ਅਮਰੀਕਾ ਵਿਰੁੱਧ ਮੁਹਿੰਮ ਦਾ ਜੇਤੂ ਆਗਾਜ਼ ਕਰੇਗੀ ਭਾਰਤੀ ਮਹਿਲਾ ਹਾਕੀ ਟੀਮ

Friday, Jan 12, 2024 - 08:22 PM (IST)

ਅਮਰੀਕਾ ਵਿਰੁੱਧ ਮੁਹਿੰਮ ਦਾ ਜੇਤੂ ਆਗਾਜ਼ ਕਰੇਗੀ ਭਾਰਤੀ ਮਹਿਲਾ ਹਾਕੀ ਟੀਮ

ਰਾਂਚੀ–ਏਸ਼ੀਆਈ ਖੇਡਾਂ ’ਚ ਤੀਜੇ ਸਥਾਨ ’ਤੇ ਰਹਿਣ ਦੀ ਨਿਰਾਸ਼ਾ ਤੋਂ ਉੱਭਰਦੇ ਹੋਏ ਭਾਰਤੀ ਮਹਿਲਾ ਹਾਕੀ ਟੀਮ ਐੱਫ. ਆਈ. ਐੱਚ. ਓਲੰਪਿਕ ਕੁਆਲੀਫਾਇਰ ਵਿਚ ਸ਼ਨੀਵਾਰ ਨੂੰ ਅਮਰੀਕਾ ਵਿਰੁੱਧ ਆਪਣੀ ਮੁਹਿੰਮ ਦਾ ਅਗਾਜ਼ ਕਰੇਗੀ ਤਾਂ ਉਸਦੀਆਂ ਨਜ਼ਰਾਂ ਆਪਣੇ ਮੈਦਾਨ ’ਤੇ ਖੇਡਣ ਦਾ ਫਾਇਦਾ 
ਚੁੱਕਦੇ ਹੋਏ ਪੈਰਿਸ ਦੀ ਟਿਕਟ ਕਟਾਉਣ ’ਤੇ ਲੱਗੀਆਂ ਹੋਣਗੀਆਂ। ਮੇਜ਼ਬਾਨ ਭਾਰਤ, ਜਰਮਨੀ, ਚੈੱਕ ਗਣਰਾਜ, ਇਟਲੀ, ਜਾਪਾਨ, ਅਮਰੀਕਾ, ਚਿਲੀ ਤੇ ਨਿਊਜ਼ੀਲੈਂਡ ਇੱਥੇ ਪੈਰਿਸ ਓਲੰਪਿਕ ਕੁਅਾਲੀਫਾਇਰ ਵਿਚ ਖੇਡੇਣਗੇ।
ਪੈਰਿਸ ਓਲੰਪਿਕ 26 ਜੁਲਾਈ ਤੋਂ 11 ਅਗਸਤ ਵਿਚਾਲੇ ਖੇਡੇ ਜਾਣਗੇ। ਦੁਨੀਆ ਦੀ 5ਵੀਂ ਨੰਬਰ ਦੀ ਟੀਮ ਜਰਮਨੀ ਨੂੰ ਸਰਵਉੱਚ ਰੈਂਕਿੰਗ ਮਿਲੀ ਹੈ ਜਦਕਿ ਭਾਰਤ 6ਵੇਂ ਸਥਾਨ ’ਤੇ ਹੈ। ਨਿਊਜ਼ੀਲੈਂਡ ਰੈਂਕਿੰਗ ਵਿਚ 9ਵੇਂ ਸਥਾਨ ’ਤੇ ਹੈ ਜਦਕਿ ਜਾਪਾਨ 11ਵੇਂ, ਚਿਲੀ 14ਵੇਂ, ਅਮਰੀਕਾ 15ਵੇਂ, ਇਟਲੀ 19ਵੇਂ ਤੇ ਚੈੱਕ ਗਣਰਾਜ 25ਵੇਂ ਸਥਾਨ ’ਤੇ ਹੈ। ਭਾਰਤ ਨੂੰ ਪੂਲ-ਬੀ ਵਿਚ ਨਿਊਜ਼ੀਲੈਂਡ, ਇਟਲੀ, ਅਮਰੀਕਾ ਦੇ ਨਾਲ ਰੱਖਿਆ ਗਿਆ ਹੈ। ਉੱਥੇ ਹੀ ਜਰਮਨੀ, ਸਾਬਕਾ ਏਸ਼ੀਆਈ ਚੈਂਪੀਅਨ ਜਾਪਾਨ, ਚਿਲੀ ਤੇ ਚੈੱਕ ਗਣਰਾਜ ਪੂਲ-ਏ ਵਿਚ ਹਨ। ਅਮਰੀਕਾ ਤੋਂ ਬਾਅਦ ਭਾਰਤ ਨੂੰ 14 ਜਨਵਰੀ ਨੂੰ ਨਿਊਜ਼ੀਲੈਂਡ ਤੇ 16 ਜਨਵਰੀ ਨੂੰ ਇਟਲੀ ਨਾਲ ਖੇਡਣਾ ਹੈ। ਸੈਮੀਫਾਈਨਲ 18 ਜਨਵਰੀ ਤੇ ਫਾਈਨਲ 19 ਜਨਵਰੀ ਨੂੰ ਹੋਵੇਗਾ।

ਇਹ ਵੀ ਪੜ੍ਹੋ- 'ਉਹ ਕੁਝ ਵੀ ਹਾਸਲ ਕਰ ਸਕਦੇ ਹਨ',ਸਚਿਨ ਦੇ 100 ਸੈਂਕੜਿਆਂ ਦੇ ਰਿਕਾਰਡ ਬਾਰੇ ਵਿਰਾਟ 'ਤੇ ਬੋਲੇ ਲੋਇਡ
ਭਾਰਤ ਤੇ ਅਮਰੀਕਾ ਨੇ 1983 ਤੋਂ ਬਾਅਦ ਤੋਂ ਇਕ-ਦੂਜੇ ਵਿਰੁੱਧ 15 ਵਾਰ ਖੇਡੇ ਹਨ, ਜਿਨ੍ਹਾਂ ਵਿਚੋਂ 9 ਵਾਰ ਅਮਰੀਕਾ ਨੇ ਜਿੱਤ ਦਰਜ ਕੀਤੀ ਜਦਕਿ ਭਾਰਤ 4 ਵਾਰ ਹੀ ਜਿੱਤ ਸਕਿਆ ਹੈ ਤੇ ਦੋ ਮੈਚ ਡਰਾਅ ਰਹੇ ਹਨ। ਰੈਂਕਿੰਗ ਵਿਚ ਹੇਠਾਂ ਹੋਣ ਦੇ ਬਾਵਜੂਦ ਅਮਰੀਕੀ ਟੀਮ ਖਤਰਨਾਕ ਸਾਬਤ ਹੋ ਸਕਦੀ ਹੈ।
ਭਾਰਤ ਦੀ ਮੱੁਖ ਕੋਚ ਯਾਨੇਕੇ ਸ਼ਾਪਮੈਨ ਨੇ ਟੂਰਨਾਮੈਂਟ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘‘ਅਸੀਂ ਏਸ਼ੀਆਈ ਖੇਡਾਂ ਦੇ ਰਾਹੀਂ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਏ ਪਰ ਹੁਣ ਉਹ ਬੀਤੀ ਗੱਲ ਹੈ।’ ਉਸ ਨੇ ਕਿਹਾ,‘‘ਸਾਨੂੰ ਇਸ ਟੂਰਨਾਮੈਂਟ ਵਿਚ ਪ੍ਰਦਰਸ਼ਨ ਦੀ ਭਰੋਸਾ ਹੈ। ਸਾਨੂੰ ਪਹਿਲਾਂ ਤੋਂ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ ਤੇ ਜੇਕਰ ਅਜਿਹਾ ਕਰ ਸਕੇ ਤਾਂ ਅਸੀਂ ਓਲੰਪਿਕ ਲਈ ਕੁਆਲੀਫਾਈ ਕਰ ਸਕਾਂਗੇ।’’

ਇਹ ਵੀ ਪੜ੍ਹੋ- ਨਿਸ਼ਾਨੇਬਾਜ਼ ਨੈਨਸੀ ਨੇ ਸੋਨ ਤੇ ਇਲਾਵੇਨਿਲ ਨੇ ਚਾਂਦੀ ਤਮਗਾ ਜਿੱਤਿਆ
ਟੂਰਨਾਮੈਂਟ ਤੋਂ 9 ਦਿਨ ਪਹਿਲਾਂ ਭਾਰਤ ਦੀ ਤਜਰਬੇਕਾਰ ਸਟ੍ਰਾਈਕਰ ਵੰਦਨਾ ਕਟਾਰੀਆ ਅਭਿਆਸ ਦੌਰ ਚਿਹਰੇ ਦੀ ਹੱਡੀ ਵਿਚ ਫ੍ਰੈਕਚਰ ਕਾਰਨ ਬਾਹਰ ਹੋ ਗਈ ਸੀ। ਹਾਲ ਹੀ ਵਿਚ ਭਾਰਤ ਲਈ 300 ਕੌਮਾਂਤਰੀ ਮੈਚ ਪੂਰੇ ਕਰਨ ਵਾਲੀ ਵੰਦਨਾ ਫਾਰਵਰਡ ਲਾਈਨ ਦੀ ਧੁਰੀ ਸੀ। ਉਸਦੀ ਜਗ੍ਹਾ ਬਲਜੀਤ ਕੌਰ ਨੇ ਲਈ ਹੈ। ਟੀਮ ਨੂੰ ਵੰਦਨਾ ਦੀ ਕਮੀ ਮਹਿਸੂਸ ਹੋਵੇਗੀ ਜਿਹੜੀ ਇਕ ਦਹਾਕੇ ਤੋਂ ਭਾਰਤੀ ਟੀਮ ਦਾ ਅਟੁੱਟ ਅੰਗ ਰਹੀ ਹੈ ਤੇ ਰੀਓ ਓਲੰਪਿਕ ਤੋਂ ਟੋਕੀਓ ਓਲੰਪਿਕ ਤਕ ਸਾਰੇ ਵੱਡੇ ਟੂਰਨਾਮੈਂਟ ਖੇਡੇ ਹਨ। ਉਹ ਓਲੰਪਿਕ ਵਿਚ ਹੈਟ੍ਰਿਕ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਹੈ।
ਭਾਰਤ ਨੂੰ ਪੈਨਲਟੀ ਕਾਰਨਰ ਵਿਚ ਵੀ ਸੁਧਾਰ ਕਰਨਾ ਪਵੇਗਾ, ਜਿਹੜੀ ਲੰਬੇ ਸਮੇਂ ਤੋਂ ਸਮੱਸਿਆ ਰਹੀ ਹੈ। ਟੂਰਨਾਮੈਂਟ ਤੋਂ ਠੀਕ ਪਹਿਲਾਂ ਭਾਰਤ ਦੇ ਸਾਬਕਾ ਡ੍ਰੈਗ ਫਲਿਕਰ ਰੁਪਿੰਦਰਪਾਲ ਸਿੰਘ ਨੇ ਖਿਡਾਰੀਆਂ ਨੂੰ ਅਭਿਆਸ ਕਰਵਾਇਆ ਹੈ। ਸ਼ਾਪਮੈਨ ਨੇ ਕਿਹਾ,‘‘ਰੁਪਿੰਦਰ ਕਾਫੀ ਤਜਰਬੇਕਾਰ ਖਿਡਾਰਨ ਹੈ ਤੇ ਉਸ ਨੂੰ ਪਤਾ ਹੈ ਕਿ ਡੀ ਦੇ ਅੰਦਰ ਦਬਾਅ ਦਾ ਸਾਹਮਣਾ ਕਿਵੇਂ ਕਰਨਾ ਹੈ। ਉਸਦੀ ਸੈਸ਼ਨ ਨਾਲ ਗੁਰਜੀਤ ਕੌਰ ਤੇ ਦੀਪਿਕਾ ਨੂੰ ਕਾਫੀ ਮਦਦ ਮਿਲੀ।’’

ਇਹ ਵੀ ਪੜ੍ਹੋ- NZ vs PAK : ਬਾਬਰ ਆਜ਼ਮ ਨੇ T20I 'ਚ ਬਣਾਇਆ ਰਿਕਾਰਡ, ਮਾਰਟਿਨ ਗੁਪਟਿਲ ਨੂੰ ਪਛਾੜਿਆ
ਵੰਦਨਾ ਦੀ ਗੈਰ-ਮੌਜੂਦਗੀ ਵਿਚ ਲਾਲਰੇਮਸਿਆਮੀ, ਸੰਗੀਤਾ ਕੁਮਾਰੀ, ਦੀਪਿਕਾ ਤੇ ਬਲਜੀਤ ’ਤੇ ਦਬਾਅ ਹੋਵੇਗਾ ਜਦਕਿ ਡਿਫੈਂਸ ਵਿਚ ਨਿੱਕੀ ਪ੍ਰਧਾਨ, ਓਦਿਤਾ, ਇਸ਼ਿਕਾ ਚੌਧਰੀ ਤੇ ਮੋਨਿਕਾ ਹੋਣਗੇ। ਮਿਡਫੀਲਡ ਦੀ ਜ਼ਿੰਮੇਵਾਰੀ ਨਿਸ਼ਾ, ਨੇਹਾ, ਸਲੀਮਾ ਟੇਟੇ, ਨਵਨੀਤ ਕੌਰ ਵਰਗੀਆਂ ਤਜਰਬੇਕਾਰ ਖਿਡਾਰਨਾਂ ’ਤੇ ਹੋਣਗੀਆਂ। ਗੋਲਕੀਪਿੰਗ ਵਿਚ ਕਪਤਾਨ ਸਵਿਤਾ ਦਾ ਤਜਰਬਾ ਕੰਮ ਆਵੇਗਾ। ਪਹਿਲੇ ਦਿਨ ਜਰਮਨੀ ਦਾ ਸਾਹਮਣਾ ਚਿਲੀ ਨਾਲ, ਜਾਪਾਨ ਦਾ ਚੈੱਕ ਗਣਰਾਜ ਨਾਲ ਤੇ ਨਿਊਜ਼ੀਲੈਂਡ ਦਾ ਇਟਲੀ ਨਾਲ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News