ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮ ਦੀ ਰੈਂਕਿੰਗ ''ਚ ਸੁਧਾਰ
Tuesday, May 03, 2022 - 07:28 PM (IST)
ਲੁਸਾਨੇ- ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਸੋਮਵਾਰ ਨੂੰ ਜਾਰੀ ਐੱਫ. ਆਈ. ਐੱਚ. ਵਿਸ਼ਵ ਰੈਂਕਿੰਗ 'ਚ ਅੱਗੇ ਵਧਦੇ ਹੋਏ ਕ੍ਰਮਵਾਰ ਤੀਜੇ ਤੇ ਸਤਵੇਂ ਸਥਾਨ 'ਤੇ ਪੁੱਜ ਗਈਆਂ ਹਨ। ਭਾਰਤ ਦੀਆਂ ਦੋਵੇਂ ਟੀਮਾਂ ਦੀ ਰੈਂਕਿੰਗ 'ਚ ਸੁਧਾਰ ਹੋਇਆ ਹੈ। ਦੋਵੇਂ ਟੀਮਾਂ ਨੇ ਹਾਲ ਹੀ 'ਚ ਐੱਫ. ਆਈ. ਐੱਚ. ਪ੍ਰੋ ਲੀਗ ਦੇ ਮੁਕਾਬਲਿਆਂ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ।
ਭਾਰਤੀ ਪੁਰਸ ਟੀਮ ਇੰਗਲੈਂਡ (3-3 ਤੇ 4-3) ਤੇ ਜਰਮਨੀ (3-0 ਤੇ 3-1) ਦੇ ਖ਼ਿਲਾਫ਼ ਤਿੰਨ ਜਿੱਤ ਤੇ ਇਕ ਡਰਾਅ ਦੀ ਬਦੌਲਤ ਨੀਦਰਲੈਂਡ ਨੂੰ ਪਛਾੜ ਕੇ ਇਕ ਸਥਾਨ ਦੇ ਫਾਇਦੇ ਨਾਲ ਤੀਜੇ ਸਥਾਨ 'ਤੇ ਪੁੱਜ ਗਈ। ਮਲੇਸ਼ੀਆ ਦੇ ਖ਼ਿਲਾਫ਼ ਚਾਰ ਮੈਚਾਂ ਦੀ ਸਫਲ ਸੀਰੀਜ਼ ਦੇ ਬਾਅਦ ਆਸਟਰੇਲੀਆ ਪੁਰਸ਼ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ ਹੈ। ਬੈਲਜੀਅਮ ਦੂਜੇ ਸਥਾਨ 'ਤੇ ਹੈ ਜਦਕਿ ਉਸ ਤੋਂ ਬਾਅਦ ਭਾਰਤ, ਜਰਮਨੀ, ਅਰਜਨਟੀਨਾ ਤੇ ਇੰਗਲੈਂਡ ਤੇ ਨਿਊਜ਼ੀਲੈਂਡ ਦਾ ਨੰਬਰ ਆਉਂਦਾ ਹੈ।
ਮਹਿਲਾ ਰੈਂਕਿੰਗ 'ਚ ਭਾਰਤ ਐੱਫ. ਆਈ. ਐੱਚ ਪ੍ਰੋ ਲੀਗ 'ਚ ਚੋਟੀ ਦੀ ਰੈਂਕਿੰਗ ਵਾਲੇ ਨੀਦਰਲੈਂਡ 'ਤੇ ਜਿੱਤ ਦੀ ਬਦੌਲਤ ਸਤਵੇਂ ਸਥਾਨ 'ਤੇ ਪੁੱਜ ਗਿਆ ਹੈ। ਪ੍ਰੋ ਲੀਗ 'ਚ ਚੰਗੇ ਪ੍ਰਦਰਸ਼ਨ ਦੀ ਬਦੌਲਤ ਅਰਜਨਟੀਨਾ ਦੂਜੇ ਜਦਕਿ ਆਸਟਰੇਲੀਆ ਤੀਜੇ ਸਥਾਨ 'ਤੇ ਹੈ। ਇੰਗਲੈਂਡ ਚੌਥੇ ਸਥਾਨ 'ਤੇ ਹੈ ਜਦਕਿ ਉਸ ਦੇ ਬਾਅਦ ਜਰਮਨੀ , ਸਪੇਨ ਤੇ ਭਾਰਤ ਹੈ। ਬੈਲਜੀਅਮ ਦੀ ਟੀਮ ਨਿਊਜ਼ੀਲੈਂਡ ਤੇ ਜਾਪਾਨ ਤੋਂ ਅੱਗੇ 8ਵੇਂ ਸਥਾਨ 'ਤੇ ਹੈ।