ਇੰਡੀਅਨ ਆਇਲ ਮੁੰਬਈ ਨੇ ਭਾਰਤ ਪੈਟਰੋਲੀਅਮ ਮੁੰਬਈ ਨੂੰ ਹਰਾ ਕੇ ਖਿਤਾਬ ’ਤੇ ਕੀਤਾ ਕਬਜ਼ਾ

Sunday, Oct 27, 2024 - 04:11 PM (IST)

ਇੰਡੀਅਨ ਆਇਲ ਮੁੰਬਈ ਨੇ ਭਾਰਤ ਪੈਟਰੋਲੀਅਮ ਮੁੰਬਈ ਨੂੰ ਹਰਾ ਕੇ ਖਿਤਾਬ ’ਤੇ ਕੀਤਾ ਕਬਜ਼ਾ

ਜਲੰਧਰ, (ਮਹੇਸ਼)- ਇੰਡੀਅਨ ਆਇਲ ਮੁੰਬਈ ਨੇ ਭਾਰਤ ਪੈਟਰੋਲੀਅਮ ਮੁੰਬਈ ਨੂੰ 3-0 ਦੇ ਫਰਕ ਨਾਲ ਹਰਾ ਕੇ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਖਿਤਾਬ ’ਤੇ ਛੇਵੀਂ ਵਾਰ ਕਬਜ਼ਾ ਕੀਤਾ। ਇਸ ਤੋਂ ਪਹਿਲਾਂ ਇੰਡੀਅਨ ਆਇਲ ਮੁੰਬਈ ਨੇ 2007, 2010, 2012, 2014 ਅਤੇ 2023 ਵਿਚ ਇਹ ਖਿਤਾਬ ਜਿੱਤਿਆ ਸੀ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸਮਾਪਤ ਹੋਏ ਇਸ ਟੂਰਨਾਮੈਂਟ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਡਿਪਟੀ ਕਮਿਸ਼ਨਰ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਕੀਤੀ। ਜੇਤੂ ਟੀਮ ਨੂੰ ਜੇਤੂ ਟਰਾਫੀ ਦੇ ਨਾਲ ਅਮੋਲਕ ਸਿੰਘ ਗਾਖਲ (ਗਾਖਲ ਬ੍ਰਦਰਜ਼ ਯੂ. ਐੱਸ. ਏ.) ਵਲੋਂ 5.50 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਜਦਕਿ ਉੱਪ ਜੇਤੂ ਟੀਮ ਨੂੰ ਟ੍ਰਾਫੀ ਦੇ ਨਾਲ 2.50 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਫਾਈਨਲ ਮੈਚ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਉਨ੍ਹਾਂ ਸੁਰਜੀਤ ਹਾਕੀ ਸੋਸਾਇਟੀ ਨੂੰ 25 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ। ਫਾਈਨਲ ਮੈਚ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਆਪਣੇ ਗਾਣਿਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।

ਫਾਈਨਲ ਮੈਚ ਦੌਰਾਨ ਇੰਡੀਅਨ ਆਇਲ ਮੁੰਬਈ ਅਤੇ ਭਾਰਤ ਪੈਟਰੋਲੀਅਮ ਮੁੰਬਈ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ 8ਵੇਂ ਮਿੰਟ ’ਚ ਇੰਡੀਅਨ ਆਇਲ ਦੇ ਕਪਤਾਨ ਤਲਵਿੰਦਰ ਸਿੰਘ ਨੇ ਗੋਲ ਕਰ ਕੇ ਸਕੋਰ 1-0 ਕੀਤਾ। ਇਸ ਤੋਂ ਬਾਅਦ ਭਾਰਤ ਪੈਟਰੋਲੀਅਮ ਨੂੰ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਇੰਡੀਅਨ ਆਇਲ ਦੇ ਗੋਲਕੀਪਰ ਪੰਕਜ ਰਜ਼ਾਕ ਨੇ ਬਿਹਤਰੀਨ ਬਚਾਅ ਕੀਤੇ। ਅੱਧੇ ਸਮੇਂ ਤਕ ਇੰਡੀਅਨ ਆਇਲ 1-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ ਖੇਡ ਦੇ ਚੌਥੇ ਕਵਾਰਟਰ ਦੇ 49ਵੇਂ ਮਿੰਟ ਵਿਚ ਇੰਡੀਅਨ ਆਇਲ ਦੇ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਸਕੋਰ 2-0 ਕੀਤਾ। ਖੇਡ ਦੇ 59ਵੇਂ ਮਿੰਟ ਵਿਚ ਇੰਡੀਅਨ ਆਇਲ ਦੇ ਰਾਜਵੀਰ ਸਿੰਘ ਨੇ ਗੋਲ ਕਰ ਕੇ ਸਕੋਰ 3-0 ਕਰ ਕੇ ਮੈਚ ਜਿੱਤ ਲਿਆ।

PunjabKesari

ਇਸ ਫਾਈਨਲ ਮੈਚ ਦੇ ਮੌਕੇ ’ਤੇ ਅਮੋਲਕ ਸਿੰਘ ਗਾਖਲ, ਨੱਥਾ ਸਿੰਘ ਗਾਖਲ, ਇੰਡੀਅਨ ਆਇਲ ਤੋਂ ਰਾਜਨ ਬੇਰੀ, ਅਤੁਲ ਅਗਰਵਾਲ ਇੰਡੀਅਨ ਆਇਲ, ਭਾਰਤੀ ਹਾਕੀ ਟੀਮ ਦੇ ਕਪਤਾਨ ਉਲੰਪੀਅਨ ਹਰਮਨਪ੍ਰੀਤ ਸਿੰਘ, ਤਰਲੋਕ ਸਿੰਘ ਭੁੱਲਰ, ਪ੍ਰਵੀਨ ਗੁਪਤਾ, ਰਣਬੀਰ ਸਿੰਘ ਰਾਣਾ ਟੁੱਟ, ਲਖਵਿੰਦਰ ਸਿੰਘ ਖਹਿਰਾ, ਐੱਲ. ਆਰ. ਨਈਅਰ, ਰਾਮ ਪ੍ਰਤਾਪ, ਗੁਰਵਿੰਦਰ ਗੁਲੂ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਗੌਰਵ ਅਗਰਵਾਲ, ਰਣਦੀਪ ਗੁਪਤਾ, ਬਲਜੀਤ ਸਿੰਘ ਨਾਰਵੇ, ਰਮਣੀਕ ਰੰਧਾਵਾ, ਸੁਰਿੰਦਰ ਸਿੰਘ ਭਾਪਾ, ਇਕਬਾਲ ਸਿੰਘ ਸੰਧੂ, ਰਾਜਵਿੰਦਰ ਕੌਰ ਥਿਆੜਾ, ਨਰਿੰਦਰਪਾਲ ਜੱਜ, ਕਮਲਜੀਤ ਸਿੰਘ ਹੇਅਰ, ਕੈਮ ਗਿੱਲ (ਯੂ. ਐੱਸ. ਏ.), ਜਤਿਨ ਮਹਾਜਨ (ਅਲਫਾ), ਨਵਦੀਪ ਸਿੰਘ ਗਿੱਲ ਖੇਡ ਲੇਖਕ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਹਾਕੀ ਵਿਸ਼ਵ ਕੱਪ 1975 ਦੇ ਜੇਤੂ ਭਾਰਤੀ ਟੀਮ ਦੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

ਸੁਰਜੀਤ ਹਾਕੀ ਸੋਸਾਇਟੀ ਵੱਲੋਂ 1975 ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ 5 ਲੱਖ ਰੁਪਏ ਨਾਲ ਸਨਮਾਨ ਕੀਤਾ ਗਿਆ। ਇਨ੍ਹਾਂ ਖਿਡਾਰੀਆਂ ਨੂੰ ਸੁਰਜੀਤ ਹਾਕੀ ਸੋਸਾਇਟੀ ਦੇ ਪ੍ਰਧਾਨ ਡਾਕਟਰ ਹਿਮਾਂਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਜਲੰਧਰ ਨੇ ਸਨਮਾਨਿਤ ਕੀਤਾ। ਸਨਮਾਨਿਤ ਕੀਤੇ ਜਾਣ ਵਾਲੇ ਖਿਡਾਰੀਆਂ ਵਿਚ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਕਪਤਾਨ ਓਲੰਪੀਅਨ ਅਜੀਤਪਾਲ ਸਿੰਘ, ਓਲੰਪੀਅਨ ਅਸ਼ੋਕ ਧਿਆਨ ਚੰਦ, ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ, ਓਲੰਪੀਅਨ ਬੀ. ਪੀ. ਗੋਵਿੰਦਾ, ਓਲੰਪੀਅਨ ਅਸਲਮ ਸ਼ੇਰ ਖਾਨ, ਓਲੰਪੀਅਨ ਓਂਕਾਰ ਸਿੰਘ, ਓਲੰਪੀਅਨ ਹਰਿੰਦਰਜੀਤ ਸਿੰਘ ਚਿਮਨੀ, ਓਲੰਪੀਅਨ ਅਸ਼ੋਕ ਦਿਵਾਨ, ਓਲੰਪੀਅਨ ਪੀ. ਕਲੰਈਆ ਅਤੇ ਓਲੰਪੀਅਨ ਐਲ ਫਰਨਾਂਡੇਜ਼ ਸ਼ਾਮਲ ਹਨ।


author

Tarsem Singh

Content Editor

Related News