁਤਾਬਕ ਮਲੇਸ਼ੀਆ ਵਾਂਗ ਭਾਰਤੀ ਟੀਮ ਨੂੰ ਵੀ ਇਕ ਖਿਡਾਰੀ ਦਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਆਈਸੋਲੇਸ਼ਨ 'ਚ ਰਹਿਣਾ ਪੈ ਸਕਦਾ ਹੈ। ਪਿਛਲੀ ਵਾਰ ਦੀ ਉਪ ਜੇਤੂ ਭਾਰਤ ਨੇ ਇਸ ਤੋਂ ਪਹਿਲਾਂ ਥਾਈਲੈਂਡ ਨੂੰ 13-0 ਨਾਲ ਹਰਾਇਆ ਸੀ, ਜਿਸ ਵਿਚ ਡਰੈਗ ਫਲਿੱਕਰ ਗੁਰਜੀਤ ਕੌਰ ਦੇ ਪੰਜ ਗੋਲ ਕੀਤੇ ਸਨ। ਭਾਰਤ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੀ ਮਹਿਲਾ ਰੈਂਕਿੰਗ ਵਿਚ ਨੌਵੇਂ ਸਥਾਨ 'ਤੇ ਹੈ ਅਤੇ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀ ਸਭ ਤੋਂ ਉੱਚੀ ਰੈਂਕਿੰਗ ਵਾਲੀ ਟੀਮ ਹੈ। ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ ਪਹਿਲਾਂ 2020 ਵਿਚ ਹੋਣੀ ਸੀ ਪਰ ਕੋਵਿਡ-19 ਮਹਾਂਮਾਰੀ ਕਾਰਨ ਕਈ ਵਾਰ ਮੁਲਤਵੀ ਕਰਨੀ ਪਈ ਸੀ।


cherry

Content Editor

Related News