ਯੂਨੀਫਾਈਡ ਕੱਪ ਫੁੱਟਬਾਲ ਟੂਰਨਾਮੈਂਟ ਲਈ ਭਾਰਤੀ ਟੀਮ ਅਮਰੀਕਾ ਰਵਾਨਾ

06/22/2022 5:12:06 PM

ਨਵੀਂ ਦਿੱਲੀ (ਏਜੰਸੀ)- ਅਮਰੀਕਾ ਦੇ ਡੇਟਰਾਇਟ 'ਚ ਖੇਡੇ ਜਾਣ ਵਾਲੇ ਯੂਨੀਫਾਈਡ ਕੱਪ ਫੁੱਟਬਾਲ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਵਿਸ਼ੇਸ਼ ਖਿਡਾਰੀਆਂ ਦੀ ਭਾਰਤੀ ਮਹਿਲਾ ਟੀਮ ਦਿੱਲੀ ਦੇ ਮੈਤ੍ਰੇਈ ਕਾਲਜ 'ਚ 10 ਦਿਨਾਂ ਸਿਖਲਾਈ ਕੈਂਪ ਤੋਂ ਬਾਅਦ ਰਵਾਨਾ ਹੋ ਗਈ ਹੈ। ਕੈਂਪ ਦੀ ਕਨਵੀਨਰ ਅਤੇ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ: ਸ਼ਿਪਰਾ ਵਰਮਾ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੈਂਪ ਵਿੱਚ ਸ਼ਾਮਲ ਖਿਡਾਰੀਆਂ ਅਤੇ ਕੋਚਾਂ ਨੇ ਮੈਤ੍ਰੇਈ ਕਾਲਜ ਦੇ ਗਰਾਊਂਡ, ਸਟਾਫ਼ ਅਤੇ ਵਿਸ਼ੇਸ਼ ਤੌਰ 'ਤੇ ਡਾ: ਵਰਮਾ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੈਤ੍ਰੇਈ ਕਾਲਜ ਵਿਸ਼ੇਸ਼ ਅਤੇ ਪੈਰਾ ਖਿਡਾਰੀਆਂ ਦਾ 'ਹੱਬ' ਬਣ ਚੁੱਕਾ ਹੈ, ਜਿੱਥੇ ਹਰ ਰੋਜ਼ ਸੈਂਕੜੇ ਖਿਡਾਰੀ ਸਿਖਲਾਈ ਲੈਂਦੇ ਹਨ।

ਸ਼ਿਪਰਾ ਨੇ ਕਿਹਾ ਕਿ ਉਨ੍ਹਾਂ ਦਾ ਕਾਲਜ ਫਿਟ ਇੰਡੀਆ ਮੂਵਮੈਂਟ ਨੂੰ ਸਮਰਪਿਤ ਹੈ ਅਤੇ ਲਗਭਗ 500 ਖਿਡਾਰੀ ਟ੍ਰੇਨਿੰਗ ਲੈਣ ਆਉਂਦੇ ਹਨ। ਕਾਲਜ ਦੀ ਪ੍ਰਿੰਸੀਪਲ ਡਾ: ਹਰਿਤਮਾ ਅਨੁਸਾਰ ਉਨ੍ਹਾਂ ਦਾ ਕਾਲਜ ਸਪੈਸ਼ਲ ਓਲੰਪਿਕ ਇੰਡੀਆ ਨੂੰ ਪੂਰਾ ਸਹਿਯੋਗ ਦਿੰਦਾ ਹੈ, ਜਿਸ ਦੇ ਸਲਾਹਕਾਰ ਡਾ: ਮੱਲਿਕਾ ਨੱਡਾ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਅਮਰੀਕਾ ਜਾਣ ਵਾਲੀ ਟੀਮ ਦੇਸ਼ ਦਾ ਮਾਣ ਵਧਾਏਗੀ। ਜ਼ਿਕਰਯੋਗ ਹੈ ਕਿ ਸ਼ਿਪਰਾ ਆਪਣੇ ਕਾਲਜ ਵਿੱਚ 2016 ਤੋਂ ਵਿਸ਼ੇਸ਼ ਖਿਡਾਰੀਆਂ ਦਾ ਕੇਂਦਰ ਚਲਾ ਰਹੀ ਹੈ, ਜਿਸ ਵਿੱਚ ਕਈ ਖਿਡਾਰੀ ਸਿਖਲਾਈ ਲੈ ਕੇ ਸੂਬੇ ਅਤੇ ਦੇਸ਼ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਇਸ ਮੁਹਿੰਮ ਵਿੱਚ ਉਨ੍ਹਾਂ ਨੂੰ ਡਾ: ਜੋਤੀ ਮਾਨ ਦਾ ਸਹਿਯੋਗ ਮਿਲ ਰਿਹਾ ਹੈ। 


cherry

Content Editor

Related News