ਸ਼੍ਰੀਲੰਕਾ ’ਤੇ ਆਪਣਾ ਦਬਦਬਾ ਬਰਕਰਾਰ ਰੱਖਣ ਲਈ ਉਤਰੇਗੀ ਭਾਰਤੀ ਮਹਿਲਾ ਟੀਮ
Sunday, Dec 28, 2025 - 12:41 PM (IST)
ਤਿਰੂਵਨੰਤਪੁਰਮ– ਪਹਿਲੇ ਤਿੰਨ ਮੈਚ ਜਿੱਤ ਕੇ ਲੜੀ ਆਪਣੇ ਨਾਂ ਕਰ ਚੁੱਕੀ ਭਾਰਤੀ ਮਹਿਲਾ ਟੀਮ ਐਤਵਾਰ ਨੂੰ ਇੱਥੇ ਚੌਥੇ ਮਹਿਲਾ ਟੀ-20 ਕੌਮਾਂਤਰੀ ਮੈਚ ਵਿਚ ਵੀ ਆਪਣਾ ਦਬਦਬਾ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ 5 ਮੈਚਾਂ ਦੀ ਇਸ ਲੜੀ ਵਿਚ ਅਜੇ ਤੱਕ ਆਪਣਾ ਦਬਦਬਾ ਕਾਇਮ ਰੱਖਿਆ ਹੈ। ਸ਼੍ਰੀਲੰਕਾ ਦੀ ਟੀਮ ਅਜੇ ਤੱਕ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਨਹੀਂ ਦੇ ਸਕੀ ਹੈ। ਭਾਰਤ ਲੜੀ ਵਿਚ 3-0 ਨਾਲ ਅੱਗੇ ਹੈ।
ਭਾਰਤ ਨੇ ਪਹਿਲੇ ਤਿੰਨ ਮੈਚਾਂ ਵਿਚ ਟੀਚੇ ਦਾ ਪਿੱਛਾ ਕੀਤਾ ਤੇ ਉਸ ਦੇ ਦਬਦਬੇ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਕਿਸੇ ਵੀ ਮੈਚ ਵਿਚ 14.4 ਓਵਰਾਂ ਤੋਂ ਵੱਧ ਬੱਲੇਬਾਜ਼ੀ ਨਹੀਂ ਕੀਤੀ ਹੈ, ਤਿੰਨ ਤੋਂ ਵੱਧ ਵਿਕਟਾਂ ਨਹੀਂ ਗਵਾਈਆਂ ਹਨ ਤੇ 129 ਦੌੜਾਂ ਤੋਂ ਵੱਧ ਦੇ ਟੀਚਾ ਦਾ ਸਾਹਮਣਾ ਨਹੀਂ ਕੀਤਾ ਹੈ। ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਮੁੱਖ ਰੂਪ ਨਾਲ ਭਾਰਤੀ ਗੇਂਦਬਾਜ਼ਾਂ ਨੂੰ ਜਾਂਦਾ ਹੈ। ਤਜਰਬੇਕਾਰ ਸਪਿੰਨਰ ਦੀਪਤੀ ਸ਼ਰਮਾ ਨੇ 2 ਮੈਚਾਂ ਵਿਚ 4 ਵਿਕਟਾਂ ਲਈਆਂ ਹਨ ਜਦਕਿ ਰੇਣੂਕਾ ਸਿੰਘ ਨੇ ਸ਼ੁੱਕਰਵਾਰ ਨੂੰ ਗ੍ਰੀਨਫੀਲਡ ਸਟੇਡੀਅਮ ਵਿਚ ਇਕ ਹੀ ਮੈਚ ਵਿਚ 4 ਵਿਕਟਾਂ ਹਾਸਲ ਕੀਤੀਆਂ।
