ਭਾਰਤੀ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਜਿੱਤੇ 3 ਕਾਂਸੀ ਤਮਗੇ

02/20/2020 1:25:02 AM

ਨਵੀਂ ਦਿੱਲੀ- ਭਾਰਤ ਦੇ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇੱਥੇ ਇੰਦਰਾ ਗਾਂਧੀ ਸਟੇਡੀਅਮ ਦੇ ਕੇ. ਡੀ. ਜਾਧਵ ਕੁਸ਼ਤੀ ਹਾਲ ਵਿਚ ਚੱਲ ਰਹੀ ਸੀਨੀਅਰ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਬੁੱਧਵਾਰ ਨੂੰ 3 ਕਾਂਸੀ ਤਮਗੇ ਜਿੱਤ ਲਏ। ਭਾਰਤ ਦੇ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਇਸ ਤਰ੍ਹਾਂ ਕੁਲ 5 ਤਮਗੇ ਹਾਸਲ ਕਰ ਲਏ ਹਨ, ਜਿਸ ਵਿਚ 1 ਸੋਨ ਅਤੇ 4 ਕਾਂਸੀ ਤਮਗੇ ਸ਼ਾਮਲ ਹਨ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਭਾਰਤੀ ਪਹਿਲਵਾਨ ਸੁਨੀਲ ਕੁਮਾਰ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਕਿਰਗਿਸਤਾਨ ਦੇ ਅਜਾਤ ਸਲਿਦਿਨੋਵ ਨੂੰ ਇਕਤਰਫਾ ਅੰਦਾਜ਼ ਵਿਚ ਹਰਾ ਕੇ ਗ੍ਰੀਕੋ ਰੋਮਨ ਦੇ 87 ਕਿ. ਗ੍ਰਾ. ਵਰਗ ਵਿਚ ਸੋਨ ਤਮਗਾ ਜਿੱਤ ਕੇ 27 ਸਾਲ ਬਾਅਦ ਇਤਿਹਾਸ ਰਚਿਆ ਸੀ।  ਉਥੇ ਹੀ 55 ਕਿ. ਗ੍ਰਾ. ਵਰਗ ਵਿਚ ਅਰਜੁਨ ਨੇ ਸੈਮੀਫਾਈਨਲ ਮੁਕਾਬਲੇ ਵਿਚ ਹਾਰਨ ਤੋਂ ਬਾਅਦ ਕੋਰੀਆ ਦੇ ਡੋਂਗਹਿਊਕ ਵੋਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਸੀ। ਭਾਰਤ ਦੇ ਪਹਿਲਵਾਨਾਂ ਨੇ ਅੱਜ ਦੂਜੇ ਦਿਨ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ 67 ਕਿ. ਗ੍ਰਾ., 73 ਕਿ. ਗ੍ਰਾ. ਅਤੇ 97 ਕਿ. ਗ੍ਰਾ. ਵਰਗ ਵਿਚ 3 ਕਾਂਸੀ ਤਮਗੇ ਆਪਣੇ ਨਾਂ ਕੀਤੇ।
ਭਾਰਤ ਲਈ 67 ਕਿ. ਗ੍ਰਾ. ਵਿਚ ਆਸ਼ੂ ਨੇ ਸੀਰੀਆ ਦੇ ਅਬਦੁਲਕਰੀਮ ਮੁਹੰਮਦ ਨੂੰ 8-1, 72 ਕਿ. ਗ੍ਰਾ. ਵਿਚ ਆਦਿਤਿਆ ਕੁੰਡੁ ਨੇ ਜਾਪਾਨ ਦੇ ਨਾਓ ਕੁਸਾਕਾ ਨੂੰ ਇਕਤਰਫਾ ਮੁਕਾਬਲੇ ਵਿਚ 8-0 ਨਾਲ ਹਰਾਇਆ, ਜਦਕਿ 97 ਕਿ. ਗ੍ਰਾ. ਵਿਚ ਹਰਦੀਪ ਨੇ ਕਜ਼ਾਕਿਸਤਾਨ ਦੇ ਬੇਕਸੁਲਤਾਨ ਮਾਖਮੁੰਡਾਵ ਨੂੰ 3-1 ਨਾਲ ਹਰਾਇਆ। ਮਹਿਲਾ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ ਦੇ ਮੁਕਾਬਲੇ ਵੀਰਵਾਰ ਤੋਂ ਸ਼ੁਰੂ ਹੋਣਗੇ।

 

Gurdeep Singh

Content Editor

Related News