ਭਾਰਤੀ ਸਪਿਨਰਾਂ ਖਿਲਾਫ ਹਮਲਾਵਰ ਰਵੱਈਆ ਹੋਵੇਗਾ ਅਪਨਾਉਣਾ : ਬੇਟਸ
Monday, Feb 04, 2019 - 05:43 PM (IST)
ਵੇਲਿੰਗਟਨ : ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦੀ ਤਜ਼ਰਬੇਕਾਰ ਬੱਲੇਬਾਜ਼ ਸੂਜੀ ਬੇਟਸ ਨੇ ਸੋਮਵਾਰ ਨੂੰ ਕਿਹਾ ਕਿ ਹਾਲ ਹੀ 'ਚ ਵਨ ਡੇ ਸੀਰੀਜ਼ 'ਚ ਭਾਰਤ ਹੱਥੋਂ ਮਿਲੀ ਹਾਰ ਵਿਚ ਸਹੀ ਗੱਲ ਇਹ ਰਹੀ ਕਿ ਉਨ੍ਹਾਂ ਨੂੰ ਸਮਝ ਆ ਗਿਆ ਕਿ ਪੂਨਮ ਯਾਦਵ ਅਤੇ ਏਕਤਾ ਬਿਸ਼ਟ ਦੀ ਸਪਿਨ ਜੋੜੀ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ। ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਵਾਈਟ ਫਰਨਸ (ਨਿਊਜ਼ੀਲੈਂਡ ਮਹਿਲਾ ਟੀਮ) ਨੂੰ ਉਸ ਦੇ ਘਰ ਵਨ ਡੇ ਸੀਰੀਜ਼ ਵਿਚ ਹਰਾਇਆ ਅਤੇ ਸੀਰੀਜ਼ 2-1 ਨਾਲ ਆਪਣੇ ਨਾਂ ਕਰਨ 'ਚ ਸਫਲ ਰਹੀ। ਬੇਟਸ ਨੇ ਤੀਜੇ ਵਨ ਡੇ 'ਚ ਆਪਣੇ ਕਰੀਅਰ ਦਾ 25ਵਾਂ ਅਰਧ ਸੈਂਕੜਾ ਲਾਇਆ, ਜਿਸ ਨਾਲ ਉਸ ਦੀ ਟੀਮ ਨੇ ਮੈਚ ਨੂੰ 8 ਵਿਕਟਾਂ ਨਾਲ ਜਿੱਤਿਆ।

ਵਾਈਟ ਫਰਨਸ ਦੇ ਟਵਿੱਟਰ ਹੈਂਡਲ ਦੇ ਜ਼ਰੀਏ ਬੇਟਸ ਨੇ ਕਿਹਾ, ''ਇਸ ਜਿੱਤ ਨਾਲ ਟੀਮ ਦਾ ਆਤਮਵਿਸ਼ਵਾਸ ਕਾਫੀ ਵੱਧ ਗਿਆ। ਪਹਿਲਾਂ 2 ਮੈਚਾਂ ਤੋਂ ਬਾਅਦ ਤੀਜੇ ਮੈਚ ਵਿਚ ਵੀ ਜੇਕਰ ਸਾਡਾ ਪ੍ਰਦਰਸ਼ਨ ਖਰਾਬ ਰਹਿੰਦਾ ਤਾਂ ਕਾਫੀ ਨਿਰਾਸ਼ਾਜਨਕ ਹੁੰਦਾ। ਇਸ ਮੈਚ ਵਿਚ ਬੇਟਸ ਨੇ ਲੈਗ ਸਪਿਨਰ ਪੂਨਮ ਖਿਲਾਫ ਹਮਲਾਵਰ ਰਵੱਈਆ ਅਪਣਾਇਆ ਸੀ। ਉਸਨੇ 64 ਗੇਂਦਾਂ ਵਿਚ 8 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 57 ਦੌੜਾਂ ਦੀ ਪਾਰੀ ਖੇਡੀ ਸੀ। ਬੇਟਸ ਨੇ ਕਿਹਾ ਕਿ ਅਸੀਂ ਜਿਸ ਤਰ੍ਹਾਂ ਸਪਿਨਰਾਂ ਦਾ ਸਾਹਮਣਾ ਕੀਤਾ ਉਹ ਸਭ ਤੋਂ ਸਹੀ ਪਹਿਲੂ ਸੀ। ਸਾਨੂੰ ਸਭ ਤੋਂ ਵੱਡੀ ਸਿਖ ਇਹ ਮਿਲੀ ਕਿ ਜਦੋਂ ਉਹ ਗੇਂਦ ਦਾ ਟੱਪਾ ਅੱਗੇ ਕਰਾਏਗੀ ਤਦ ਸਾਨੂੰ ਹਮਲਾਵਰ ਰਹਿਣਾ ਹੋਵੇਗਾ। ਸਾਨੂੰ ਸਾਂਝੇਦਾਰੀ ਵਿਚ ਉਸ ਦੇ ਖਿਲਾਫ ਹਮਲਾਵਰ ਰਹਿਣਾ ਹੋਵੇਗਾ ਕਿਉਂਕਿ ਜਦੋਂ ਦੋਵੇਂ ਬੱਲੇਬਾਜ਼ ਕ੍ਰੀਜ਼ 'ਤੇ ਜ਼ਿਆਦਾ ਸਮੇਂ ਲਈ ਰਹਿਣਗੇ ਤਾਂ ਦੌੜਾਂ ਬਣਾਉਣਾ ਆਸਾਨ ਹੋਵੇਗਾ।'' ਦੋਵੇਂ ਦੇਸ਼ਾਂ ਵਿਚਾਲੇ 3 ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ 6 ਫਰਵਰੀ ਤੋਂ ਸ਼ੁਰੂ ਹੋਵੇਗੀ।

