ਭਾਰਤੀ ਸਪਿਨਰ ਰਾਹੁਲ ਸ਼ਰਮਾ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ
Monday, Aug 29, 2022 - 04:13 PM (IST)
ਸਪੋਰਟਸ ਡੈਸਕ– ਭਾਰਤੀ ਸਪਿਨਰ ਰਾਹੁਲ ਸ਼ਰਮਾ ਨੇ ਐਤਵਾਰ ਨੂੰ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਪੰਜਾਬ ਦੇ ਜਲੰਧਰ ਜ਼ਿਲੇ ਦੇ ਰਹਿਣ ਵਾਲੇ ਰਾਹੁਲ ਨੇ 2011 ਵਿਚ ਵੈਸਟਇੰਡੀਜ਼ ਵਿਰੁੱਧ ਆਪਣਾ ਕੌਮਾਂਤਰੀ ਡੈਬਿਊ ਕੀਤਾ ਸੀ ਤੇ ਉਹ ਭਾਰਤ ਲਈ 4 ਵਨ ਡੇ ਤੇ 2 ਟੀ-20 ਮੁਕਾਬਲੇ ਖੇਡ ਚੁੱਕਾ ਹੈ। ਰਾਹੁਲ ਕੌਮਾਂਤਰੀ ਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਹੁਣ ਰੋਡ ਸੇਫਟੀ ਵਰਲਡ ਸੀਰੀਜ਼ ਵਿਚ ਨਜ਼ਰ ਆਵੇਗਾ।
ਰਾਹੁਲ ਨੇ ਸੰਨਿਆਸ ਦਾ ਐਲਾਨ ਕਰਦੇ ਹੋਏ ਕਿਹਾ, ‘‘ਇਹ ਮੇਰੀ ਖੁਸ਼ਕਿਸਮਤੀ ਰਹੀ ਹੈ ਕਿ ਮੈਂ ਸਭ ਤੋਂ ਉੱਚੇ ਪੱਧਰ ’ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ। ਮੈਨੂੰ ਇਸ ਪਰਿਵਾਰ ਵਿਚ ਜਗ੍ਹਾ ਦੇਣ ਲਈ ਬੀ. ਸੀ. ਸੀ. ਆਈ. ਦਾ ਧੰਨਵਾਦ। ਦੇਸ਼ ਲਈ ਖੇਡਣਾ ਕਿਸੇ ਵੀ ਖਿਡਾਰੀ ਦਾ ਮੁੱਢਲਾ ਟੀਚਾ ਹੁੰਦਾ ਹੈ। ਮੈਂ ਖੁਸ਼ ਹਾਂ ਕਿ ਮੈਂ ਇਹ ਉਪਲੱਬਧੀ ਹਾਸਲ ਕਰ ਸਕਿਆ।’’
ਇਹ ਵੀ ਪੜ੍ਹੋ : ਹਾਰਦਿਕ ਪੰਡਯਾ ਦੀ ਪਾਕਿ ਖ਼ਿਲਾਫ਼ ਮੈਚ ਜੇਤੂ ਪਾਰੀ ਲਈ ਰੋਹਿਤ ਸ਼ਰਮਾ ਨੇ ਕਹੀ ਇਹ ਖ਼ਾਸ ਗੱਲ
ਉਸ ਨੇ ਕਿਹਾ, ‘‘ਭਾਰਤੀ ਟੀਮ ਦੀ ਨੀਲੀ ਜਰਸੀ ਪਹਿਨਣਾ ਮੇਰੇ ਲਈ ਸਭ ਤੋਂ ਯਾਦਗਰ ਪਲ ਸੀ। ਮੈਂ ਹਮੇਸ਼ਾ ਇਸ ਨੂੰ ਯਾਦਾਂ ਵਿਚ ਸੰਜੋ ਕੇ ਰੱਖਾਂਗਾ। ਗੌਤਮ ਗੰਭੀਰ, ਰਾਹੁਲ ਦ੍ਰਾਵਿੜ, ਵੀ. ਵੀ. ਐੱਸ.ਲਕਸ਼ਮਣ, ਵਰਿੰਦਰ ਸਹਿਵਾਗ, ਮਹਿੰਦਰ ਸਿੰਘ ਧੋਨੀ, ਯੁਵਰਾਜ ਸਿੰਘ, ਹਰਭਜਨ ਸਿੰਘ, ਸੁਰੇਸ਼ ਰੈਨਾ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਸਾਰੇ ਖਿਡਾਰੀਆਂ ਦੇ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨਾ ਮੇਰੀ ਚੰਗੀ ਕਿਸਮਤ ਸੀ।’’
ਰਾਹੁਲ ਨੇ ਆਪਣੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਦੀ ਸ਼ੁਰੂਆਤ ਸਾਲ 2010 ਵਿਚ ਡੈਕਨ ਚਾਰਜਰਸ ਵਲੋਂ ਖੇਡਦੇ ਹੋਏ ਕੀਤੀ ਸੀ। ਉਹ ਉਸ ਸਮੇਂ ਬੇਲਸ ਪਾਲਸੀ ਨਾਮੀ ਬੀਮਾਰੀ ਨਾਲ ਜੂਝ ਰਿਹਾ ਸੀ, ਜਿਸ ਵਿਚ ਚਿਹਰੇ ਦੀਆਂ ਮਾਸਪੇਸ਼ੀਆਂ ਅਸਥਾਈ ਰੂਪ ਨਾਲ ਕਮਜ਼ੋਰ ਹੋ ਜਾਂਦੀਆਂ ਹਨ। ਉਸ ਨੇ ਦੱਸਿਆ ਕਿ ਡੈਕਨ ਚਾਰਜਰਸ ਵਿਚ ਉਸਦੇ ਤਤਕਾਲੀਨ ਕਪਤਾਨ ਐਡਮ ਗਿਲਕ੍ਰਿਸਟ ਨੇ ਉਸਦੀ ਸਹਾਇਤਾ ਕੀਤੀ ਤੇ ਉਸ ਨੂੰ ਖੇਡਦੇ ਰਹਿਣ ਲਈ ਉਤਸ਼ਾਹਿਤ ਕੀਤਾ। ਰਾਹੁਲ ਅੱਗੇ ਚੱਲ ਕੇ ਆਈ. ਪੀ. ਐੱਲ. ਵਿਚ ਪੁਣੇ ਵਾਰੀਅਰਸ, ਦਿੱਲੀ ਡੇਅਰਡੇਵਿਲਸ ਤੇ ਚੇਨਈ ਦੇ ਨਾਲ ਵੀ ਖੇਡਿਆ।
ਉਸ ਨੇ ਆਈ. ਪੀ. ਐੱਲ. ਕਰੀਅਰ ਵਿਚ 44 ਮੈਚ ਖੇਡਦੇ ਹੋਏ 27.15 ਦੀ ਔਸਤ ਤੇ 7.02 ਦੀ ਇਨਕਾਮੀ ਨਾਲ 40 ਵਿਕਟਾਂ ਲਈਆਂ। ਰਾਹੁਲ ਨੇ ਕਿਹਾ ਕਿ ਹੁਣ ਉਹ ਆਪਣੀ ‘ਨਵੀਂ ਪਾਰੀ ਲਈ ਤਿਆਰ ਹੈ’ ਅਤੇ ਜਲਦ ਹੀ ਰੋਡ ਸੇਫਟੀ ਵਰਲਡ ਸੀਰੀਜ਼ ਵਿਚ ਨਜ਼ਰ ਆਵੇਗਾ। ਇਹ ਟੂਰਨਾਮੈਂਟ 10 ਸਤੰਬਰ ਤੋਂ ਸ਼ੁਰੂ ਹੋਵੇਗਾ, ਜਿੱਥੇ ਰਾਹੁਲ ਇੰਡੀਅਨ ਲੀਜੈਂਡਸ ਵਲੋਂ ਖੇਡਦਾ ਹੋਇਆ ਨਜ਼ਰ ਆਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।