ਇੰਡੀਅਨ ਆਇਲ ਪਰਿਵਰਤਨ ਪਹਿਲ ਦੇ ਤਹਿਤ ਕੈਦੀਆਂ ਨੂੰ ਦੇਵੇਗਾ ਖੇਡਾਂ ਦੀ ਸਿਖਲਾਈ
Monday, Aug 16, 2021 - 11:27 AM (IST)
ਹੈਦਰਾਬਾਦ (ਵਾਰਤਾ) : ਇੰਡੀਅਨ ਆਇਲ ਕਾਰਪੋਰੇਸ਼ਨ ਨੇ ਜੇਲ੍ਹਾਂ ਵਿਚ ਬੰਦ ਕੈਦੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿਚ ਮਦਦ ਕਰਨ ਲਈ ਦੇਸ਼ ਭਰ ਚੋਣਵੀਆਂ ਜੇਲ੍ਹਾਂ ਦੇ ਕੈਦੀਆਂ ਨੂੰ ਚੋਣਵੀਆਂ ਖੇਡਾਂ ਵਿਚ ਸਿਖਲਾਈ ਦੇਣ ਲਈ ਪਰਿਵਰਤਨ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇੰਡੀਅਨ ਆਇਲ ਦੇ ਚੇਅਰਮੈਨ ਸ਼੍ਰੀਕਾਂਤ ਮਾਧਵ ਵੈਧ ਨੇ ਇੱਥੇ ਐਤਵਾਰ ਨੂੰ ਚੰਚਲਗੁੜਾ ਸਥਿਤ ਕੇਂਦਰੀ ਜੇਲ੍ਹ ਵਿਚ 75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਜੇਲ੍ਹ ਡਾਇਰੈਕਟਰ ਜਨਰਲ ਰਾਜੀਵ ਤ੍ਰਿਵੇਦੀ ਅਤੇ ਆਈ.ਜੀ. (ਜੇਲ੍ਹ) ਵਾਈ ਰਾਜੇਸ਼ ਅਤੇ ਇੰਡੀਅਨ ਆਇਲ ਦੇ ਸੂਬਾ ਮੁਖੀ ਅਤੇ ਕਾਰਜਕਾਰੀ ਨਿਰਦੇਸ਼ਕ (ਤੇਲੰਗਾਨਾ ਅਤੇ ਏ.ਪੀ.) ਆਰ.ਐਸ.ਐਸ. ਰਾਓ ਦੀ ਮੌਜੂਦਗੀ ਵਿਚ ਇਸ ਅਨੌਖੀ ਪਹਿਲ ਦੀ ਸ਼ੁਰੂਆਤ ਕੀਤੀ।
ਜ਼ਿਕਰਯੋਗ ਹੈ ਕਿ ਇਸ ਪਹਿਲ ਤਹਿਤ ਇੰਡੀਅਨ ਆਇਲ ਸਬੰਧਤ ਸੂਬਿਆਂ ਦੇ ਜੇਲ੍ਹ ਵਿਭਾਗ ਨਾਲ ਤਾਲਮੇਲ ਕਰਕੇ ਕੈਦੀਆਂ ਦੇ ਸਰੀਰਕ ਅਤੇ ਮਾਨਸਿਕ ਕਲਿਆਣ ਵਿਚ ਸੁਧਾਰ ਕਰਨ ਵਿਚ ਮਦਦ ਕਰਨ ਲਈ ਜੇਲ੍ਹਾਂ ਵਿਚ ਬੈਡਮਿੰਟਨ, ਵਾਲੀਬਾਲ, ਸ਼ਤਰੰਜ, ਟੈਨਿਸ ਅਤੇ ਕੈਰਮ ਵਿਚ ਸਿਖਲਾਈ ਪ੍ਰੋਗਰਾਮਾਂ ਦੀ ਸੁਵਿਧਾ ਪ੍ਰਧਾਨ ਕਰੇਗਾ। ਚਾਰ ਹਫ਼ਤਿਆਂ ਤੱਕ ਚੱਲਣ ਵਾਲੇ ਇਸ ਸਿਖਲਾਈ ਪ੍ਰੋਗਰਾਮ ਦੌਰਾਨ 129 ਕੈਦੀਆਂ ਨੂੰ ਖੇਡਾਂ ਦੀਆਂ ਮੁੱਢਲੀਆਂ ਗੱਲਾਂ ਸਿਖਾਈਆਂ ਜਾਣਗੀਆਂ, ਜਿਸ ਨਾਲ ਉਹ ਮਨੋਰੰਜਨ ਦੇ ਇਲਾਵਾ ਸਥਾਨਕ ਮੁਕਾਬਲਿਆਂ ਵਿਚ ਹਿੱਸਾ ਲੈ ਸਕਣਗੇ।
ਇੰਡੀਅਨ ਆਇਲ ਪ੍ਰੋਗਰਾਮ ਦੇ ਭਾਗੀਦਾਰਾਂ ਨੂੰ ਉਪਕਰਣ ਅਤੇ ਕਿੱਟਾਂ ਵੀ ਪ੍ਰਦਾਨ ਕਰੇਗਾ। ਇੰਡੀਅਨ ਆਇਲ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪ੍ਰੋਗਰਾਮ ਨੂੰ ਅੱਗੇ ਵਧਾਉਣ ਵਿਚ ਮਦਦ ਕਰਨਗੇ। ਪਹਿਲ ਦੇ ਪਹਿਲੇ ਪੜ੍ਹਾਅ ਵਿਚ ਚੰਚਲਗੁੜਾ ਕੇਂਦਰੀ ਜੇਲ੍ਹ (ਹੈਦਰਾਬਾਦ), ਪੁਝਲ ਕੇਂਦਰੀ ਜੇਲ੍ਹ (ਚੇਨਈ), ਪੂਜਾਪੁਰਾ ਕੇਂਦਰੀ ਜੇਲ੍ਹ (ਤ੍ਰਿਵੇਂਦਰਮ), ਸਪੈਸ਼ਲ ਜੇਲ੍ਹ (ਭੁਵਨੇਸ਼ਵਰ) ਅਤੇ ਸਰਕਲ ਜੇਲ੍ਹ (ਕਟਕ) ਨੂੰ ਸ਼ਾਮਲ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿਚ ਕੈਦੀਆਂ ਅਤੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਲੋਕਾਂ ਨੂੰ ਤਾਮਿਲਨਾਡੂ, ਕੇਰਲ, ਤੇਲੰਗਾਨਾ, ਆਂਧਾਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ 30 ਇੰਡੀਅਨ ਆਇਲ ਰਿਟੇਲ ਆਊਟਲੈਟਸ ’ਤੇ ਗਾਹਕ ਸੇਵਾਦਾਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ।