ਪੁਜਾਰਾ ਤੇ ਰਹਾਣੇ ਦੇ ਭਵਿੱਖ ''ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤੋੜੀ ਚੁੱਪੀ

Saturday, Jan 15, 2022 - 12:48 PM (IST)

ਪੁਜਾਰਾ ਤੇ ਰਹਾਣੇ ਦੇ ਭਵਿੱਖ ''ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤੋੜੀ ਚੁੱਪੀ

ਕੇਪਟਾਊਨ- ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਚੇਤੇਸ਼ਵਰ ਪੁਜਾਰਾ ਤੇ ਅਜਿੰਕਯ ਰਹਾਣੇ ਦੇ ਭਵਿੱਖ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਹ ਪੂਰੇ ਵਿਸ਼ਵਾਸ ਨਾਲ ਉਨ੍ਹਾਂ ਦਾ ਬਚਾਅ ਨਾ ਕਰ ਸਕੇ ਤੇ ਉਨ੍ਹਾਂ ਨੇ ਇਸ ਸਬੰਧ 'ਚ ਗੇਂਦ ਚੋਣਕਰਤਾਵਾਂ ਦੇ ਪਾਲੇ 'ਚ ਪਾ ਦਿੱਤੀ। ਪੁਜਾਰਾ ਤੇ ਰਹਾਣੇ 6 'ਚੋਂ ਪੰਜ ਪਾਰੀਆਂ 'ਚ ਅਸਫਲ਼ ਰਹੇ ਤੇ ਸਾਰੇ ਸਾਲ 'ਚ ਕੋਈ ਖ਼ਾਸ ਯੋਗਦਾਨ ਨਾ ਦੇ ਸਕੇ। ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਸੀਰੀਜ਼ 'ਚ 1-2 ਨਾਲ ਹਾਰ ਦੇ ਬਾਅਦ ਉਨ੍ਹਾਂ 'ਤੇ ਟੀਮ ਤੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਆ ’ਚ ਹਿਰਾਸਤ ’ਚ ਲਏ ਗਏ ਟੈਨਿਸ ਸਟਾਰ ਨੋਵਾਕ ਜੋਕੋਵਿਚ, ਸਰਕਾਰ ਨੇ ਦੱਸਿਆ ਦੇਸ਼ ਲਈ ਖ਼ਤਰਾ

ਕੋਹਲੀ ਤੋਂ ਮੈਚ ਦੇ ਬਾਅਦ ਪੱਤਰਕਾਰ ਸੰਮੇਲਨ 'ਚ ਜਦੋਂ ਪੁਜਾਰਾ ਤੇ ਰਹਾਣੇ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇੱਥੇ ਇਹ ਗੱਲ ਨਹੀਂ ਕਰ ਸਕਦਾ ਕਿ ਭਵਿੱਖ 'ਚ ਕੀ ਹੋਣ ਜਾ ਰਿਹਾ ਹੈ। ਮੈਂ ਇੱਥੇ ਇਸ 'ਤੇ ਚਰਚਾ ਕਰਨ ਲਈ ਨਹੀਂ ਬੈਠਿਆ ਹਾਂ। ਤੁਹਾਨੂੰ ਇਸ 'ਤੇ ਚੋਣਕਰਤਾਵਾਂ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਮੇਰਾ ਕੰਮ ਨਹੀਂ ਹੈ।

ਇਹ ਵੀ ਪੜ੍ਹੋ : ਕੋਲਕਾਤਾ ਨਾਈਟ ਰਾਈਡਰਜ਼ ਨੇ ਭਰਤ ਅਰੁਣ ਨੂੰ ਬਣਾਇਆ ਗੇਂਦਬਾਜ਼ੀ ਕੋਚ

ਉਨ੍ਹਾਂ ਕਿਹਾ ਕਿ ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ ਉਹੀ ਗੱਲ ਮੈਂ ਮੁੜ ਕਹਾਂਗਾ, ਅਸੀਂ ਚੇਤੇਸ਼ਵਰ ਪੁਜਾਰਾ ਤੇ ਅਜਿੰਕਯ ਰਹਾਣੇ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ ਕਿਉਂਕਿ ਉਹ ਜਿਸ ਤਰ੍ਹਾਂ ਦੇ ਖਿਡਾਰੀ ਹਨ, ਉਨ੍ਹਾਂ ਨੇ ਭਾਰਤ ਲਈ ਟੈਸਟ ਕ੍ਰਿਕਟ 'ਚ ਸਾਲਾਂ ਤੋਂ ਚੰਗਾ ਪ੍ਰਦਰਸ਼ਨ ਕੀਤਾ ਹੈ। ਜੋਹਾਨਸਬਰਗ 'ਚ ਉਨ੍ਹਾਂ ਨੇ ਮਹੱਤਵਪੂਰਨ ਪਾਰੀ ਖੇਡੀ। ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਨੂੰ ਅਸੀਂ ਇਕ ਟੀਮ ਦੇ ਰੂਪ 'ਚ ਮਾਨਤਾ ਦਿੰਦੇ ਹਾਂ। ਕੋਹਲੀ ਨੇ ਕਿਹਾ ਕਿ ਚੋਣਕਰਤਾ ਕੀ ਫੈਸਲਾ ਕਰਦੇ ਹਨ, ਇਸ 'ਤੇ ਮੈਂ ਸਪੱਸ਼ਟ ਤੌਰ 'ਤੇ ਟਿੱਪਣੀ ਨਹੀਂ ਕਰਾਂਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News