ਭਾਰਤੀ ਹਾਕੀ ਟੀਮਾਂ ਐੱਫ. ਆਈ. ਐੱਚ. ਹਾਕੀ-5 ਰੈਂਕਿੰਗ ’ਚ ਦੂਸਰੇ ਸਥਾਨ ’ਤੇ
Thursday, Mar 21, 2024 - 11:36 AM (IST)
ਲੁਸਾਨੇ, (ਭਾਸ਼ਾ)- ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਅੰਤਰਰਾਸ਼ਟਰੀ ਹਾਕੀ ਮਹਾਸੰਘ ਵੱਲੋਂ ਪਹਿਲੀ ਵਾਰ ਜਾਰੀ ਹਾਕੀ-5 ਰੈਂਕਿੰਗ ’ਚ ਦੂਸਰੇ ਸਥਾਨ ’ਤੇ ਹੈ। ਭਾਰਤੀ ਪੁਰਸ਼ ਟੀਮ ਓਮਾਨ ਅਤੇ ਮਲੇਸ਼ੀਆ ਨਾਲ ਦੂਸਰੇ ਸਥਾਨ ’ਤੇ ਹੈ। ਤਿੰਨਾਂ ਟੀਮਾਂ ਦੇ 1400 ਅੰਕ ਹਨ। ਭਾਰਤ ਨੇ ਏਸ਼ੀਆਈ ਚੈਂਪੀਅਨਸ਼ਿਪ ਜਿੱਤੀ ਅਤੇ ਮਸਕਟ ’ਚ ਜਨਵਰੀ ਵਿਚ ਹੋਏ ਵਿਸ਼ਵ ਕੱਪ ’ਚ ਪੰਜਵੇਂ ਸਥਾਨ ’ਤੇ ਰਿਹਾ ਸੀ। ਉੱਥੇ ਹੀ ਓਮਾਨ ਨੇ ਕਾਂਸੀ ਤਮਗਾ ਜਿੱਤਿਆ ਸੀ।
ਨੀਦਰਲੈਂਡ 1750 ਅੰਕਾਂ ਦੇ ਨਾਲ ਟਾਪ ’ਤੇ ਹੈ, ਜਿਸ ਨੇ ਪਹਿਲਾ ਹਾਕੀ ਵਿਸ਼ਵ ਕੱਪ ਅਤੇ ਯੂਰਪੀ ਚੈਂਪੀਅਨਸ਼ਿਪ ਜਿੱਤੀ ਸੀ। ਪੋਲੈਂਡ ਅਤੇ ਮਿਸਰ ਸਾਂਝੇ ਪੰਜਵੇਂ ਸਥਾਨ ’ਤੇ ਹਨ। ਤ੍ਰਿਨਿਦਾਦ ਅਤੇ ਟੋਬੈਗੋ ਅਤੇ ਕੀਨੀਆ ਸਾਂਝੇ 7ਵੇਂ ਸਥਾਨ ’ਤੇ ਹਨ, ਜਦੋਂ ਕਿ ਪਾਕਿਸਤਾਨ ਨੌਵੇਂ ਸਥਾਨ ’ਤੇ ਹੈ। ਮਹਿਲਾ ਰੈਂਕਿੰਗ ਵਿਚ ਨੀਦਰਲੈਂਡ ਟਾਪ ’ਤੇ ਹੈ, ਜਿਸ ਨੇ ਵਿਸ਼ਵ ਕੱਪ ’ਚ ਸੋਨ ਤਮਗਾ ਜਿੱਤਿਆ ਸੀ। ਇਸ ਦੇ ਨਾਲ ਹੀ ਯੂਰਪੀ ਚੈਂਪੀਅਨਸ਼ਿਪ ਵੀ ਆਪਣੇ ਨਾਂ ਕੀਤੀ ਸੀ। ਚਾਂਦੀ ਦਾ ਤਮਗਾ ਜੇਤੂ ਭਾਰਤ ਦੂਸਰੇ ਸਥਾਨ ’ਤੇ ਹੈ, ਜਦਕਿ ਪੋਲੈਂਡ ਤੀਸਰੇ ਸਥਾਨ ’ਤੇ ਹੈ। ਉਰੂਗਵੇ ਅਤੇ ਦੱਖਣੀ ਅਫਰੀਕਾ ਸਾਂਝੇ ਚੌਥੇ ਸਥਾਨ ’ਤੇ ਹੈ।