ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਕ੍ਰਿਕਟਰ ਸ਼ਾਰਦੁਲ ਠਾਕੁਰ, ਹਲਦੀ ਸੈਰਾਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ
02/26/2023 12:16:26 AM

ਸਪੋਰਟਸ ਡੈਸਕ : ਹਾਲ ਹੀ 'ਚ ਭਾਰਤੀ ਕ੍ਰਿਕਟਰ ਕੇ.ਐੱਲ ਰਾਹੁਲ ਅਤੇ ਅਕਸ਼ਰ ਪਟੇਲ ਦਾ ਵਿਆਹ ਹੋਇਆ ਹੈ। ਹੁਣ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਵੀ ਜਲਦੀ ਹੀ ਘੋੜੀ 'ਤੇ ਚੜ੍ਹਦੇ ਨਜ਼ਰ ਆਉਣਗੇ। ਜੀ ਹਾਂ... ਸ਼ਾਰਦੁਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਉਹ ਆਪਣੀ ਮੰਗੇਤਰ ਮਿਚਾਲੀ ਪਾਰੁਲਕਰ ਨਾਲ ਵਿਆਹ ਕਰਨਗੇ।
ਦੋਵੇਂ 27 ਫਰਵਰੀ ਨੂੰ ਵਿਆਹ ਕਰਨ ਜਾ ਰਹੇ ਹਨ। ਹਾਲਾਂਕਿ ਸ਼ਾਰਦੁਲ ਅਤੇ ਮਿਚਾਲੀ ਪਹਿਲਾਂ ਹੀ ਵਿਆਹ ਕਰਨਾ ਚਾਹੁੰਦੇ ਸਨ ਪਰ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਨੇ ਇਸ ਨੂੰ ਟਾਲ ਦਿੱਤਾ। ਇਸ ਤੋਂ ਪਹਿਲਾਂ ਦੋਵਾਂ ਨੇ ਸਾਲ 2021 'ਚ ਮੰਗਣੀ ਕੀਤੀ ਸੀ। ਫਿਰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ 'ਚ ਇਕ ਸ਼ਾਨਦਾਰ ਸਮਾਰੋਹ ਹੋਇਆ, ਜਿਸ 'ਚ ਉਨ੍ਹਾਂ ਦੇ ਕਰੀਬੀ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੇ ਸ਼ਿਰਕਤ ਕੀਤੀ।
ਜਾਣੋ ਕੌਣ ਹੈ ਲਾੜੀ ਬਣਨ ਜਾ ਰਹੀ ਪਾਰੁਲਕਰ?
ਸ਼ਾਰਦੁਲ ਦੀ ਦੁਲਹਨ ਮਿਚਾਲੀ ਇੱਕ ਕਾਰੋਬਾਰੀ ਹੈ। ਉਹ 'ਦ ਬੇਕਸ' ਦੀ ਸੰਸਥਾਪਕ ਹੈ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਮਿਚਾਲੀ ਨੇ ਮਾਡਲਿੰਗ ਵੀ ਕੀਤੀ ਹੈ। ਇੰਸਟਾਗ੍ਰਾਮ 'ਤੇ ਉਸ ਦੇ 5 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਫਰਵਰੀ 2020 ਵਿੱਚ, ਮਿਚਾਲੀ ਪਾਰੁਲਕਰ ਨੇ 'ਆਲ ਦ ਜੈਜ਼ - ਲਗਜ਼ਰੀ ਬੇਕਰਸ' ਨਾਂ ਦੀ ਆਪਣੀ ਬੇਕਰੀ ਕੰਪਨੀ ਸ਼ੁਰੂ ਕੀਤੀ।
ਦੱਸ ਦੇਈਏ ਕਿ ਸ਼ਾਰਦੁਲ ਨੇ ਆਈ.ਪੀ.ਐੱਲ ਰਾਹੀਂ ਕ੍ਰਿਕਟ ਜਗਤ ਵਿੱਚ ਆਪਣੀ ਪਛਾਣ ਬਣਾਈ ਸੀ। ਉਹ ਤਿੰਨੋਂ ਫਾਰਮੈਟਾਂ ਵਿੱਚ ਟੀਮ ਇੰਡੀਆ ਵਿੱਚ ਜਗ੍ਹਾ ਬਣਾਉਣ 'ਚ ਵੀ ਕਾਮਯਾਬ ਰਿਹਾ। 30 ਸਾਲਾ ਸ਼ਾਰਦੁਲ ਨੇ ਹੁਣ ਤੱਕ 4 ਟੈਸਟ, 15 ਵਨਡੇ ਅਤੇ 23 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਸ ਨੇ ਟੈਸਟ 'ਚ 14 ਵਿਕਟਾਂ ਲਈਆਂ ਹਨ, ਜਦਕਿ ਵਨਡੇ 'ਚ 22 ਵਿਕਟਾਂ ਹਾਸਲ ਕੀਤੀਆਂ ਹਨ। ਸ਼ਾਰਦੁਲ ਨੇ ਆਈ.ਪੀ.ਐੱਲ ਦੇ 61 ਮੈਚਾਂ ਵਿੱਚ ਕੁੱਲ 67 ਵਿਕਟਾਂ ਲਈਆਂ ਹਨ।