ਪੀ. ਕੇ. ਬੈਨਰਜੀ ਦਾ ਦਿਹਾਂਤ, ਭਾਰਤੀ ਫੁੱਟਬਾਲ ਦਾ ਇਕ ਨਵਾਂ ਯੁੱਗ ਖਤਮ

03/20/2020 6:38:45 PM

ਕੋਲਕਾਤਾ — ਭਾਰਤ ਦੇ ਮਹਾਨ ਫੁੱਟਬਾਲਰ, ਸਾਬਕਾ ਓਲੰਪੀਅਨ ਤੇ ਸਾਬਕਾ ਕੋਚ ਪ੍ਰਦੀਪ ਕੁਮਾਰ ਬੈਨਰਜੀ ਦਾ ਦਿਹਾਂਤ ਹੋ ਗਿਆ ਹੈ। ਉਹ 83 ਸਾਲ ਦੇ ਸਨ। ਉਨ੍ਹਾਂ ਪਰਿਵਾਰ ’ਚ ਦੋ ਬੇਟੀਆਂ ਹਨ। ਪ੍ਰਦੀਪ ਕੁਮਾਰ ਬੈਨਰਜੀ ਭਾਰਤੀ ਫੁੱਟਬਾਲ ਵਿਚ ਪੀ. ਕੇ. ਬੈਨਰਜੀ ਦੇ ਨਾਂ ਨਾਲ ਪ੍ਰਸਿੱਧ ਸਨ। ਉਨ੍ਹਾਂ ਦੇ ਦਿਹਾਂਤ ਨਾਲ ਭਾਰਤੀ ਫੁੱਟਬਾਲ ’ਚ ਸ਼ੋਕ ਦੀ ਲਹਿਰ ਦੌੜ ਗਈ ਹੈ। ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ.  ਐੱਫ.) ਨੇ ਬੈਨਰਜੀ ਦੇ ਦਿਹਾਂਤ ’ਤੇ ਸ਼ੋਕ ਪ੍ਰਗਟ ਕੀਤਾ ਹੈ। ਬੈਨਰਜੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਨ੍ਹਾਂ ਨੇ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ ਸ਼ੁੱਕਰਵਾਰ ਨੂੰ ਆਖਰੀ ਸਾਹ ਲਿਆ।

ਉਹ ਪਿਛਲੇ ਦੋ ਹਫਤਿਆਂ ਤੋਂ ਹਸਪਤਾਲ ’ਚ ਆਈ. ਸੀ. ਯੂ. ’ਚ ਭਰਤੀ ਸੀ। ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਹੋਇਆ ਸੀ। ਉਹ ਪਿਛਲੇ ਕੁਝ ਸਮੇਂ ਤੋਂ ਨਿਮੋਨੀਆ ਅਤੇ ਸ਼ਵਾਸ ਦੀ ਬੀਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਨੂੰ ਪਰਕਿਨਸਨ, ਦਿਲ ਦੀ ਬੀਮਾਰੀ ਤੇ ਭੁੱਲਣ ਦੀ ਬੀਮਾਰੀ ਵੀ ਸੀ। ਉਹ ਲਾਈਫ ਸਪੋਰਟ ਸਿਸਟਮ ’ਤੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਭਾਰਤੀ ਫੁੱਟਬਾਲ ਦਾ ਇਕ ਯੁੱਗ ਖਤਮ ਹੋ ਗਿਆ। ਬੈਨਰਜੀ 1962 ’ਚ ਜਕਾਰਤਾ ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜਿੱਤਣ ਵਾਲੀ ਟੀਮ ਦੇ ਮੈਂਬਰ ਸੀ। ਬੈਨਰਜੀ ਨੇ ਫਾਈਨਲ ’ਚ ਦੱਖਣੀ ਕੋਰੀਆ ਵਿਰੁੱਧ ਗੋਲ ਕੀਤਾ, ਜਿਸਦੀ ਬਦੌਲਤ ਭਾਰਤ ਨੇ 2-1 ਨਾਲ ਇਤਿਹਾਸਕ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੂੰ 1961 ਵਿਚ ਅਰਜੁਨ ਐਵਾਰਡ ਤੇ 1990 ਵਿਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

PunjabKesari
 
23 ਜੂਨ 1936 ਨੂੰ ਜਲਪਾਈਗੁਡੀ ਦੇ ਬਾਹਰੀ ਇਲਾਕੇ ਸਥਿਤ ਮੋਯਨਾਗੁਡੀ ’ਚ ਜਨਮੇ ਬੈਨਰਜੀ ਬਟਵਾਰੇ ਤੋਂ ਬਾਅਦ ਜਮਸ਼ੇਦਪੁਰ ਆ ਗਏ। ਉਨ੍ਹਾਂ ਨੇ ਭਾਰਤ ਲਈ 85 ਮੈਚ ਖੇਡ ਕੇ 65 ਗੋਲ ਕੀਤੇ। ਉਹ ਅਰਜੁਨ ਐਵਾਰਡ ਹਾਸਲ ਕਰਨ ਵਾਲੇ ਪਹਿਲੇ ਖਿਡਾਰੀ ਸਨ। ਅਰਜੁਨ ਐਵਾਰਡ ਦੀ ਸ਼ੁਰੂਆਤ 1961 ’ਚ ਹੋਈ ਸੀ ਤੇ ਇਹ ਐਵਾਰਡ ਪਹਿਲੀ ਵਾਰ ਬੈਨਰਜੀ ਨੂੰ ਹੀ ਦਿੱਤਾ ਗਿਆ ਸੀ।

ਭਾਰਤ ਦੇ ਸਰਵਸ੍ਰੇਸ਼ਠ ਫੁੱਟਬਾਲਰਾਂ ’ਚ ਸ਼ਾਮਲ ਬੈਨਰਜੀ ਨੇ ਆਪਣੇ ਕਰੀਅਰ ’ਚ ਕੁਲ 45 ਫੀਫਾ ਏ ਕਲਾਸ ਮੈਚ ਖੇਡੇ ਤੇ 14 ਗੋਲ ਕੀਤੇ। ਵੈਸੇ ਉਨ੍ਹਾਂ ਦਾ ਕਰੀਅਰ 85 ਮੈਚਾਂ ਦਾ ਸੀ, ਜਿਨ੍ਹਾਂ ’ਚ ਉਨ੍ਹਾਂ ਨੇ ਕੁਲ 65 ਗੋਲ ਕੀਤੇ। ਤਿੰਨ ਏਸ਼ਆਈ ਖੇਡਾਂ (1958 ਟੋਕੀਓ, 1962 ਜਕਾਰਤਾ ਤੇ 1966 ਬੈਂਕਾਕ) ’ਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਪੀ. ਕੇ. ਬੈਨਰਜੀ ਨੇ ਦੋ ਵਾਰ ਓਲੰਪਿਕ ’ਚ ਵੀ ਭਾਰਤ ਦੀ ਪ੍ਰਤੀਨਿਧਤਾ ਕੀਤੀ। ਉਸਨੇ ਏਸ਼ੀਆਈ ਖੇਡਾਂ ’ਚ ਭਾਰਤ ਲਈ 6 ਗੋਲ ਕੀਤੇ, ਜਿਹੜਾ ਇਕ ਰਿਕਾਰਡ ਹੈ। 

ਬੈਨਰਜੀ ਨੇ 1960 ਰੋਮ ਓਲੰਪਿਕ ’ਚ ਭਾਰਤ ਦੀ ਕਪਤਾਨੀ ਕੀਤੀ ਸੀ ਤੇ ਫਰਾਂਸ ਵਿਰੁੱਧ 1-1 ਨਾਲ ਡਰਾਅ ਰਹੇ ਮੈਚ ’ਚ ਬਰਾਬਰੀ ਦਾ ਗੋਲ ਕੀਤਾ ਸੀ। ਇਸ ਤੋਂ ਪਹਿਲਾਂ ਉਹ 1956 ਦੀ ਮੈਲਬੋਰਨ ਓਲੰਪਿਕ ਟੀਮ ’ਚ ਵੀ ਸ਼ਾਮਲ ਸੀ ਤੇ ਕੁਆਰਟਰ ਫਾਈਨਲ ’ਚ ਆਸਟਰੇਲੀਆ ’ਤੇ 4-2 ਦੀ ਮਿਲੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ 19 ਸਾਲ ਦੀ ਉਮਰ ’ਚ ਕੌਮਾਂਤਰੀ ਡੈਬਿਊ 18 ਦਸੰਬਰ 1955 ਨੂੰ ਸੀਲੋਨ (ਹੁਣ ਸ਼੍ਰੀਲੰਕਾ) ਖਿਲਾਫ ਢਾਕਾ ’ਚ ਚੌਥੇ ਕਵਾਡੇਂ੍ਰਗੂਲਰ ਕੱਪ ’ਚ ਕੀਤਾ ਸੀ ਤੇ ਆਪਣੇ ਡੈਬਿਊ ਮੈਚ ’ਚ ਦੋ ਗੋਲ ਕੀਤੇ ਸਨ, ਜਿਨ੍ਹਾਂ ਦੀ ਬਦੌਲਤ ਭਾਰਤ ਨੇ ਇਹ ਮੈਚ 4-3 ਨਾਲ ਜਿੱਤਿਆ ਸੀ। 

ਬੈਨਰਜੀ ਨੇ ਕਲੱਬ ਪੱਧਰ ’ਤੇ ਈਸਟਰਨ ਰੇਲਵੇ ਵਲੋਂ ਖੇਡਦੇ ਹੋਏ 190 ਗੋਲ ਕੀਤੇ। ਉਹ ਇਕਲੌਤੇ ਅਜਿਹੇ ਪ੍ਰਮੁੱਖ ਖਿਡਾਰੀ ਸਨ, ਜਿਹੜੇ ਕਦੇ ਵੀ ਕੋਲਕਾਤਾ ਦੇ ਦੋ ਪ੍ਰਮੁੱਖ ਕਲੱਬਾਂ ਮੋਹਨ ਬਾਗਾਨ ਤੇ ਈਸਟ ਬੰਗਾਲ ਲਈ 3 ਵਾਰ ਸੰਤੋਸ਼ ਟਰਾਫੀ (1955, 1958 ਤੇ 1959) ਅਤੇ ਰੇਲਵੇ ਲਈ 3 ਵਾਰ (1961, 1964 ਤੇ 1966) ਜਿੱਤਿਆ। ਉਨ੍ਹਾਂ ਨੇ 1952 ਤੇ 1956 ’ਚ ਬਿਹਾਰ ਦੀ ਪ੍ਰਤੀਨਿਧਤਾ ਵੀ ਕੀਤੀ ਸੀ। ਬਿਹਾਰ ਲਈ ਸੰਤੋਸ਼ ਟਰਾਫੀ ’ਚ 1952 ’ਚ ਡੈਬਿਊ ਕਰਨ ਵਾਲੇ ਬੈਨਰਜੀ ਭਾਰਤੀ ਫੁੱਟਬਾਲ ਦੀ ਉਸ ਧੁਨੰਤਰ ਤਿਕੜੀ ਦੇ ਮੈਂਬਰ ਸਨ, ਜਿਸ ’ਚ ਚੁੰਨੀ ਗੋਸਵਾਮੀ ਤੇ ਤੁਲਸੀਦਾਰ ਬਲਰਾਮ ਸ਼ਾਮਲ ਸਨ। 
ਤਕਰੀਬਨ 51 ਸਾਲ ਤਕ ਭਾਰਤੀ ਫੁੱਟਬਾਲ ਦੀ ਸੇਵਾ ਕਰਨ ਵਾਲੇ ਮਹਾਨ ਫੁੱਟਬਾਲਰ ਬੈਨਰਜੀ ਭਾਰਤੀ ਫੁੱਟਬਾਲ ਦੇ ਸੁਨਹਿਰੀ ਦੌਰ ਦੇ ਗਵਾਹ ਰਹੇ ਸਨ। ਫੁੱਟਬਾਲ ਲਈ ਉਨ੍ਹਾਂ ਦੀਆਂ ਸੇਵਾਵਾਂ ਲਈ ਫੀਫਾ ਨੇ 2004 ’ਚ ਉਨ੍ਹਾਂ ਨੂੰ ਆਪਣੇ ਸਰਵਉੱਚ ਸਨਮਾਨ ਫੀਫਾ ਆਰਡਰ ਆਫ ਮੈਰਿਟ ਨਾਲ ਸਨਮਾਨਤ ਕੀਤਾ ਸੀ। ਉਨ੍ਹਾਂ ਦੀਆਂ ਦੋ ਬੋਟੀਆਂ ਪਾਓਲਾ ਤੇ ਪੂਰਣਾ ਹਨ। ਉਨ੍ਹਾਂ ਦਾ ਛੋਟਾ ਭਰਾ ਪ੍ਰਸੂਨ ਬੈਨਰਜੀ ਤ੍ਰਿਣਮੂਲ ਕਾਂਗਰਸ ਦਾ ਸੰਸਦ ਮੈਂਬਰ ਹੈ।

ਕੋਲਕਾਤਾ ’ਚ ਉਨ੍ਹਾਂ ਨੇ ਆਰੀਅਨ ਐੱਫ. ਸੀ. ਦੇ ਨਾਲ ਕਲੱਬ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬੈਨਰਜੀ ਨੇ 1967 ’ਚ ਫੁੱਟਬਾਲਰ ਨੂੰ ਅਲਵਿਦਾ ਕਹਿ ਦਿੱਤਾ ਸੀ ਪਰ ਬਤੌਰ ਕੋਚ ਵੀ 54 ਟਰਾਫੀਆਂ ਜਿੱਤੀਆਂ। ਮੋਹਨ ਬਾਗਾਨ ਨੇ ਉਨ੍ਹਾਂ ਦੋ ਕੋਚ ਰਹਿੰਦਿਆਂ ਆਈ. ਐੱਫ. ਏ. ਸ਼ੀਲਡ, ਰੋਵਰਸ ਕੱਪ ਤੇ ਡੂਰੰਡ ਕੱਪ ਦਾ ਖਿਤਾਬ ਜਿੱਤਿਆ ਸੀ। ਈਸਟ ਬੰਗਾਲ ਨੇ ਉਸਦੇ ਕੋਚ ਰਹਿੰਦਿਆਂ ਫੈੱਡਰੇਸ਼ਨ ਕੱਪ 1997 ਦੇ ਸੈਮੀਫਾਈਨਲ ’ਚ ਪੁਰਾਣੇ ਵਿਰੋਧੀ ਮੋਹਨ ਬਾਗਾਨ ਨੂੰ 4-1 ਨਾਲ ਹਰਾਇਆ। ਇਸ ਸੈਮੀਫਾਈਨਲ ’ਚ ਰਿਕਾਰਡ ਇਕ ਲੱਖ 31 ਹਜ਼ਾਰ ਲੋਕ ਸਾਲਟ ਲੇਕ ਸਟੇਡੀਅਮ ’ਚ ਮੈਚ ਦੇਖਣ ਆਏ ਸਨ। ਫੁੱਟਬਾਲ ਇਤਿਹਾਸ ’ਚ ਅੱਜ ਤਕ ਅਜਿਹਾ ਕਦੇ ਨਹੀਂ ਹੋਇਆ ਜਦੋਂ ਇੰਨੇ ਸਾਰੇ ਲੋਕ ਇਕ ਮੈਚ ਨੂੰ ਦੇਖਣ ਲਈ ਆਏ ਹੋਣ।

ਏ. ਆਈ. ਐੱਫ. ਐੱਫ. ਦੇ ਮੁਖੀ ਪ੍ਰਫੁੱਲ ਪਟੇਲ ਤੇ ਜਨਰਲ ਸਕੱਤਰ  ਕੁਸ਼ਲ ਦਾਸ ਨੇ  ਬੈਨਰਜੀ ਦੇ ਦਿਹਾਂਤ ’ਤੇ ਡੂੰਘਾ ਸ਼ੋਕ ਪ੍ਰਗਟ ਕੀਤਾ ਹੈ। ਏ. ਆਈ. ਐੱਫ. ਐੱਫ. ਦੇ ਮੁੱਖ ਦਫਤਰ ਸਥਿਤ ਫੁੱਟਬਾਲ ਹਾਊਸ ਵਿਚ ਏ. ਆਈ. ਐੱਫ. ਐੱਫ. ਦਾ ਝੰਡਾ ਬੈਨਰਜੀ ਦੇ ਸਨਮਾਨ ਵਿਚ ਅੱਧਾ ਝੁੱਕਾ ਦਿੱਤਾ ਗਿਆ ਹੈ। ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਨੇ ਵੀ ਬੈਨਰਜੀ ਦੇ ਦਿਹਾਂਤ ’ਤੇ ਸੰਦੇਸ਼ ਦਿੰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।


Davinder Singh

Content Editor

Related News