ਆਈ. ਪੀ. ਐੱਲ. ਦੀ ਤਰਜ ’ਤੇ ਇੰਡੀਅਨ ਚੈੱਸ ਲੀਗ ਸ਼ੁਰੂ ਕਰੇਗਾ ਸ਼ਤਰੰਜ ਮਹਾਸੰਘ

Monday, Feb 15, 2021 - 01:29 AM (IST)

ਆਈ. ਪੀ. ਐੱਲ. ਦੀ ਤਰਜ ’ਤੇ ਇੰਡੀਅਨ ਚੈੱਸ ਲੀਗ ਸ਼ੁਰੂ ਕਰੇਗਾ ਸ਼ਤਰੰਜ ਮਹਾਸੰਘ

ਨਵੀਂ ਦਿੱਲੀ– ਅਖਿਲ ਭਾਰਤੀ ਸ਼ਤਰੰਜ ਮਹਾਸੰਘ (ਏ. ਆਈ. ਸੀ. ਐੱਫ.) ਦੇ ਨਵੇਂ ਚੁਣੇ ਗਏ ਮੁਖੀ ਡਾ. ਸੰਜੇ ਕਪੂਰ ਨੇ ਭਾਰਤ ਨੂੰ ਸ਼ਤਰੰਜ ਦੀ ਸੁਪਰ ਪਾਵਰ ਬਣਾਉਣ ਦੀ ਪ੍ਰਤੀਬੱਧਤਾ ਜ਼ਾਹਿਰ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਏ. ਆਈ. ਸੀ. ਐੱਫ. ਕ੍ਰਿਕਟ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਤਰਜ ’ਤੇ ਇੰਡੀਅਨ ਚੈੱਸ ਲੀਗ ਸ਼ੁਰੂ ਕਰੇਗਾ।
ਡਾ. ਸੰਜੇ ਕਪੂਰ ਨੇ ਇੱਥੇ ਏ. ਆਈ. ਸੀ. ਐੱਫ. ਦੀ ਏ. ਜੀ. ਐੱਮ. ਤੋਂ ਬਾਅਦ ਪੱਤਰਕਾਰ ਸੰਮੇਲਨ ਵਿਚ ਸਕੱਤਰ ਭਰਤ ਚੌਹਾਨ ਦੇ ਨਾਲ ਇਹ ਐਲਾਨ ਕਰਦੇ ਹੋਏ ਕਿਹਾ ਕਿ ਸ਼ਤਰੰਜ ਮਹਾਸੰਘ ਨੇ ਦੇਸ਼ ਵਿਚ ਸ਼ਤਰੰਜ ਨੂੰ ਪ੍ਰਸਿੱਧ ਬਣਾਉਣ ਤੇ ਇਸ ਖੇਡ ਦਾ ਵਿਸਥਾਰ ਕਰਨ ਲਈ ਕਈ ਪ੍ਰਸਤਾਵ ਤਿਆਰ ਕੀਤੇ ਹਨ, ਜਿਨ੍ਹਾਂ ਵਿਚ ਇਸ ’ਤੇ ਏ. ਜੀ. ਐੱਮ. ਵਿਚ ਮੋਹਰ ਲਗਾਈ ਗਈ ਹੈ। ਕਪੂਰ ਨੇ ਕਿਹਾ, ‘‘ਅਸੀਂ 2026 ਵਿਚ ਦੇਸ਼ ਵਿਚ ਸ਼ਤਰੰਜ ਓਲੰਪਿਆਡ ਕਰਵਾਉਣ ਲਈ ਆਪਣੀ ਦਾਅਵੇਦਾਰ ਪੇਸ਼ ਕਰਾਂਗੇ ਤੇ ਇਸ ਤੋਂ ਇਲਾਵਾ ਅਸੀਂ ਆਈ. ਪੀ. ਐੱਲ. ਦੀ ਤਰਜ ’ਤੇ ਇੰਡੀਅਨ ਚੈੱਸ ਲੀਗ ਸ਼ੁਰੂ ਕਰਾਂਗੇ।’’
ਨਵੇਂ ਮੁਖੀ ਨੇ ਕਿਹਾ, ‘‘ਸਾਡਾ ਸਭ ਤੋਂ ਵੱਡਾ ਟੀਚਾ ਇੰਡੀਅਨ ਚੈੱਸ ਲੀਗ ਸ਼ੁਰੂ ਕਰਨਾ ਹੈ, ਜਿਸ ਦਾ ਖਾਕਾ ਤਿਆਰ ਕੀਤਾ ਜਾ ਚੁੱਕਾ ਹੈ। ਇਸ ਲੀਗ ਵਿਚ ਕੌਮਾਂਤਰੀ, ਰਾਸ਼ਟਰੀ ਤੇ ਦੇਸ਼ ਦੇ ਨੌਜਵਾਨ ਖਿਡਾਰੀ ਹਿੱਸਾ ਲੈਣਗੇ ਤੇ ਅਜਿਹੀ ਲੀਗ ਨਾਲ ਦੇਸ਼ 'ਚ ਸ਼ਤਰੰਜ ਦੀ ਪ੍ਰਸਿੱਧੀ ਵਿਚ ਵਾਧਾ ਹੋਵੇਗਾ।’’
ਲੀਗ ਦੇ ਸਫਲ ਹੋਣ ਦੀ ਸੰਭਾਵਨਾ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਮੁਖੀ ਨੇ ਕਿਹਾ,‘‘ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਇਕ ਚੀਜ਼ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਕੋਰੋਨਾ ਕਾਲ ਵਿਚ ਜਦੋਂ ਸਾਰੀਆਂ ਖੇਡਾਂ ਬੰਦ ਹੋ ਗਈਆਂ ਸਨ ਤਦ ਦੇਸ਼ ਵਿਚ ਸ਼ਤਰੰਜ ਬੋਰਡ ਦੀ ਵਿਕਰੀ 500 ਗੁਣਾ ਵਧ ਗਈ ਸੀ। ਅਸੀਂ ਦੇਸ਼ ਵਿਚ ਇਸ ਖੇਡ ਨੂੰ ਨਵੀਆਂ ਉਚਾਈਆਂ ’ਤੇ ਲਿਜਾਣਾ ਚਾਹੁੰਦੇ ਹਾਂ ਤੇ ਅਸੀਂ ਲੀਗ ਦੀ ਸਫਲਤਾ ਨੂੰ ਲੈ ਕੇ ਆਸਵੰਦ ਹਾਂ। ਅਸੀਂ ਜਲਦੀ ਹੀ ਇਸਦਾ ਸਵਰੂਪ ਲੈ ਕੇ ਸਾਹਮਣੇ ਆਵਾਂਗੇ।’’
ਉਨ੍ਹਾਂ ਦੱਸਿਆ ਕਿ ਫ੍ਰੈਂਚਾਈਜ਼ੀ ਅਧਾਰਤ ਇਸ ਲੀਗ ਦਾ ਪਹਿਲਾ ਸੈਸ਼ਨ ਇਸ ਸਾਲ ਸ਼ੁਰੂ ਕੀਤਾ ਜਾਵੇਗਾ। ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਡਾ. ਕਪੂਰ ਨੇ ਕਿਹਾ ਕਿ ਭਾਰਤ 2026 ਵਿਚ ਹੋਣ ਵਾਲੇ ਸ਼ਤਰੰਜ ਓਲੰਪਿਆਡ ਲਈ ਬੋਲੀ ਲਗਾਏਗਾ ਤੇ ਇਸਦੇ ਲਈ ਬੋਲੀ ਤਿਆਰ ਕੀਤੀ ਜਾਵੇਗੀ। ਮੁਖੀ ਨੇ ਕਿਹਾ ਕਿ ਭਾਰਤ ਅਗਲੇ ਸੈਸ਼ਨ ਵਿਚ ਮਹਿਲਾ ਗ੍ਰਾਂ. ਪ੍ਰੀ. ਲਈ ਵੀ ਬੋਲੀ ਲਗਾਏਗਾ।
ਡਾ. ਕਪੂਰ ਨੇ ਨਾਲ ਹੀ ਕਿਹਾ ਕਿ ਸ਼ਤਰੰਜ ਮਹਾਸੰਘ ਕ੍ਰਿਕਟ ਦੀ ਰਾਸ਼ਟਰੀ ਕ੍ਰਿਕਟ ਅਕੈਡਮੀ ਦੀ ਤਰ੍ਹਾਂ ਰਾਸ਼ਟਰੀ ਸ਼ਤਰੰਜ ਅਕੈਡਮੀ ਵੀ ਸ਼ੁਰੂ ਕਰੇਗਾ ਤੇ ਹਰ ਰਾਜ ਇਕਾਈ ਨੂੰ 10 ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ ਤਾਂ ਕਿ ਉਹ ਆਤਮਨਿਰਭਰ ਬਣ ਸਕਣ। ਡਾ. ਕਪੂਰ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਣ ਪ੍ਰੋਗਰਾਮ ਸ਼ਤਰੰਜ ਨੂੰ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਉਣਾ ਹੈ ਤੇ ਅਸੀਂ ਸ਼ਤਰੰਜ ਨੂੰ ਸਕੂਲਾਂ ਵਿਚ ਇਕ ਪਾਠਕ੍ਰਮ ਦੀ ਤਰ੍ਹਾਂ ਪ੍ਰਮੋਟ ਕਰਾਂਗੇ। ਅਸੀਂ ਅਗਲੇ ਤਿੰਨ ਸਾਲਾਂ ਵਿਚ ਦੇਸ਼ ਵਿਚ ਪੰਜ ਲੱਖ ਰਜਿਸਟਰਡ ਖਿਡਾਰੀ ਤਿਆਰ ਕਰਾਂਗੇ। ਮੇਰਾ ਮੋਟੋ ਹੈ ਕਿ ਇੰਡੀਆ ਬੁੱਧੀਮਾਨ ਹੈ ਤੇ ਚੈੱਸ ਵਿਚ ਹੋਰ ਬਲਵਾਨ ਹੈ।’’
ਡਾ. ਕਪੂਰ ਨੇ ਕਿਹਾ, ‘‘ਅਸੀਂ ਦੇਸ਼ ਵਿਚ ਅਜਿਹਾ ਰਜਿਸਟ੍ਰੇਸ਼ਨ ਪ੍ਰੋਗਰਾਮ ਸ਼ੁਰੂ ਕਰਾਂਗੇ ਤਾਂ ਕਿ ਇਕ ਹੀ ਖਿਡਾਰੀ ਖੁਦ ਨੂੰ ਰਜਿਸਟਰਡ ਕਰਵਾ ਸਕੇ। ਅਸੀਂ ਸਕੂਲਾਂ ਵਿਚ ਏ. ਆਈ. ਸੀ. ਐੱਫ. ਸ਼ਤਰੰਜ ਪ੍ਰੋਗਰਾਮ ਸ਼ੁਰੂ ਕਰਾਂਗੇ। ਸਾਡੇ 33 ਰਾਜ ਸੰਘ ਇਕੱਠੇ ਇਸ ਨੂੰ ਲਾਗੂ ਕਰਨਗੇ। ਅਸੀਂ ਚਾਹੁੰਦੇ ਹਾਂ ਕਿ ਭਾਰਤ ਦਾ ਹਰ ਸਕੂਲੀ ਵਿਦਿਆਰਥੀ ਸ਼ਤਰੰਜ ਖੇਡੇ। ਇਹ ਭਵਿੱਖ ਦੀਆਂ ਪੀੜੀਆਂ ਨੂੰ ਬਿਹਤਰ ਬਣਾਉਣ ਵਿਚ ਮਦਦ ਕਰੇਗਾ ਕਿਉਂਕਿ ਇਸ ਖੇਡ ਨਾਲ ਸੁਭਾਵਿਕ ਤੌਰ ’ਤੇ ਜ਼ਿੰਦਗੀ ਜਿਊਣ ਦੀ ਕਲਾ ਸਿੱਖਣ ਨੂੰ ਮਿਲਦੀ ਹੈ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News