ਭਾਰਤੀ ਰਿਕਰਵ ਟੀਮਾਂ ਤੀਰਅੰਦਾਜ਼ੀ ਵਿਸ਼ਵ ਕੱਪ ’ਚ ਤਮਗੇ ਦੀ ਦੌੜ ’ਚੋਂ ਬਾਹਰ

Friday, May 09, 2025 - 01:25 PM (IST)

ਭਾਰਤੀ ਰਿਕਰਵ ਟੀਮਾਂ ਤੀਰਅੰਦਾਜ਼ੀ ਵਿਸ਼ਵ ਕੱਪ ’ਚ ਤਮਗੇ ਦੀ ਦੌੜ ’ਚੋਂ ਬਾਹਰ

ਸ਼ੰਘਾਈ- ਭਾਰਤ ਦੀ ਪੁਰਸ਼ ਅਤੇ ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮਾਂ ਵੀਰਵਾਰ ਨੂੰ ਇਥੇ ਵਿਸ਼ਵ ਕੱਪ ਦੂਸਰੇ ਪੜਾਅ ’ਚ ਤਮਗੇ ਦੀ ਦੌੜ ’ਚੋਂ ਬਾਹਰ ਹੋ ਗਈਆਂ, ਜਿਸ ’ਚ ਪੁਰਸ਼ ਚੌਥੇ ਸਥਾਨ ’ਤੇ ਰਹੇ, ਜਦਕਿ ਮਹਿਲਾ ਟੀਮ ਪ੍ਰੀ-ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕੀ।

ਧੀਰਜ ਬੋਮਦੇਵਰਾ, ਅਤਨੁ ਦਾਸ ਅਤੇ ਤਰੁਣਦੀਪ ਰਾਏ ਦੀ 7ਵਾਂ ਦਰਜਾ ਪ੍ਰਾਪਤ ਭਾਰਤੀ ਪੁਰਸ਼ ਟੀਮ ਕਾਂਸੀ ਤਮਗੇ ਦੇ ਮੈਚ ’ਚ ਅਮਰੀਕਾ ਤੋਂ 3-5 ਨਾਲ ਹਾਰ ਗਈ। ਭਾਰਤੀ ਟੀਮ ਪਹਿਲਾ ਸੈੱਟ 56-57 ਨਾਲ ਹਾਰ ਗਈ। ਇਸ ਤੋਂ ਬਾਅਦ ਕ੍ਰਿਸ਼ਚੀਅਨ ਸਟੋਡਰਡ, ਬ੍ਰੈਡੀ ਏਲੀਸਨ ਅਤੇ ਜੈਕ ਵਿਲੀਅਮਸ ਦੀ ਅਮਰੀਕੀ ਤਿਕੜੀ ਨੇ ਦੂਸਰੇ ਸੈੱਟ ’ਚ 56-52 ਨਾਲ ਦਬਾਅ ਬਣਾਉਣ ਤੋਂ ਬਾਅਦ 4-0 ਦੀ ਮਜ਼ਬੂਤ ਬੜ੍ਹਤ ਬਣਾ ਲਈ।

ਭਾਰਤ ਨੇ ਤੀਸਰੇ ਸੈੱਟ ’ਚ ਵਾਪਸੀ ਕਰਦੇ ਹੋਏ 55-54 ਨਾਲ ਜਿੱਤ ਹਾਸਲ ਕੀਤੀ ਪਰ ਚੌਥਾ ਸੈੱਟ 56-56 ਦੀ ਬਰਾਬਰੀ ’ਤੇ ਖਤਮ ਹੋਇਆ, ਜਿਸ ਨਾਲ ਅਮਰੀਕੀ ਟੀਮ ਕਾਂਸੀ ਤਮਗਾ ਹਾਸਲ ਕਰਨ ’ਚ ਸਫਲ ਰਹੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਸੈਮੀਫਾਈਨਲ ’ਚ ਫਰਾਂਸ ਤੋਂ ਸ਼ੂਟ-ਆਫ ’ਚ 4-5 (25-26) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਹਿਲਾ ਵਰਗ ’ਚ ਦੀਪਿਕਾ ਕੁਮਾਰੀ, ਅੰਕਿਤਾ ਭਗਤ ਅਤੇ ਅੰਸ਼ਿਕਾ ਕੁਮਾਰੀ ਦੀ ਭਾਰਤੀ ਟੀਮ ਪ੍ਰੀ-ਕੁਆਰਟਰ ਫਾਈਨਲ ’ਚ 14ਵਾਂ ਦਰਜਾ ਪ੍ਰਾਪਤ ਮੈਕਸਿਕੋ ਤੋਂ ਸ਼ੂਟ-ਆਫ ’ਚ 4-5 (26-27) ਨਾਲ ਹਾਰ ਕੇ ਬਾਹਰ ਹੋ ਗਈ।


author

Tarsem Singh

Content Editor

Related News