ਪੁਰਸ਼-ਬੀਬੀਆਂ ਦੀਆਂ ਹਾਕੀ ਟੀਮਾਂ ਦੇ ਕਪਤਾਨਾਂ ਦਾ ਇਕਲੌਤਾ ਟੀਚਾ ਓਲੰਪਿਕ ਤਮਗਾ

Saturday, Jan 02, 2021 - 02:25 AM (IST)

ਨਵੀਂ ਦਿੱਲੀ– ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਬੀਬੀਆਂ ਦੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਕਲੌਤਾ ਟੀਚਾ ਇਸ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਤਮਗਾ ਹਾਸਲ ਕਰਨਾ ਹੈ।
ਭਾਰਤੀ ਪੁਰਸ਼ ਤੇ ਬੀਬੀਆਂ ਦੀਆਂ ਹਾਕੀ ਟੀਮਾਂ ਲੰਬੇ ਸਮੇਂ ਤੋਂ ਮੈਦਾਨ ਵਿਚੋਂ ਬਾਹਰ ਹਨ। ਪੁਰਸ਼ ਟੀਮ ਨੇ ਆਪਣਾ ਆਖਰੀ ਕੌਮਾਂਤਰੀ ਮੁਕਾਬਲਾ ਫਰਵਰੀ 2020 ਵਿਚ ਆਸਟਰੇਲੀਆ ਵਿਰੁੱਧ ਖੇਡਿਆ ਸੀ ਜਦਕਿ ਮਹਿਲਾ ਟੀਮ ਨੇ ਆਖਰੀ ਵਾਰ ਫਰਵਰੀ 2020 ਵਿਚ ਨਿਊਜ਼ੀਲੈਂਡ ਵਿਰੁੱਧ ਮੈਚ ਖੇਡਿਆ ਸੀ। ਹਾਲਾਂਕਿ ਦੋਵੇਂ ਟੀਮਾਂ 2021 ਵਿਚ ਓਲੰਪਿਕ ਸਮੇਤ ਮਹੱਤਵਪੂਰਨ ਟੂਰਨਾਮੈਂਟਾਂ ਨੂੰ ਲੈ ਕੇ ਉਤਸ਼ਾਹਿਤ ਹਨ। ਟੋਕੀਓ ਓਲੰਪਿਕ ਦਾ ਆਯੋਜਨ 2020 ਵਿਚ ਹੋਣਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਣ ਇਨ੍ਹਾਂ ਨੂੰ 2021 ਤਕ ਲਈ ਟਾਲ ਦਿੱਤਾ ਗਿਆ ਸੀ ।
ਹਾਕੀ ਇੰਡੀਆ ਭਾਰਤੀ ਪੁਰਸ਼ ਟੀਮਾਂ ਲਈ ਦੌਰੇ ਆਯੋਜਿਤ ਕਰਵਾਉਣ ਲਈ ਵੱਖ-ਵੱਖ ਦੇਸ਼ਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ। ਇਸ ਵਿਚਾਲੇ ਪੁਰਸ਼ ਟੀਮ ਦੇ ਕਪਤਾਨ ਮਨਪ੍ਰੀਤ ਨੇ ਕਿਹਾ ਕਿ ਟੀਮ ਓਲੰਪਿਕ ਤੋਂ ਪਹਿਲਾਂ ਅਭਿਆਸ ਲਈ ਤਿਆਰ ਹੈ। ਮਨਪ੍ਰੀਤ ਨੇ ਕਿਹਾ,‘‘ਕੌਮਾਂਤਰੀ ਖੇਡ ਵਿਚ ਵਾਪਸੀ ਲਈ ਅਸੀਂ ਕਾਫੀ ਉਤਸ਼ਾਹਿਤ ਹਾਂ। ਓਲੰਪਿਕ ਤੋਂ ਪਹਿਲਾਂ ਕੌਮਾਂਤਰੀ ਟੀਮਾਂ ਵਿਰੁੱਧ ਖੇਡਣ ਲਈ ਅਸੀਂ ਤਿਆਰ ਹਾਂ। ਓਲੰਪਿਕ ਦੀਆਂ ਤਿਆਰੀਆਂ ਲਈ ਚੰਗੀਆਂ ਟੀਮਾਂ ਵਿਰੁੱਧ ਖੇਡਣ ਨਾਲ ਸਾਨੂੰ ਮਦਦ ਮਿਲੇਗੀ।’’
ਉਸ ਨੇ ਕਿਹਾ,‘‘ਅਸੀਂ ਪਿਛਲੇ ਕੁਝ ਮਹੀਨਿਆਂ ਵਿਚ ਕਾਫੀ ਮਿਹਨਤ ਕੀਤੀ ਹੈ ਤੇ ਕੌਮਾਂਤਰੀ ਮੁਕਾਬਲਿਆਂ ਲਈ ਉੱਚ ਪੱਧਰ ’ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਅਸੀਂ ਆਪਣੀ ਸਮਰੱਥਾ ਅਨੁਸਾਰ ਓਲੰਪਿਕ ਵਿਚ ਖੇਡੇ ਤਾਂ ਦੇਸ਼ ਲਈ ਜ਼ਰੂਰ ਤਮਗਾ ਜਿੱਤ ਸਕਦੇ ਹਾਂ। ਅਸੀਂ ਓਲੰਪਿਕ ਵਿਚ ਤਮਗਾ ਹਾਸਲ ਕਰਨ ਦੀ ਮਾਨਸਿਕਤਾ ਲੈ ਕੇ ਉਤਰਨਾ ਹੈ।’’
ਭਾਰਤੀ ਬੀਬੀਆਂ ਦੀ ਹਾਕੀ ਟੀਮ ਇਸ ਮਹੀਨੇ ਅਰਜਨਟੀਨਾ ਦਾ ਦੌਰਾ ਕਰੇਗੀ, ਜਿੱਥੇ ਉਸ ਨੂੰ 17 ਤੋਂ 31 ਜਨਵਰੀ ਵਿਚਾਲੇ 8 ਮੁਕਾਬਲੇ ਖੇਡਣੇ ਹਨ। ਬੀਬੀਆਂ ਦੀ ਟੀਮ ਦੀ ਕਪਤਾਨ ਰਾਣੀ ਦਾ ਕਹਿਣਾ ਹੈ ਕਿ ਉਹ ਇਹ ਦੇਖਣਾ ਚਾਹੁੰਦੀ ਹੈ ਕਿ ਟੀਮ ਕੌਮਾਂਤਰੀ ਮੁਕਾਬਲਿਆਂ ਦੀ ਸਥਿਤੀ ਵਿਚ ਕਿਸ ਤਰ੍ਹਾਂ ਪ੍ਰਦਰਸ਼ਨ ਕਰ ਰਹੀ ਹੈ।
 
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News