ਟੀ-20 ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ ਦੀ ਤਿਆਰੀ ਬਿਹਤਰੀਨ : ਲਕਸ਼ਮਣ

Tuesday, Oct 01, 2024 - 11:44 AM (IST)

ਬੈਂਗਲੁਰੂ, (ਭਾਸ਼ਾ)– ਭਾਰਤ ਦੇ ਸਾਬਕਾ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਦਾ ਮੰਨਣਾ ਹੈ ਕਿ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਟੀ-20 ਮਹਿਲਾ ਵਿਸ਼ਵ ਕੱਪ ਤੋਂ ਪਹਿਲਾਂ ਇੱਥੇ ਸੈਂਟਰ ਆਫ ਐਕਸੀਲੈਂਸ ਵਿਚ ਲਗਾਏ ਗਏ ਕੈਂਪ ਵਿਚ ਜਿਹੜੀ ਮਿਹਨਤ ਕੀਤੀ ਹੈ, ਉਸਦਾ ਫਾਇਦਾ ਟੂਰਨਾਮੈਂਟ ਵਿਚ ਮਿਲੇਗਾ।

ਭਾਰਤੀ ਟੀਮ 4 ਅਕਤੂਬਰ ਨੂੰ ਦੁਬਈ ਵਿਚ ਨਿਊਜ਼ੀਲੈਂਡ ਵਿਰੁੱਧ ਪਹਿਲਾ ਮੈਚ ਖੇਡੇਗੀ। ਲਕਸ਼ਮਣ ਨੇ ਕਿਹਾ,‘‘ਉਸ ਨੇ ਜਿਸ ਪ੍ਰਤੀਬੱਧਤਾ, ਸਮਰਪਣ ਤੇ ਊਰਜਾ ਨਾਲ ਤਿਆਰੀ ਕੀਤੀ ਹੈ, ਉਹ ਸ਼ਾਨਦਾਰ ਹੈ। ਮੈਨੂੰ ਉਸਦੀਆਂ ਤਿਆਰੀਆਂ ’ਤੇ ਮਾਣ ਹੈ।’’

ਉਸ ਨੇ ਕਿਹਾ, ‘‘ਇਹ ਕਾਫੀ ਚੰਗਾ ਕੈਂਪ ਸੀ ਤੇ ਮੁੱਖ ਕੋਚ ਅਮੋਲ ਮਜੂਮਦਾਰ ਨੇ ਇਸ ਤਰੀਕੇ ਨਾਲ ਤਿਆਰ ਕੀਤਾ ਸੀ ਕਿ ਪਹਿਲੇ ਗੇੜ ਵਿਚ ਮਾਨਸਿਕ ਤੇ ਸਰੀਰਕ ਪਹਿਲੂਆਂ ’ਤੇ ਫੋਕਸ ਸੀ।’’

ਉਸ ਨੇ ਕਿਹਾ,‘‘ਇਸ ਤੋਂ ਬਾਅਦ ਬ੍ਰੇਕ ਸੀ ਤੇ ਦੂਜੇ ਗੇੜ ਵਿਚ ਕਲਾ ਤੇ ਤਕਨੀਕੀ ਪਹਿਲੂ ’ਤੇ ਜ਼ੋਰ ਰਿਹਾ। ਇਹ ਸਿਰਫ ਨੈੱਟ ’ਤੇ ਅਭਿਆਸ ਤੱਕ ਨਹੀਂ ਸੀ ਸਗੋਂ 5 ਮੈਚ ਵੀ ਖੇਡੇ, ਜਿਸ ਵਿਚ ਅਮੋਲ ਨੇ ਉਨ੍ਹਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ਦਿੱਤੀ।’’

ਲਕਸ਼ਮਣ ਨੇ ਕਿਹਾ ਕਿ ਭਾਰਤ ਵਿਚ ਮਹਿਲਾ ਕ੍ਰਿਕਟ ਅੱਗੇ ਵੱਲ ਵੱਧ ਰਹੀ ਹੈ ਤੇ ਇਸ ਵਿਚ ਮਹਿਲਾ ਪ੍ਰੀਮੀਅਰ ਲੀਗ ਦੀ ਅਹਿਮ ਭੂਮਿਕਾ ਹੋਵੇਗੀ। ਉਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਮਹਿਲਾ ਕ੍ਰਿਕਟ ਦਾ ਗ੍ਰਾਫ ਉੱਪਰ ਜਾ ਰਿਹਾ ਹੈ। ਇਸ ਭੂਮਿਕਾ ਵਿਚ ਮੈਂ ਭਾਰਤੀ ਨੌਜਵਾਨ ਲੜਕੀਆਂ ਤੇ ਕੌਮਾਂਤਰੀ ਮਹਿਲਾ ਖਿਡਾਰੀਆਂ ਨੂੰ ਤਿਆਰੀ ਕਰਦੇ ਦੇਖਿਆ ਹੈ। ਡਬਲਯੂ. ਪੀ. ਐੱਲ. ਕਾਫੀ ਚੰਗੀ ਪਹਿਲ ਹੈ। ਇਸ ਨਾਲ ਆਈ. ਪੀ. ਐੱਲ. ਦੀ ਹੀ ਤਰ੍ਹਾਂ ਘਰੇਲੂ ਕ੍ਰਿਕਟਰਾਂ ਨੂੰ ਕੌਮਾਂਤਰੀ ਕ੍ਰਿਕਟ ਵਿਚ ਜਗ੍ਹਾ ਬਣਾਉਣ ਦਾ ਮੰਚ ਮਿਲਿਆ ਹੈ।


Tarsem Singh

Content Editor

Related News