ਭਾਰਤੀ ਮਹਿਲਾ ਟੀਮ ਨੇ ਗੁਆਈ ਤਿਕੋਣੀ ਲੜੀ, ਫਾਈਨਲ ’ਚ ਦੱਖਣੀ ਅਫਰੀਕਾ ਨੇ 5 ਵਿਕਟਾਂ ਨਾਲ ਹਰਾਇਆ

Friday, Feb 03, 2023 - 03:11 AM (IST)

ਭਾਰਤੀ ਮਹਿਲਾ ਟੀਮ ਨੇ ਗੁਆਈ ਤਿਕੋਣੀ ਲੜੀ, ਫਾਈਨਲ ’ਚ ਦੱਖਣੀ ਅਫਰੀਕਾ ਨੇ 5 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ : ਟੀਮ ਇੰਡੀਆ ਨੇ ਈਸਟ ਲੰਡਨ ਦੇ ਬਫੈਲੋ ਪਾਰਕ ’ਚ ਖੇਡੀ ਗਈ ਤਿਕੋਣੀ ਸੀਰੀਜ਼ ਗੁਆ ਦਿੱਤੀ ਹੈ। ਸੀਰੀਜ਼ ਦੇ ਫਾਈਨਲ ਮੈਚ ’ਚ ਭਾਰਤੀ ਟੀਮ ਦਾ ਸਾਹਮਣਾ ਦੱਖਣੀ ਅਫ਼ਰੀਕਾ ਦੀਆਂ ਮਹਿਲਾਵਾਂ ਨਾਲ ਹੋਇਆ। ਪਹਿਲਾਂ ਖੇਡਦਿਆਂ ਭਾਰਤੀ ਮਹਿਲਾ ਟੀਮ ਹਰਲੀਨ ਦਿਓਲ ਦੀਆਂ 46 ਦੌੜਾਂ ਦੀ ਬਦੌਲਤ ਸਿਰਫ਼ 109 ਦੌੜਾਂ ਹੀ ਬਣਾ ਸਕੀ। ਜਵਾਬ ’ਚ ਖੇਡਣ ਆਈ ਦੱ. ਅਫ਼ਰੀਕੀ ਟੀਮ ਨੇ ਪੰਜ ਵਿਕਟਾਂ ਗੁਆ ਕੇ 113 ਦੌੜਾਂ ਬਣਾਈਆਂ ਅਤੇ ਫਾਈਨਲ ਮੈਚ ਜਿੱਤ ਲਿਆ।

  ਇਸ ਤੋਂ ਪਹਿਲਾਂ ਟੀਮ ਇੰਡੀਆ ਦੀ ਸ਼ੁਰੂਆਤ ਖ਼ਰਾਬ ਰਹੀ ਸੀ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ 8 ਗੇਂਦਾਂ ਬਾਅਦ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਅਤੇ ਮਲਾਬਾ ਦੀ ਗੇਂਦ ’ਤੇ ਬੋਲਡ ਹੋ ਗਈਆਂ। ਇਸ ਤੋਂ ਬਾਅਦ ਸ਼ੈਫਾਲੀ ਵਰਮਾ ਦੀ ਗੈਰ-ਮੌਜੂਦਗੀ ’ਚ ਓਪਨਿੰਗ ’ਤੇ ਆਈ ਜੇਮਿਮਾ ਰੌਡਰਿਗਜ਼ ਨੇ 18 ਗੇਂਦਾਂ ’ਚ 11 ਦੌੜਾਂ ਬਣਾਈਆਂ। ਹਰਲੀਨ ਦਿਓਲ ਨੇ ਇਕ ਸਿਰਾ ਸੰਭਾਲਿਆ ਅਤੇ ਕਪਤਾਨ ਹਰਮਨਪ੍ਰੀਤ ਨਾਲ ਮਿਲ ਕੇ ਪਾਰੀ ਨੂੰ ਅੱਗੇ ਵਧਾਇਆ। ਹਰਮਨਪ੍ਰੀਤ ਨੇ 22 ਗੇਂਦਾਂ ਵਿਚ 21 ਦੌੜਾਂ ਬਣਾਈਆਂ। ਦਿਓਲ ਸਕੋਰ ਦੀ ਰਫ਼ਤਾਰ ਵਧਾਉਣ ਦੇ ਚੱਕਰ ’ਚ 56 ਗੇਂਦਾਂ ’ਚ 46 ਦੌੜਾਂ ਬਣਾ ਕੇ ਆਊਟ ਹੋ ਗਈ। ਦੀਪਤੀ ਸ਼ਰਮਾ ਨੇ ਕੁਝ ਸ਼ਾਟ ਲਗਾ ਕੇ ਸਕੋਰ 109 ਤੱਕ ਪਹੁੰਚਾਇਆ।

  ਜਵਾਬ ’ਚ ਖੇਡਣ ਉੱਤਰੀ ਦੱਖਣੀ ਅਫਰੀਕਾ ਦੀ ਟੀਮ ਨੇ 21 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਸਲਾਮੀ ਬੱਲੇਬਾਜ਼ ਲੌਰਾ 0, ਬ੍ਰਿਟਜ਼ 8 ਤਾਂ ਲਾਰਾ ਗੁਡਾਲ 7 ਦੌੜਾਂ ਬਣਾ ਕੇ ਆਊਟ ਹੋ ਗਈਆਂ। ਇਸ ਤੋਂ ਬਾਅਦ ਕਪਤਾਨ ਸੁਨ ਲੂਸ 12 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਇਥੇ ਦੱਖਣੀ ਅਫਰੀਕਾ ਦੀ ਪਾਰੀ ਨੂੰ ਕਲੋਏ ਟਰਾਇਓਨ ਨੇ ਸੰਭਾਲਿਆ। ਉਨ੍ਹਾਂ ਨੇ 32 ਗੇਂਦਾਂ ’ਚ 6 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਈ।

ਤੁਹਾਨੂੰ ਦੱਸ ਦੇਈਏ ਕਿ ਤਿਕੋਣੀ ਸੀਰੀਜ਼ ’ਚ ਭਾਰਤੀ ਮਹਿਲਾਵਾਂ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ। ਉਹ ਪੰਜ ’ਚੋਂ ਸਿਰਫ਼ ਇਕ ਮੈਚ (ਫਾਈਨਲ) ਹਾਰੀਆਂ। ਵਿੰਡੀਜ਼ ਟੀਮ ਆਪਣੇ ਚਾਰ ਮੈਚ ਹਾਰ ਗਈ ਸੀ, ਜਦਕਿ ਦੱਖਣੀ ਅਫਰੀਕਾ ਟੀਮ 4 ’ਚੋਂ 2 ਮੈਚ ਜਿੱਤ ਕੇ ਫਾਈਨਲ ’ਚ ਪਹੁੰਚੀ ਸੀ। ਭਾਰਤ ਲਈ ਕਪਤਾਨ ਹਰਮਨਪ੍ਰੀਤ ਕੌਰ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ।


author

Manoj

Content Editor

Related News