ਉਮਰ ਦੀ ਧੋਖਾਦੇਹੀ ਰੋਕਣ ਲਈ BCCI ਨੇ ਕੱਸਿਆ ਸ਼ਿਕੰਜਾ
Tuesday, Oct 01, 2019 - 11:57 PM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕ੍ਰਿਕਟ 'ਚ ਉਮਰ ਦੀ ਧੋਖਾਦੇਹੀ ਰੋਕਣ ਲਈ ਸਖਤ ਕਦਮ ਚੁੱਕੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਕ੍ਰਿਕਟ ਵਿਚ ਉਮਰ ਦੀ ਧੋਖਾਦੇਹੀ ਰੋਕਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਂਦਿਆਂ ਸਾਰੇ ਕ੍ਰਿਕਟਰਾਂ, ਟੀਮ ਸਪੋਰਟ ਸਟਾਫ ਤੇ ਸਾਰੇ ਰਾਜ ਕ੍ਰਿਕਟ ਸੰਘਾਂ ਦੇ ਅਧਿਕਾਰੀਆਂ ਨੂੰ ਹੈਲਪਲਾਈਨ ਨੰਬਰ ਉਪਲਬਧ ਕਰਵਾਏ।
ਬੀ. ਸੀ. ਸੀ. ਆਈ. ਦੀ ਡੋਪਿੰਗ ਤੇ ਭ੍ਰਿਸ਼ਟਾਚਾਰ ਰੋਕੂ ਟੀਮ ਸਾਰੇ ਕ੍ਰਿਕਟਰਾਂ, ਟੀਮ ਸਪੋਰਟ ਸਟਾਫ ਤੇ ਸਾਰੇ ਰਾਜ ਕ੍ਰਿਕਟ ਸੰਘਾਂ ਦੇ ਮੈਂਬਰਾਂ ਵਿਚਾਲੇ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਰਹੀ ਹੈ ਤਾਂ ਕਿ ਡੋਪਿੰਗ ਨੂੰ ਲੈ ਕੇ ਪੁੱਛਗਿੱਛ ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਸੰਪਰਕ ਤੇ ਉਮਰ ਦੀ ਧੋਖਾਦੇਹੀ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕੇ।
ਬੀ. ਸੀ. ਸੀ. ਆਈ. ਦੀ ਡੋਪਿੰਗ ਰੋਕੂ ਹੈਲਪਲਾਈਨ 24 ਘੰਟੇ ਉਪਲਬਧ ਰਹੇਗੀ ਤਾਂ ਕਿ ਕ੍ਰਿਕਟਰ ਕਿਸੇ ਵੀ ਦਵਾਈ ਸਬੰਧੀ ਆਪਣੇ ਸਵਾਲ ਪੁੱਛ ਸਕਣ। ਹੈਲਪਲਾਈਨ ਨੰਬਰ ਦੇ ਨਾਲ ਇਕ ਬੈਨਰ ਸਾਰੇ ਸਥਾਨਾਂ 'ਤੇ ਡ੍ਰੈਸਿੰਗ ਰੂਮ ਵਿਚ ਲੱਗਾ ਰਹੇਗਾ, ਜਿਥੇ 2019-20 ਦੇ ਘਰੇਲੂ ਸੈਸ਼ਨ ਦੌਰਾਨ ਕ੍ਰਿਕਟ ਮੈਚ ਖੇਡੇ ਜਾਣੇ ਹਨ। ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਦੀ ਸ਼ਿਕਾਇਤ ਇਸ ਨੰਬਰ 'ਤੇ ਕੀਤੀ ਜਾ ਸਕਦੀ ਹੈ। ਸ਼ਿਕਾਇਤ ਕਰਨ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
