ਕੋਰੀਆ ਦੌਰੇ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਰਾਨੀ ਰਾਮਪਾਲ ਬਣੀ ਕਪਤਾਨ

02/23/2018 3:36:39 PM

ਨਵੀਂ ਦਿੱਲੀ, (ਬਿਊਰੋ)— ਅਨੁਭਵੀ ਸਟ੍ਰਾਈਕਰ ਰਾਨੀ ਰਾਮਪਾਲ ਕੋਰੀਆ ਦੇ ਖਿਲਾਫ ਸੈਸ਼ਨ ਦੀ ਸ਼ੁਰੂਆਤੀ ਸੀਰੀਜ਼ ਲਈ 20 ਮੈਂਬਰੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੋਵੇਗੀ। ਭਾਰਤੀ ਟੀਮ ਤਿੰਨ ਤੋਂ 12 ਮਾਰਚ ਤੱਕ ਕੋਰੀਆ ਦੇ ਖਿਲਾਫ ਪੰਜ ਮੈਚ ਖੇਡੇਗੀ। ਫਾਰਵਡ ਪੂਨਮ ਰਾਨੀ ਦੀ ਫਿਟ ਹੋ ਕੇ ਟੀਮ 'ਚ ਵਾਪਸੀ ਹੋਈ ਹੈ। ਡਿਫੈਂਡਰ ਸੁਨੀਤਾ ਲਾਕੜਾ ਨੂੰ ਟੀਮ ਦੀ ਉਪਕਪਤਾਨ ਬਣਾਇਆ ਗਿਆ ਹੈ ਜਦਕਿ ਗੋਲਕੀਪਰ ਸਵਿਤਾ ਨੂੰ ਇਸ ਦੌਰੇ ਦੇ ਲਈ ਅਰਾਮ ਦਿੱਤਾ ਗਿਆ ਹੈ। ਗੋਲਕੀਪਿੰਗ ਦੀ ਜ਼ਿੰਮੇਵਾਰੀ ਰਜਨੀ ਈਤਿਮਾਰਪੂ ਅਤੇ ਨਵੀਂ ਖਿਡਾਰੀ ਸਵਾਤੀ 'ਤੇ ਹੋਵੇਗੀ। ਡਿਫੈਂਸ 'ਚ ਤਜ਼ਰਬੇਕਾਰ ਦੀਪਿਕਾ, ਸੁਮਨ ਦੇਵੀ, ਦੀਪ ਗ੍ਰੇਸ ਇੱਕਾ, ਸੁਸ਼ੀਲਾ ਚਾਨੂੰ ਅਤੇ ਗੁਰਜੀਤ ਕੌਰ ਹਨ। ਉਥੇ ਹੀ ਮਿਡਫੀਲਡ ਦੀ ਜ਼ਿੰਮੇਵਾਰੀ ਮੋਨਿਕਾ, ਨਮਿਤਾ ਟੋੱਪੋ, ਨਿੱਕੀ ਪ੍ਰਧਾਨ, ਨੇਹਾ ਗੋਇਲ, ਉਦਿਤਾ ਅਤੇ ਲਿਜਿਮਾ ਮਿੰਜ 'ਤੇ ਹੋਵੇਗੀ। ਰਾਨੀ, ਵੰਦਨਾ ਕਟਾਰੀਆ, ਲਾਲਰੇਮਸਿਆਮੀ, ਨਵਜੋਤ ਕੌਰ, ਨਵਨੀਤ ਕੌਰ ਅਤੇ ਪੂਨਮ ਫਾਰਵਡ ਲਾਈਨ ਸੰਭਾਲਣਗੀਆਂ।

ਸੈਸ਼ਨ ਤੋਂ ਪਹਿਲਾਂ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਜ਼ਰੂਰੀ : ਕੋਚ
ਪਿਛਲੇ ਸਾਲ ਨੰਵਬਰ 'ਚ ਚੀਨ ਨੂੰ ਹਰਾ ਕੇ ਏਸ਼ੀਆ ਕਪ ਜਿੱਤਣ ਦੇ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ਟੂਰਨਾਮੈਂਟ ਹੈ। ਮੁੱਖ ਕੋਚ ਹਰਿੰਦਰ ਸਿੰਘ ਨੇ ਕਿਹਾ ਕਿ ਸੈਸ਼ਨ ਦੇ ਪਹਿਲੇ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਬਹੁਤ ਜ਼ਰੂਰੀ ਹੈ। ਇਸ ਨਾਲ ਤਾਲ-ਮੇਲ ਮਿਲਦਾ ਹੈ। ਕੋਰੀਆ ਦੌਰੇ ਤੋਂ ਪਤਾ ਚਲੇਗਾ ਕਿ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾ ਸਾਨੂੰ ਕਿਥੇ ਸੁਧਾਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਯੁਵਾ ਅਤੇ ਤਜ਼ਰਬੇਕਾਰ ਖਿਡਾਰੀਆਂ ਨਾਲ ਸਜੀ ਹੋਈ ਟੀਮ ਹੈ। ਇਹ ਲੜਕੀਆਂ ਚੰਗੀ ਤਰ੍ਹਾਂ ਫਿਟ ਹਨ ਅਤੇ ਇਹ ਯੋ ਯੋ ਟੈਸਟ 'ਚ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਖਿਡਾਰਨਾਂ ਨੇ ਰਾਂਚੀ 'ਚ ਹੋਈ ਰਾਸ਼ਟਰੀ ਚੈਂਪੀਅਨਸ਼ਿਪ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਉਮੀਦ ਹੈ ਕਿ ਇਹ ਲੈਅ ਕਾਇਮ ਰਹੇਗੀ।

ਟੀਮ :
ਗੋਲਕੀਪਰ : ਰਜਨੀ ਇਤਿਮਾਰਪੂ, ਸਵਾਤੀ
ਡਿਫੈਂਡਰ : ਦੀਪਿਕਾ, ਸੁਨੀਤਾ ਲਾਕੜਾ, ਦੀਪ ਗ੍ਰੇਸ ਇੱਕਾ, ਸੁਮਨ ਦੇਵੀ, ਗੁਰਜੀਤ ਕੌਰ, ਸੁਸ਼ੀਲਾ ਚਾਨੂੰ
ਮਿਡਫੀਲਡ : ਮੋਨਿਕਾ, ਨਮਿਤਾ ਟੋਪੋ, ਨਿੱਕੀ ਪ੍ਰਧਾਨ, ਨੇਹਾ ਗੋਇਲ, ਲਿਲਿਮਾ ਮਿੰਜ, ਉਦਿਤਾ
ਫਾਰਵਰਡ : ਰਾਨੀ (ਕਪਤਾਨ), ਵੰਦਨਾ ਕਟਾਰੀਆ, ਲਾਲਰੇਮਸਿਆਮੀ, ਨਵਜੋਤ ਕੌਰ, ਨਵਨੀਤ ਕੌਰ, ਪੂਨਮ ਰਾਨੀ।


Related News