ਭਾਰਤੀ ਮਹਿਲਾ ਟੀਮ ਪਹਿਲੀ ਵਾਰ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਫਾਈਨਲ ’ਚ
Saturday, Feb 17, 2024 - 06:17 PM (IST)
ਸ਼ਾਹ ਆਲਮ (ਮਲੇਸ਼ੀਆ), (ਭਾਸ਼ਾ)– ਭਾਰਤੀ ਮਹਿਲਾ ਟੀਮ ਨੇ ਸ਼ਨੀਵਾਰ ਨੂੰ ਇੱਥੇ ਰੋਮਾਂਚਕ ਸੈਮੀਫਾਈਨਲ ਵਿਚ ਦੋ ਵਾਰ ਦੀ ਸਾਬਕਾ ਚੈਂਪੀਅਨ ਜਾਪਾਨ ਨੂੰ 3-2 ਨਾਲ ਹਰਾ ਕੇ ਆਪਣਾ ਸੁਨਹਿਰੀ ਸਫਰ ਜਾਰੀ ਰੱਖਦੇ ਹੋਏ ਪਹਿਲੀ ਵਾਰ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਦੁਨੀਆ ਦੀ 23ਵੇਂ ਨੰਬਰ ਦੀ ਜੋੜੀ ਨੇ ਪਹਿਲਾ ਡਬਲਜ਼, ਦੁਨੀਆ ਦੀ 53ਵੇਂ ਨੰਬਰ ਦੀ ਖਿਡਾਰਨ ਅਸਮਿਤਾ ਚਾਲਿਹਾ ਨੇ ਦੂਜਾ ਸਿੰਗਲਜ਼ ਤੇ 17 ਸਾਲਾ ਅਨਮੋਲ ਖਰਬ ਨੇ ਫੈਸਲਾਕੁੰਨ ਸਿੰਗਲਜ਼ ਜਿੱਤ ਕੇ ਭਾਰਤ ਨੂੰ ਖਿਤਾਬੀ ਟੱਕਰ ਵਿਚ ਪਹੁੰਚ ਦਿੱਤਾ।
ਇਹ ਵੀ ਪੜ੍ਹੋ : IND vs ENG, 3rd Test Day 3 Stumps : ਭਾਰਤ 196/2, ਟੀਮ ਇੰਡੀਆ ਕੋਲ 322 ਦੌੜਾਂ ਦੀ ਬੜ੍ਹਤ
ਭਾਰਤੀ ਮਹਿਲਾ ਟੀਮ ਹੁਣ ਐਤਵਾਰ ਨੂੰ ਫਾਈਨਲ ਵਿਚ ਥਾਈਲੈਂਡ ਸਾਹਮਣੇ ਹੋਵੇਗੀ। ਜਾਪਾਨ ਦੀ ਟੀਮ ਅਕਾਨੇ ਯਾਮਾਗੁਚੀ (ਦੁਨੀਆ ਦੀ ਚੌਥੇ ਨੰਬਰ ਦੇ ਖਿਡਾਰਨ), ਯੂਕੀ ਫੁਕੁਸ਼ਿਮਾ ਤੇ ਸਯਾਕਾ ਹਿਰੋਟਾ (ਦੁਨੀਆ ਦੀ ਸੱਤਵੇਂ ਨੰਬਰ ਦੀ ਜੋੜੀ) ਤੇ ਮਾਯੂ ਮਾਤਸੁਮੋਤੋ ਤੇ ਵਾਕਾਨਾ ਨਾਗਾਹਾਰਾ (ਦੁਨੀਆ ਦੀ 8ਵੇਂ ਨੰਬਰ ਦੀ ਜੋੜੀ) ਦੇ ਬਿਨਾਂ ਖੇਡ ਰਹੀ ਸੀ ਪਰ ਇਸ ਦੇ ਬਾਵਜੂਦ ਮਜ਼ਬੂਤ ਟੀਮ ਸੀ ਤੇ ਉਸ ਨੇ ਭਾਰਤ ਸਾਹਮਣੇ ਸਖਤ ਚੁਣੌਤੀ ਪੇਸ਼ ਕੀਤੀ।
ਸੱਟ ਕਾਰਨ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੀ ਪੀ. ਵੀ. ਸਿੰਧੂ ਹਾਲਾਂਕਿ ਪਹਿਲੇ ਸਿੰਗਲਜ਼ ਵਿਚ ਅਯਾ ਓਹੋਰੀ ਵਿਰੁੱਧ ਜਿੱਤ ਦਰਜ ਨਹੀਂ ਕਰ ਸਕੀ ਤੇ 13-21, 20-22 ਨਾਲ ਹਾਰ ਗਈ। ਤ੍ਰਿਸ਼ਾ ਤੇ ਗਾਇਤਰੀ ਨੇ ਪਹਿਲੇ ਡਬਲਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਨਾਮੀ ਮਾਤਸੁਯਾਮਾ ਤੇ ਚਿਹਾਰੂ ਸ਼ਿਡਾ ਦੀ ਦੁਨੀਆ ਦੀ 6ਵੇਂ ਨੰਬਰ ਦੀ ਜੋੜੀ ’ਤੇ 73 ਮਿੰਟ ਵਿਚ 21-17, 16-21, 22-20 ਦੀ ਜਿੱਤ ਨਾਲ ਭਾਰਤ ਨੂੰ 1-1 ਦੀ ਬਰਾਬਰੀ ’ਤੇ ਲਿਆ ਦਿੱਤਾ।
ਇਹ ਵੀ ਪੜ੍ਹੋ : ਸਰਫਰਾਜ਼ ਦੇ ਪਿਤਾ 'ਤੇ ਆਨੰਦ ਮਹਿੰਦਰਾ ਨੇ ਲੁਟਾਇਆ ਪਿਆਰ, ਤੋਹਫ਼ੇ 'ਚ ਦੇਣਾ ਚਾਹੁੰਦੇ ਹਨ ਥਾਰ
ਅਸਮਿਤਾ ਨੇ ਫਿਰ ਸਾਬਕਾ ਵਿਸ਼ਵ ਚੈਂਪੀਅਨ ਨੋਜੋਮੀ ਓਕੂਹਾਰਾ (20ਵੀਂ ਰੈਂਕਿੰਗ) ਵਿਰੁੱਧ ਹਮਲਾਵਰ ਖੇਡ ਦਿਖਾਈ। ਇਸ ਭਾਰਤੀ ਨੇ ਆਪਣੀ ਕ੍ਰਾਸ ਸ਼ਾਟ ਤੇ ਸਮੈਸ਼ ਦਾ ਬੂਖਾਬੀ ਇਸਤੇਮਾਲ ਕਰਕੇ 21-17, 21-14 ਨਾਲ ਉਲਟਫੇਰ ਭਰੀ ਜਿੱਤ ਨਾਲ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਤਨੀਸ਼ਾ ਕ੍ਰਾਸਟੋ ਨੂੰ ਸੱਟ ਲੱਗੀ ਹੈ, ਜਿਸ ਨਾਲ ਸਿੰਧੂ ਨੇ ਅਸ਼ਵਿਨੀ ਪੋਨੱਪਾ ਦੇ ਨਾਲ ਜੋੜੀ ਬਣਾਈ ਪਰ ਉਹ ਰਨਾ ਮਿਯਾਯੂਰਾ ਤੇ ਅਯਾਕੋ ਸਾਕੂਰਾਮੋਤੋ ਦੀ ਦੁਨੀਆ ਦੀ 11ਵੇਂ ਨੰਬਰ ਦੀ ਜੋੜੀ ਦਾ ਅੜਿੱਕਾ ਪਾਰ ਨਹੀਂ ਕਰ ਸਕੀ ਤੇ 43 ਮਿੰਟ ਵਿਚ 14-21, 11-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਹੁਣ ਦੋਵੇਂ ਟੀਮਾਂ 2-2 ਨਾਲ ਬਰਾਬਰੀ ’ਤੇ ਸਨ। ਅਨਮੋਲ ਨੂੰ ਦੁਨੀਆ ਦੀ 29ਵੇਂ ਨੰਬਰ ਦੀ ਖਿਡਾਰਨ ਨਾਤਾਸੁਕੀ ਨਿਡਾਯਰਾ ਨੂੰ ਹਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਤੇ ਇਸ ਭਾਰਤੀ ਨੇ ਵੀ ਉਮੀਦਾਂ ਅਨੁਸਾਰ 52 ਮਿੰਟਾਂ ਵਿਚ 21-14, 21-18 ਨਾਲ ਜਿੱਤ ਦਰਜ ਕਰਕੇ ਭਾਰਤ ਨੂੰ ਪਹਿਲੀ ਵਾਰ ਫਾਈਨਲ ਵਿਚ ਪਹੁੰਚਾਇਆ। ਭਾਰਤ ਹੁਣ ਇਸ ਮਹਾਦੀਪੀ ਚੈਂਪੀਅਨਸ਼ਿਪ ਵਿਚ ਪਹਿਲਾ ਸੋਨ ਤਮਗਾ ਜਿੱਤਣ ਦੀ ਕੋਸ਼ਿਸ਼ ਕਰੇਗਾ। ਭਾਰਤ ਨੇ 2016 ਤੇ 2020 ਦੇ ਗੇੜ ਵਿਚ ਪੁਰਸ਼ ਟੀਮ ਪ੍ਰਤੀਯੋਗਿਤਾ ਵਿਚ 2 ਕਾਂਸੀ ਤਮਗੇ ਜਿੱਤੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8