ਭਾਰਤੀ ਕਬੱਡੀ ਖਿਡਾਰੀ ਚੌਧਰੀ ਡੋਪ ਟੈਸਟ ’ਚ ਅਸਫਲ, ਏਸ਼ੀਆਈ ਬੀਚ ਖੇਡਾਂ ਦਾ ਤਮਗਾ ਖੋਹਿਆ
Wednesday, Sep 09, 2026 - 12:49 PM (IST)
ਨਵੀਂ ਦਿੱਲੀ– ਏਸ਼ੀਆਈ ਬੀਚ ਖੇਡਾਂ ’ਚ ਚਾਂਦੀ ਤਮਗਾ ਜਿੱਤਣ ਵਾਲੀ ਭਾਰਤੀ ਕਬੱਡੀ ਟੀਮ ਦੇ ਮੈਂਬਰ ਬ੍ਰਿਜੇਂਦਰ ਸਿੰਘ ਚੌਧਰੀ ਤੋਂ ਪ੍ਰਤੀਯੋਗਿਤਾ ਦੌਰਾਨ ਹੋਏ ਡੋਪ ਟੈਸਟ ’ਚ ਅਸਫਲ ਰਹਿਣ ਦੇ ਕਾਰਨ ਉਸ ਦਾ ਤਮਗਾ ਖੋਹ ਲਿਆ ਗਿਆ ਹੈ। ਕੌਮਾਂਤਰੀ ਟੈਸਟਿੰਗ ਏਜੰਸੀ (ਆਈ. ਟੀ. ਏ.) ਨੇ ਦੱਸਿਆ ਕਿ ਚੌਧਰੀ 27 ਅਪ੍ਰੈਲ ਨੂੰ ਪ੍ਰਤੀਯੋਗਿਤਾ ਦੌਰਾਨ ਕੀਤੇ ਗਏ ਡੋਪ ਟੈਸਟ ’ਚ ਪਾਬੰਦੀਸ਼ੁਦਾ ਡਿਊਰੇਟਿਕ (ਮਾਸਕਿੰਗ ਏਜੰਟ) ਬ੍ਰਿੰਜੋਲੇਮਾਈਡ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਉਸ ਨੇ ਪਾਬੰਦੀ ਨੂੰ ਸਵੀਕਾਰ ਕਰ ਲਿਆ ਹੈ।
ਬ੍ਰਿੰਜੋਲੇਮਾਈਡ ਨੂੰ ਵਿਸ਼ਵ ਡੋਪਿੰਗ ਰੋਧੀ ਏਜੰਸੀ (ਵਾਡਾ) ਨੇ ਪਾਬੰਦੀਸ਼ੁਦਾ ਪਦਾਰਥਾਂ ਦੀ ਸੂਚੀ ’ਚ ਸ਼ਾਮਲ ਕੀਤਾ ਹੈ ਅਤੇ ਇਹ ਪ੍ਰਤੀਯੋਗਿਤਾ ਦੌਰਾਨ ਤੇ ਪ੍ਰਤੀਯੋਗਿਤਾ ਤੋਂ ਬਾਹਰ ਵੀ ਹਰ ਸਮੇਂ ਪਾਬੰਦੀਸ਼ੁਦਾ ਹੈ। ਚੌਧਰੀ ਇਸ ਸਾਲ ਹੋਈਆਂ ਏਸ਼ੀਆਈ ਬੀਚ ਖੇਡਾਂ ’ਚ ਚਾਂਦੀ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਬੀਚ ਕਬੱਡੀ ਟੀਮ ਦਾ ਹਿੱਸਾ ਸੀ।
