ਭਾਰਤ ਟੋਕੀਓ ਓਲੰਪਿਕ ’ਚ ਤਮਗ਼ੇ ਦੇ ਪੰਜ ਮਜ਼ੂਬਤ ਦਾਅਵੇਦਾਰਾਂ ’ਚ : ਸਾਬਕਾ ਹਾਕੀ ਕੋਚ ਓਲਟਮੈਂਸ
Wednesday, Jun 16, 2021 - 06:53 PM (IST)
ਸਪੋਰਟਸ ਡੈਸਕ— ਭਾਰਤੀ ਹਾਕੀ ਟੀਮ ਦੇ ਸਾਬਕਾ ਮੁੱਖ ਕੋਚ ਰੋਲੇਂਟ ਓਲਟਮੈਂਸ ਦਾ ਮੰਨਣਾ ਹੈ ਕਿ ਭਾਰਤੀ ਟੀਮ ਜੁਲਾਈ-ਅਗਸਤ ’ਚ ਹੋਣ ਵਾਲੇ ਟੋਕੀਓ ਓਲੰਪਿਕ ’ਚ ਤਮਗ਼ੇ ਦੇ ਪੰਜ ਮਜ਼ਬੂਤ ਦਾਅਵੇਦਾਰਾਂ ’ਚੋਂ ਇਕ ਹੋਵੇਗੀ। ਓਲਟਮੈਂਸ ਨੇ ਕਿਹਾ ਕਿ ਟੋਕੀਓ ’ਚ ਮਾਨਸਿਕ ਦ੍ਰਿੜ੍ਹਤਾ ਕਿਸੇ ਵੀ ਟੀਮ ਦੀ ਕਾਮਯਾਬੀ ਦੀ ਕੁੰਜੀ ਹੋਵੇਗੀ। ਉਨ੍ਹਾਂ ਕਿਹਾ ਕਿ ਮੇਰੀ ਨਜ਼ਰ ’ਚ ਭਾਰਤ ਟੋਕੀਓ ’ਚ ਤਮਗ਼ੇ ਦੇ ਚੋਟੀ ਦੇ ਪੰਜ ਦਾਅਵੇਦਾਰਾਂ ’ਚੋਂ ਇਕ ਹੈ। ਭਾਰਤੀ ਟੀਮ ਨੇ ਪਿਛਲੇ ਦੋ ਸਾਲ ’ਚ ਦੁਨੀਆ ਦੀਆਂ ਸਰਵਸ੍ਰੇਸ਼ਠ ਟੀਮਾਂ ਦੇ ਖ਼ਿਲਾਫ਼ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਨੇ ਹਾਲਾਂਕਿ ਦਬਾਅ ਦੇ ਹਾਲਾਤ ’ਚ ਬੇਲੋੜੀ ਦਹਿਸ਼ਤ ਤੋਂ ਬਚਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਦਸ ਹੀ ਚੁੱਕੀ ਹੈ ਕਿ ਉਹ ਆਸਟਰੇਲੀਆ, ਬੈਲਜੀਅਮ ਤੇ ਨੀਦਰਲੈਂਡ ਨੂੰ ਹਰਾ ਸਕਦੀ ਹੈ। ਓਲੰਪਿਕ ’ਚ ਅਜਿਹਾ ਕਰਨਾ ਹਾਲਾਂਕਿ ਅਲਗ ਗੱਲ ਹੈ। ਅਜਿਹੇ ’ਚ ਫ਼ੈਸਲਾਕੁੰਨ ਪਹਿਲੂ ਟੀਮ ਦੀ ਮਾਨਸਿਕਤਾ ਹੋਵੇਗੀ। ਡਚ ਕੋਚ ਨੇ ਕਿਹਾ ਕਿ ਮੈਚ ’ ਪਿੱਛੜਨ ’ਤੇ ਘਬਰਾਉਣਾ ਨਹੀਂ ਹੈ ਜਾਂ ਬੜ੍ਹਤ ਲੈਣ ’ਤੇ ਲੋੜ ਤੋਂ ਵੱਧ ਉਤਸ਼ਾਹਤ ਨਹੀਂ ਹੋਣਾ ਹੈ। ਹਾਲਾਤ ’ਤੇ ਕਾਬੂ ਕਰਕੇ ਖੇਡਣਾ ਹੋਵੇਗਾ। ਓਲਟਮੈਂਸ ਰੀਓ ਓਲੰਪਿਕ 2016 ’ਚ ਕੁਆਰਟਰ ਫ਼ਾਈਨਲ ਤੱਕ ਪਹੰੁਚੀ ਭਾਰਤੀ ਟੀਮ ਦੇ ਕੋਚ ਸਨ। ਉਨ੍ਹਾਂ ਕਿਹਾ ਕਿ ਟੀਮ ਨੇ ਉਸ ਤੋਂ ਬਾਅਦ ਕਾਫ਼ੀ ਸੁਧਾਰ ਕੀਤਾ ਹੈ।