ਬਾਹਰ ਹੋਣ ਦੇ ਡਰੋਂ ਆਰਾਮ ਨਹੀਂ ਕਰਦੇ ਭਾਰਤੀ ਖਿਡਾਰੀ : ਯੁਵਰਾਜ
Tuesday, Nov 05, 2019 - 02:20 AM (IST)

ਮੁੰਬਈ- ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ ਸੋਮਵਾਰ ਦਾਅਵਾ ਕੀਤਾ ਕਿ ਦੇਸ਼ ਦੇ ਕਈ ਕ੍ਰਿਕਟਰ ਆਪਣਾ ਸਥਾਨ ਗੁਆਉਣ ਦੇ ਡਰ ਕਾਰਣ ਥੱਕੇ ਹੋਣ ਦੇ ਬਾਵਜੂਦ ਆਰਾਮ ਨਹੀਂ ਕਰਦੇ ਅਤੇ ਉਮੀਦ ਜਤਾਈ ਕਿ ਸੌਰਭ ਗਾਂਗੁਲੀ ਦੇ ਬੀ. ਸੀ. ਸੀ. ਆਈ. ਮੁਖੀ ਬਣਨ ਤੋਂ ਬਾਅਦ ਇਸ ਵਿਚ ਬਦਲਾਅ ਆਵੇਗਾ।
ਨਿੱਜੀ ਲੀਗ 'ਚ ਖੇਡਣ ਲਈ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਯੁਵਰਾਜ ਨੇ ਖਿਡਾਰੀਆਂ ਦੇ ਸੰਘ ਦਾ ਵੀ ਸਮਰਥਨ ਕੀਤਾ। ਸੁਪਰੀਮ ਕੋਰਟ ਵੱਲੋਂ ਨਿਯੁਕਤ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਖਿਡਾਰੀਆਂ ਦਾ ਸੰਘ 'ਇੰਡੀਅਨ ਕ੍ਰਿਕਟਰਸ ਐਸੋਸੀਏਸ਼ਨ' ਪਹਿਲਾਂ ਹੀ ਗਠਿਤ ਕਰ ਦਿੱਤਾ ਗਿਆ ਹੈ। ਯੁਵਰਾਜ ਨੇ ਇੱਥੇ ਕਿਹਾ ਕਿ ਅਸੀਂ ਇਸ ਦੇ ਹੱਕਦਾਰ ਹਾਂ ਕਿਉਂਕਿ ਕਈ ਵਾਰ ਸਾਨੂੰ ਕ੍ਰਿਕਟ ਖੇਡਣ ਲਈ ਕਿਹਾ ਜਾਂਦਾ ਹੈ ਜਦਕਿ ਅਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ। ਸਾਨੂੰ ਇਸ ਦਬਾਅ ਵਿਚ ਖੇਡਣਾ ਹੁੰਦਾ ਹੈ ਕਿ ਜੇਕਰ ਅਸੀਂ ਨਹੀਂ ਖੇਡਦੇ ਤਾਂ ਸਾਨੂੰ ਬਾਹਰ ਕਰ ਦਿੱਤਾ ਜਾਵੇਗਾ।'' ਉਸ ਨੇ ਕਿਹਾ ਕਿ ਖਿਡਾਰੀਆਂ 'ਤੇ ਦਬਾਅ ਖਤਮ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਥੱਕੇ ਹੋਏ ਹਨ ਜਾਂ ਜ਼ਖ਼ਮੀ ਹਨ ਤਾਂ ਤਦ ਉਨ੍ਹਾਂ ਨੂੰ ਆਰਾਮ ਮਿਲਣਾ ਚਾਹੀਦਾ ਹੈ।