ਸਵਿਸ ਦੂਤਘਰ ਨੇ ਭਾਰਤੀ ਸਾਈਕਲਿੰਗ ਟੀਮ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ
Tuesday, Jul 24, 2018 - 01:35 PM (IST)
ਨਵੀਂ ਦਿੱਲੀ— ਯੂ.ਸੀ.ਆਈ. ਜੂਨੀਅਰ ਟ੍ਰੈਕ ਵਰਲਡ ਚੈਂਪੀਅਨਸ਼ਿਪ 'ਚ ਭਾਗੀਦਾਰੀ ਤੋਂ ਪਹਿਲਾਂ ਹੀ ਭਾਰਤੀ ਸਾਈਕਲ ਐਥਲੀਟਾਂ ਦੇ ਲਈ ਵੀਜ਼ਾ ਦੀਆਂ ਰੁਕਾਵਟਾਂ ਨੇ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਇਸ ਟੂਰਨਾਮੈਂਟ ਦਾ ਆਯੋਜਨ ਸਵਿਟਜ਼ਰਲੈਂਡ 'ਚ ਹੋਣਾ ਹੈ ਅਤੇ ਸਵਿਸ ਦੂਤਘਰ ਨੇ ਭਾਰਤੀ ਟੀਮ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤੀ ਸਾਈਕਲਿੰਗ ਮਹਾਸੰਘ (ਸੀ.ਐੱਫ.ਆਈ.) ਦੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਜ਼ਿਕਰਯੋਗ ਹੈ ਕਿ ਅਗਲੇ ਮਹੀਨੇ 15 ਤੋਂ 19 ਅਗਸਤ ਤੱਕ ਸਵਿਟਜ਼ਰਲੈਂਡ ਦੇ ਐਗਲੇ 'ਚ ਇਸ ਟੂਰਨਾਮੈਂਟ ਦਾ ਆਯੋਜਨ ਹੋਵੇਗਾ।
ਉਨ੍ਹਾਂ ਦੱਸਿਆ ਕਿ ਸੀ.ਐੱਫ.ਆਈ.ਏ. ਨੇ ਬੇਨਤੀ ਦੇ ਨਾਲ ਟੂਰਨਾਮੈਂਟ ਦੀ ਆਯੋਜਨ ਕਮੇਟੀ ਨੂੰ ਸੱਦਾ ਪੱਤਰ ਭੇਜਿਆ ਸੀ। ਇਸ ਦੇ ਬਾਵਜੂਦ ਸਵਿਸ ਦੂਤਘਰ ਨੇ ਵੀਜ਼ਾ ਦੇਣ ਤੋਂ ਇਨਕਾਰ ਕਰਨ ਦਾ ਕਾਰਨ ਰਹਿਣ ਦੇ ਲਈ ਸਥਿਤੀ ਅਤੇ ਉਦੇਸ਼ ਨੂੰ ਸਪੱਸ਼ਟ ਨਾ ਕਰਨਾ ਦੱਸਿਆ ਹੈ। ਮਹਾਸੰਘ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਆਯੋਜਨ ਕਮੇਟੀ ਤੋਂ ਇਸ ਮਾਮਲੇ 'ਚ ਦਖਲ ਦੇ ਲਈ ਪੱਤਰ ਲਿਖਿਆ ਹੈ। ਅਸੀਂ ਸਾਰੇ ਜਾਇਜ਼ ਦਸਤਾਵੇਜ਼ਾਂ ਦੇ ਨਾਲ ਆਮ ਵੀਜ਼ਾ ਲਈ ਬੇਨਤੀ ਕੀਤੀ ਹੈ, ਪਰ ਬਦਕਿਸਮਤੀ ਨਾਲ ਸਾਨੂੰ ਰਹਿਣ ਲਈ ਸਥਿਤੀ ਅਤੇ ਉਦੇਸ਼ ਨੂੰ ਸਪੱਸ਼ਟ ਨਾ ਕਰਨ ਦੇ ਕਾਰਨ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, ''ਵਰਤਮਾਨ 'ਚ ਅਸੀਂ ਆਯੋਜਨ ਕਮੇਟੀ ਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੇ ਹਾਂ ਅਤੇ ਇਸ ਤੋਂ ਬਾਅਦ ਅਸੀਂ ਹੋਰਨਾਂ ਬਦਲਾਂ ਬਾਰੇ ਵਿਚਾਰ ਕਰਾਂਗੇ।''
